ਮਹਿਲ ਕਲਾਂ/ਬਰਨਾਲਾ ਜੂਨ (ਗੁਰਸੇਵਕ ਸਿੰਘ ਸੋਹੀ)-ਦਿਹਾਤੀ ਮਜ਼ਦੂਰਾਂ ਦੀ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾਂ ਦੀ ਅਗਵਾਈ ਹੇਠ ਕੇਂਦਰ ਤੇ ਰਾਜ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਅਤੇ ਲੋਕ ਮਾਰੂ ਨੀਤੀਆਂ ਖਿਲਾਫ ਪਿੰਡ ਸਹੌਰ ਵਿਖੇ ਮਜ਼ਦੂਰਾਂ ਵੱਲੋਂ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ।ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲਮਾਜਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਗਾਤਾਰ ਸੰਵਿਧਾਨ ਨਾਲ ਛੇੜਛਾੜ ਕਰਕੇ ਕਿਰਤ ਕਾਨੂੰਨਾਂ ਨੂੰ ਤੋੜਿਆ ਜਾ ਰਿਹਾ ਹੈ । ਕਿਉਂਕਿ ਮਜ਼ਦੂਰ ਅਤੇ ਹੋਰ ਪਛੜੇ ਵਰਗਾਂ ਦੇ ਹੱਕਾਂ ਲਈ ਡਾਕਟਰ ਭੀਮ ਰਾਓ ਅੰਬੇਡਕਰ ਵੱਲੋਂ ਆਪਣੇ ਸੰਵਿਧਾਨ ਲਾਗੂ ਕਰਵਾ ਕੇ ਮਜ਼ਦੂਰਾਂ ਪਛੜੇ ਵਰਗਾਂ ਅਤੇ ਹੋਰ ਵਰਗਾਂ ਨੂੰ ਦਿਵਾਏ ਹੱਕ ਖੋਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਸ਼ਹੀਦਾਂ ਦੀਆਂ ਕੀਤੀਆਂ ਕੁਰਬਾਨੀਆਂ ਸਦਕਾ 8 ਘੰਟੇ ਕੰਮ ਕਰਨ ਦੇ ਹੱਕਾਂ ਨੂੰ ਖੋਹ ਕੇ ਹੁਣ ਸਰਮਾਏਦਾਰੀ ਅਤੇ ਧਨਾਡ ਲੋਕਾਂ ਪੱਖੀ ਕਾਨੂੰਨ ਬਣਾ ਕੇ 12 ਘੰਟੇ ਕੰਮ ਲੈਣ ਦਾ ਕਾਨੂੰਨ ਬਣਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 73 ਸਾਲ ਬੀਤ ਜਾਣ ਤੇ ਵੀ ਕੇਂਦਰ ਵਿੱਚ ਹੁਣ ਤੱਕ ਬਣੀਆਂ ਕਾਂਗਰਸ ਬੀਜੇਪੀ ਦੀਆਂ ਸਰਕਾਰਾਂ ਨੇ ਮਜ਼ਦੂਰਾਂ ਪਛੜੇ ਵਰਗਾਂ ਤੇ ਹੋਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੀ ਆਰਥਕ ਹਾਲਤ ਨੂੰ ਸੁਧਾਰ ਦੀ ਬਜਾਏ ਉਨ੍ਹਾਂ ਨੂੰ ਹੋਰ ਆਰਥਿਕ ਪੱਖੋਂ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਾਰ ਭਰ ਵਿੱਚ ਕਰੋਨਾ ਵਾਇਰਸ ਦੇ ਮੱਦੇਨਜ਼ਰ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਲੋਕ ਕਰਾਉਣ ਦੇ ਹੁਕਮ ਜਾਰੀ ਕਰਨ ਤੋਂ ਬਾਅਦ ਮਜ਼ਦੂਰਾਂ ਦੇ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਏ ਹਨ। ਜਿਸ ਕਰਕੇ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਪਰਿਵਾਰਾਂ ਦਾ ਪਾਲਣ ਪੋਸ਼ਣ ਅਤੇ ਪੈਸਾ ਵਗੈਰਾ ਨਾ ਹੋਣ ਕਾਰਨ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਆਰਬੀਆਈ ਵੱਲੋਂ ਲਾਕ ਉਡਾਉਣ ਦੇ ਮੱਦੇਨਜ਼ਰ ਸਰਕਾਰੀ ਤੇ ਗ਼ੈਰ ਸਰਕਾਰੀ ਕਰਜ਼ਿਆਂ ਤੇ ਵਿਆਜ ਵਸੂਲਣ ਤੇ 31 ਅਗਸਤ 2020 ਤੱਕ ਰੋਕ ਲਗਾਈ ਗਈ ਹੈ ਪਰ ਕੁਝ ਪ੍ਰਾਈਵੇਟ ਫਰਮਾਂ ਵੱਲੋਂ ਪਿੰਡਾਂ ਅੰਦਰ ਔਰਤਾਂ ਨੂੰ ਲੋਨ ਦੇ ਰੂਪ ਵਿੱਚ ਦਿੱਤੇ ਹੋਏ ਪੈਸਿਆਂ ਦੀਆਂ ਕਿਸਤਾ ਨੂੰ ਫਰਮਾਂ ਦੇ ਕਰਿੰਦਿਆਂ ਵੱਲੋਂ ਵਸੂਲਣ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜੋ ਕਿ ਜਥੇਬੰਦੀ ਕਦੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਪੂਰੀ ਤਰ੍ਹਾਂ ਡੱਟ ਕੇ ਔਰਤਾਂ ਦੇ ਨਾਲ ਖੜ੍ਹੇਗੀ ਉਨ੍ਹਾਂ ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਵੱਲੋਂ 8 ਜੂਨ ਨੂੰ ਸ਼ਬ ਤਹਿਸੀਲ ਮਹਿਲ ਕਲਾਂ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਨਸਲਦਾਰ ਨੂੰ ਮੰਗ ਪੱਤਰ ਦੇਣ ਦੇ ਲਿਖੇ ਗਏ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੁਬਾਈ ਆਗੂ ਮਾਹੀਪਾਲ ਬਠਿੰਡਾ ਵੀ ਵਿਸ਼ੇਸ਼ ਤੌਰ ਤੇ ਪੁੱਜ ਕੇ ਧਰਨੇ ਨੂੰ ਸਬੋਧਨ ਕਰਨਗੇ । ਇਸ ਮੌਕੇ ਕਰਜ਼ਾ ਮੁਕਤੀ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਮਨਦੀਪ ਕੌਰ ਨੂੰ ਪ੍ਰਧਾਨ ਜਸਵਿੰਦਰ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ ਮੀਤ ਪ੍ਰਧਾਨ, ਬਲਬੀਰ ਕੌਰ ਸਕੱਤਰ, ਰਾਜਪੁਰ ਕੌਰ ਮੀਤ ਸਕੱਤਰ ਤੋਂ ਇਲਾਵਾ ਰਾਜਵਿੰਦਰ ਕੌਰ ਨੂੰ ਮੈਂਬਰ ਬਣਾਇਆ ਗਿਆ । ਇਸ ਮੌਕੇ ਮਜ਼ਦੂਰ ਆਗੂ ਬੂਟਾ ਸਿੰਘ ,ਮੰਗੂ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਹਾਜ਼ਰ ਸਨ।