ਲੰਡਨ, ਮਈ 2020 - ਰਾਜਵੀਰ ਸਮਰਾ)- ਬ੍ਰਿਟੇਨ ਦੀ 800 ਸਾਲ ਪੁਰਾਣੀ ਕੈਂਬਰਿਜ ਯੂਨੀਵਰਸਿਟੀ ਨੇ ਇਸ ਗੱਲ ਦੀ ਘੋਸ਼ਣਾ ਕੀਤੀ ਹੈ ਕਿ ਕੋਰੋਨਾ ਵਾਇਰਸ ਕਾਰਨ ਅਗਲੇ ਵਿੱਦਿਅਕ ਸਾਲ ਲਈ ਕਲਾਸਾਂ ਵਿਚ ਪੜ੍ਹਾਈ ਨਹੀਂ ਕਰਵਾਈ ਜਾਵੇਗੀ ਤੇ ਪੜ੍ਹਾਈ ਆਨਲਾਈਨ ਹੀ ਜਾਰੀ ਰਹੇਗੀ। ਮੰਗਲਵਾਰ ਨੂੰ ਇਸ ਫੈਸਲੇ ਦੇ ਬਾਅਦ ਅਕਤੂਬਰ 2020 ਤੋਂ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਵਿਚ ਵਿਦਿਆਰਥੀ ਆਨਲਾਈਨ ਹੀ ਪੜ੍ਹਾਈ ਕਰਨਗੇ। ਇਹ ਸੈਸ਼ਨ 2021 ਦੀਆਂ ਗਰਮੀਆਂ ਤੱਕ ਚੱਲੇਗਾ। ਕੈਂਬਰਿਜ ਅਜਿਹਾ ਕਰਨ ਵਾਲੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਮਦਦ ਲਈ ਵਰਚੁਅਲ ਲੈਕਚਰ ਵੀ ਤਿਆਰ ਕੀਤੇ ਜਾਣਗੇ। ਹੋ ਸਕਦਾ ਹੈ ਕਿ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਛੋਟੇ ਗਰੁੱਪਾਂ ਵਿਚ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਸਕੇ। ਯੂਨੀਵਰਸਿਟੀ ਕੈਂਪਸ ਨੂੰ ਕੋਰੋਨਾ ਵਾਇਰਸ ਕਾਰਨ ਬੰਦ ਕਰ ਦਿੱਤਾ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਕੈਂਬਰਜ ਦੇ ਅਧਿਕਾਰੀ ਸੋਸ਼ਲ ਡਿਸਟੈਂਸਿੰਗ ਨੂੰ ਮੰਨਦੇ ਹੋਏ ਕੁਝ ਕਲਾਸਾਂ ਲਗਾਉਣ ਲਈ ਵਿਚਾਰ ਕਰ ਰਹੇ ਹਨ। ਇਹ ਫੈਸਲਾ ਯੂਨੀਵਰਸਿਟੀ ਲੈ ਚੁੱਕੀ ਹੈ ਕਿ ਫਿਲਹਾਲ ਅਗਲੇ ਵਿੱਦਿਅਕ ਸਾਲ ਤੱਕ ਫੇਸ ਟੂ ਫੇਸ ਲੈਕਚਰ ਨਹੀਂ ਦਿੱਤੇ ਜਾ ਸਕਦੇ। ਤੁਹਾਨੂੰ ਦੱਸ ਦਈਏ ਕਿ ਯੂਨੀਵਰਸਿਟੀ ਨੇ ਮਾਰਚ ਤੋਂ ਸਾਰੀ ਪੜ੍ਹਾਈ ਆਨਲਾਈਨ ਕਰ ਦਿੱਤੀ ਸੀ ਅਤੇ ਪੇਪਰ ਵੀ ਆਨਲਾਈਨ ਹੀ ਲਏ ਜਾਣੇ ਹਨ। ਅਮਰੀਕਾ ਦੀ ਚੌਥੀ ਸਭ ਤੋਂ ਵੱਡੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਨੇ ਵੀ ਕਿਹਾ ਹੈ ਕਿ ਅਗਲੇ ਸੈਸ਼ਨ ਵਿਚ ਐਕਸਕਲੂਜ਼ਵਲੀ ਕਲਾਸਾਂ ਆਨਲਾਈਨ ਮੋਡ ਤੋਂ ਹੀ ਲਈਆਂ ਜਾਣਗੀਆਂ। ਹੋ ਸਕਦਾ ਹੈ ਕਿ ਸਾਇੰਸ ਤੇ ਨਰਸਿੰਗ ਲੈਬ ਦੀ ਜ਼ਰੂਰਤ ਦੇ ਹਿਸਾਬ ਨਾਲ ਬਦਲਾਅ ਕੀਤੇ ਜਾਣ। ਕੈਨੇਡਾ ਦੇ ਮਾਂਟਰੀਅਲ ਦੀ ਮੈਕਿਗਲ ਯੂਨੀਵਰਸਿਟੀ ਨੇ ਵੀ ਕਿਹਾ ਹੈ ਕਿ ਉਹ ਅਗਲੇ ਸੈਸ਼ਨ ਵਿਚ ਵਧੇਰੇ ਕੋਰਸ ਆਨਲਾਈਨ ਹੀ ਕਰੇਗੀ।