ਯੂ ਕੇ 'ਚ 1 ਜੂਨ ਤਕ ਰਹੇਗਾ ਲਾਕਡਾਊਨ, ਬੋਰਿਸ ਜੌਨਸਨ ਨੇ ਕੀਤਾ ਐਲਾਨ

 

 

ਲੰਡਨ, ਮਈ 2020 (ਗਿਆਨੀ ਰਾਵਿਦਾਰਪਾਲ ਸਿੰਘ)-

 ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਐਲਾਨ ਕੀਤਾ ਹੈ ਕਿ ਯੂਨਾਈਟਿਡ ਕਿੰਗਡਮ 'ਚ ਲਾਕਡਾਊਨ 1 ਜੂਨ ਤਕ ਰਹੇਗਾ। ਯੂਕੇ ਦੇ ਨਾਲ-ਨਾਲ ਲਗਪਗ ਦੁਨੀਆ ਭਰ 'ਚ ਹਾਲੇ ਹਾਲਾਤ ਸੁਧਰੇ ਨਹੀਂ ਹਨ। ਅਜਿਹੇ ਵਿਚ ਥੋੜ੍ਹੀ ਜਿਹੀ ਵੀ ਲਾਪਰਵਾਹੀ ਵੱਡੀ ਮੁਸੀਬਤ ਦੀ ਵਜ੍ਹਾ ਬਣ ਸਕਦੀ ਹੈ। ਬੋਰਿਸ ਜੌਨਸਨ ਨੇ ਐਤਵਾਰ ਨੂੰ ਕਿਹਾ ਕਿ ਇਸ ਹਫ਼ਤੇ ਲਾਕਡਾਊਨ ਨਹੀਂ ਖੋਲ੍ਹਿਆ ਜਾ ਸਕਦਾ। ਦੇਸ਼ ਦੇ ਨਾਂ ਜਾਰੀ ਸੰਦੇਸ਼ ਵਿਚ ਬੋਰਿਸ ਜੌਨਸਨ ਨੇ ਕਿਹਾ ਕਿ ਕੁਝ ਪ੍ਰਾਇਮਰੀ ਸਕੂਲ ਤੇ ਦੁਕਾਨਾਂ 1 ਜੂਨ ਤੋਂ ਖੁੱਲ੍ਹ ਸਕਣਗੀਆਂ। ਹਾਲਾਂਕਿ, ਇਸ ਦੌਰਾਨ ਸਾਰਿਆਂ ਲਈ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਦੱਸ ਦੇਈਏ ਕਿ ਬੋਰਿਸ ਜੌਨਸਨ ਖ਼ੁਦ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਹਾਲਾਂਕਿ ਹੁਣ ਉਹ ਪੂਰੀ ਤਰ੍ਹਾਂ ਨਾਲ ਠੀਕ ਹਨ।

ਪੀਐੱਮ ਜੌਨਸਨ ਨੇ ਆਪਣੇ ਸੰਬੋਧਨ 'ਚ ਜਨਤਾ ਨੂੰ ਕਿਹਾ ਕਿ ਸਰਕਾਰ ਲਾਕਡਾਊਨ ਤੋਂ ਕਿਸੇ ਵੀ ਤਰ੍ਹਾਂ ਬਾਹਰ ਆਉਣ ਦੀ ਰਣਨੀਤੀ ਬਣਾਉਣ ਦੇ ਦਬਾਅ 'ਚ ਹੈ। ਇਸ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਦੱਸ ਦੇਈਏ ਕਿ ਬ੍ਰਿਟੇਨ 'ਚ ਹੀ ਕੋਰੋਨਾ ਕਾਰਨ 31 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਤੋਂ ਬਾਅਦ ਕੋਰੋਨਾ ਵਾਇਰਸ ਸੰਕ੍ਰਮਣ ਨਾਲ ਮੌਤਾਂ ਦੇ ਮਾਮਲੇ 'ਚ ਬ੍ਰਿਟੇਨ ਦਾ ਹੀ ਨੰਬਰ ਹੈ। ਬੋਰਿਸ ਜੌਨਸਨ ਨੇ ਕਿਹਾ ਕਿ ਫਿਲਹਾਲ ਲਾਕਡਾਊਨ 'ਚ ਜਨਤਾ ਨੇ ਜਿਹੜਾ ਤਿਆਗ ਕੀਤਾ ਹੈ, ਉਸ ਨੂੰ ਬਰਬਾਦ ਕਰ ਦੇਣਾ ਇਕ ਪਾਗਲਪਨ ਹੋਵੇਗਾ। ਇਸ ਲਈ ਲਾਕਡਾਊਨ ਨੂੰ ਕੁਝ ਸਮੇਂ ਲਈ ਵਧਾਉਣਾ ਹੀ ਬਿਹਤਰ ਹੋਵੇਗਾ।