ਭਾਰਤ ਚ ਕੋਰੋਨਾ ਦਾ ਕਹਿਰ 24 ਘੰਟੇ ਅੰਦਰ  97 ਮੌਤਾਂ

ਲਾਕਡਾਊਨ ਦੇ ਆਖ਼ਰੀ ਪੜਾਅ 'ਚ ਵੀ ਬੇਕਾਬੂ ਰਹੇਗਾ ਕੋਰੋਨਾ

ਦੇਸ਼ ਦੇ ਕੁਝ ਸੂਬਿਆਂ 'ਚ ਇਨਫੈਕਸ਼ਨ ਦੀ ਸਥਿਤੀ ਬੇਹੱਦ ਖ਼ਰਾਬ

ਦਿੱਲੀ, ਮਈ 2020 -(ਏਜੰਸੀ)-
ਕਰੋਨਾਵਾਇਰਸ ਨਾਲ ਦੇਸ਼ ਵਿਚ ਸੋਮਵਾਰ ਤਕ ਮ੍ਰਿਤਕਾਂ ਦੀ ਗਿਣਤੀ ਵਧ ਕਿ 2206 ਤਕ ਪਹੁੰਚ ਗਈ। ਸਿਹਤ ਮੰਤਰਾਲੇ ਅਨੁਸਾਰ ਵਾਇਰਸ ਪੀੜਤਾਂ ਦੀ ਗਿਣਤੀ ਵਧ ਕਿ 67,152 ਹੋ ਗਈ ਹੈ ਜਦਕਿ ਪਿਛਲੇ 24 ਘੰਟਿਆਂ ਦੌਰਾਨ 97 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੰਤਰਾਲੇ ਨੇ ਦੱਸਿਆ ਕਿ ਵਾਇਰਸ ਪੀੜਤ 44,029 ਵਿਅਕਤੀਆਂ ਦਾ ਇਲਾਜ ਹੋ ਰਿਹਾ ਹੈ ਜਦਕਿ 20,916 ਵਿਅਕਤੀ ਠੀਕ ਹੋ ਚੁੱਕੇ ਹਨ। ਮੰਤਰਾਲੇ ਅਨੁਸਾਰ ਹੁਣ ਤਕ 31.15 ਫੀਸਦੀ ਲੋਕ ਠੀਕ ਹੋ ਚੁੱਕੇ ਹਨ।  

ਕੋਰੋਨਾ ਵਾਇਰਸ ਦੇ ਵਧਦੇ ਇਨਫੈਕਸ਼ਨ ਨੂੰ ਰੋਕਣ ਲਈ ਲਾਗੂ ਕੀਤਾ ਗਿਆ ਤੀਜਾ ਲਾਕਡਾਊਨ ਵੀ ਹੁਣ ਆਪਣੇ ਆਖ਼ਰੀ ਪੜਾਅ 'ਚ ਪੁੱਜ ਗਿਆ ਹੈ ਪਰ ਮਹਾਮਾਰੀ ਦੇ ਪਸਾਰ 'ਤੇ ਰੋਕ ਲੱਗਦੀ ਨਜ਼ਰ ਨਹੀਂ ਆ ਰਹੀ। ਦੇਸ਼ ਦੇ ਕੁਝ ਚੋਣਵੇਂ ਸੂਬਿਆਂ 'ਚ ਇਨਫੈਕਸ਼ਨ ਦੀ ਸਥਿਤੀ ਬੇਹੱਦ ਖ਼ਰਾਬ ਹੁੰਦੀ ਜਾ ਰਹੀ ਹੈ, ਜਿਸ 'ਚ ਮਹਾਰਾਸ਼ਟਰ, ਗੁਜਰਾਤ ਤੇ ਤਾਮਿਲਨਾਡੂ ਮੁੱਖ ਹਨ। ਸੋਮਵਾਰ ਨੂੰ ਇਨ੍ਹਾਂ ਸੂਬਿਆਂ 'ਚ ਸਭ ਤੋਂ ਜ਼ਿਆਦਾ ਮਾਮਲੇ ਮਿਲੇ ਤੇ ਦੇਸ਼ 'ਚ ਨਵੇਂ ਮਾਮਲਿਆਂ ਦੇ ਅੰਕੜਾ ਇਕ ਵਾਰ ਫਿਰ ਤਿੰਨ ਹਜ਼ਾਰ ਨੂੰ ਪਾਰ ਕਰ ਗਿਆ। ਦੇਸ਼ 'ਚ ਹੁਣ ਤਕ 70 ਹਜ਼ਾਰ ਤੋਂ ਜ਼ਿਆਦਾ ਇਨਫੈਕਟਿਡ ਸਾਹਮਣੇ ਆਏ ਤੇ 2,200 ਤੋਂ ਜ਼ਿਆਦਾ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਹੁਣ ਤਕ 22 ਹਜ਼ਾਰ ਤੋਂ ਜ਼ਿਆਦਾ ਲੋਕ ਸਿਹਤਮੰਦ ਵੀ ਹੋਏ ਹਨ। ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ 4,213 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡਾਂ ਦੀ ਗਿਣਤੀ 67,152 ਹੋ ਗਈ ਹੈ। ਇਸ ਦੌਰਾਨ 97 ਲੋਕਾਂ ਦੀ ਮੌਤ ਹੋਈ ਹੈ ਤੇ ਮਰਨ ਵਾਲਿਆਂ ਦੀ ਗਿਣਤੀ 2,206 ਹੋ ਗਈ ਹੈ। ਇਨ੍ਹਾਂ ਅੰਕੜਿਆਂ 'ਚ ਐਤਵਾਰ ਸਵੇਰੇ ਤੋਂ ਸੋਮਵਾਰ ਸਵੇਰੇ ਅੱਠ ਵਜੇ ਤਕ ਦੇ ਮਾਮਲੇ ਸਾਹਮਣੇ ਹਨ। 

ਸੂਬੇ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਮਿਲੇ ਅੰਕੜਿਆਂ ਮੁਤਾਬਕ ਸੋਮਵਾਰ ਨੂੰ 3,293 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡਾਂ ਦਾ ਅੰਕੜਾ 70,480 'ਤੇ ਪੁੱਜ ਗਿਆ ਹੈ। ਇਸ ਮਹਾਮਾਰੀ ਨਾਲ ਦੇਸ਼ 'ਚ ਹੁਣ ਤਕ 2,117 ਲੋਕਾਂ ਦੀ ਮੌਤ ਹੋਈ ਹੈ। ਸੋਮਵਾਰ ਨੂੰ 78 ਲੋਕਾਂ ਦੀ ਜਾਨ ਗਈ, ਜਿਸ 'ਚ ਮਹਾਰਾਸ਼ਟਰ 'ਚ 36, ਗੁਜਰਾਤ 'ਚ 20, ਤਾਮਿਲਨਾਡੂ 'ਚ ਛੇ, ਰਾਜਸਥਾਨ 'ਚ ਦੋ ਤੇ ਪੰਜਾਬ, ਹਰਿਆਣਾ ਤੇ ਜੰਮੂ-ਕਸ਼ਮੀਰ 'ਚ ਇਕ-ਇਕ ਮੌਤ ਸ਼ਾਮਲ ਹੈ।