SGPC ਪ੍ਰਧਾਨ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ

ਲੌਂਗੋਵਾਲ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸ੍ਰੀ ਅਮ੍ਰਿੰਤਸਰ ਦੇ ਪ੍ਰਧਾਨ  ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਲੌਂਗੋਵਾਲ ਦੀ ਲੋਹਾਖੇੜਾ ਰੋਡ ਵਿਖੇ ਬਣੇ ਰਾਮ ਬਾਗ ਵਿਖੇ ਗੁਰ ਮਰਿਆਦਾ ਅਤੇ ਕੋਰੋਨਾ ਵਾਇਰਸ ਦੇ ਸਬੰਧੀ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਅਨੁਸਾਰ ਕੀਤਾ ਗਿਆ।

ਅੱਜ ਸੁਵਖਤੇ ਹੀ ਬੀਬੀ ਅਮਰਪਾਲ ਕੌਰ ਦੀ ਮ੍ਰਿਤਕ ਦੇਹ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਰਿਹਾਇਸ਼ ਤੋਂ ਕੇਵਲ ਪਰਿਵਾਰਕ ਮੈਂਬਰਾਂ ਅਤੇ ਕੁੱਝ ਕੁ ਨਜ਼ਦੀਕੀ ਰਿਸਤੇਦਾਰਾਂ ਦੀ ਮੌਜੂਦਗੀ ਵਿਚ ਰਾਮ ਬਾਗ਼ ਸਮਸ਼ਾਨਘਾਟ ਲਈ ਰਵਾਨਾ ਹੋਈ। ਵਾਇਰਸ ਨੂੰ ਲੈ ਕੇ ਘੱਟ ਤੋਂ ਘੱਟ ਵਿਅਕਤੀਆਂ ਨੂੰ ਇਕੱਠਾ ਹੋਣ ਤੋਂ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਜਿਸ ਕਰਕੇ ਭਾਈ ਲੌਂਗੋਵਾਲ ਦੇ ਸ਼ੁਭ ਚਿੰਤਕਾਂ ਅਤੇ ਨਜ਼ਦੀਕੀਆਂ ਵੱਲੋਂ ਰਾਮ ਬਾਗ ਨੂੰ ਜਾਣ ਵਾਲੇ ਰਸਤੇ ਵਿਚ ਸੜਕ ਦੇ ਕਿਨਾਰਿਆਂ 'ਤੇ ਹੀ ਖੜ੍ਹ ਕੇ ਬੀਬੀ ਅਮਰਪਾਲ ਕੌਰ ਦੀ ਮ੍ਰਿਤਕ ਦੇਹ ਦੇ ਦਰਸ਼ਨ ਕੀਤੇ ।

ਰਾਮ ਬਾਗ ਵਿਖੇ ਪਰਿਵਾਰਕ ਮੈਂਬਰਾਂ ਅਤੇ ਕੁੱਝ ਕੁ ਨਜ਼ਦੀਕੀ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਉਨ੍ਹਾਂ ਦੇ ਸਪੁੱਤਰ ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਆਪਣੀ ਮਾਤਾ ਬੀਬੀ ਅਮਰਪਾਲ ਕੌਰ ਦੀ ਚਿਖਾ ਨੂੰ ਅਗਨੀ ਭੇਟ ਕੀਤੀ। ਇਸ ਦੌਰਾਨ ਭਾਈ ਲੌਂਗੋਵਾਲ, ਪੁੱਤਰ ਨਵਇੰਦਰਪ੍ਰੀਤ ਸਿੰਘ, ਪੁੱਤਰੀ ਗੁਰਮਨ ਕੌਰ ਵਿਰਲਾਪ ਕਰਦੇ ਵੇਖੇ ਗਏ। ਇਸ ਮੌਕੇ ਕੋਵਿਡ 19 ਸੰਬੰਧੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਭਾਈ ਲੌਂਗੋਵਾਲ ਦੀ ਰਿਹਾਇਸ਼ ਅਤੇ ਸ਼ਮਸ਼ਾਨਘਾਟ ਵਿਖੇਂ ਸਮਾਜਿਕ ਦੂਰੀ ਅਤੇ ਸੈਨੇਟਾਈਜ਼ ਕੀਤੇ ਜਾਣ ਦੀ ਸਖ਼ਤੀ ਨਾਲ ਪਾਲਣਾ ਕੀਤੀ ਗਈ।

ਅੰਤਿਮ ਸਸਕਾਰ ਵਿਚ ਹਾਜ਼ਰ ਹੋਣ ਲਈ ਪਿੰਗਲਵਾੜਾ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ, ਵਿਨਰਜੀਤ ਸਿੰਘ ਗੋਲਡੀ, ਰਵਿੰਦਰ ਸਿੰਘ ਚੀਮਾ, ਬਲਵਿੰਦਰ ਸਿੰਘ ਕੈਂਬੋਵਾਲ, ਸ਼੍ਰੋਮਣੀ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ, ਬਲਦੇਵ ਸਿੰਘ ਮਾਨ, ਭਾਈ ਦਿਆਲਾ ਸਕੂਲ ਦੇ ਚੇਅਰਮੈਨ ਮਹਿੰਦਰ ਸਿੰਘ ਦੁੱਲਟ, ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।

 

ਦੁਨੀਆ ਭਰ ਤੋਂ ਬਹੁਤ ਸਤਿਕਾਰਤ ਸਖਸਿਤਾ ਨੇ ਅੱਜ ਬੀਬੀ ਅਮਰਪਾਲ ਕੌਰ ਦੀ ਮੌਤ ਤੇ ਗਹਿਰਾ ਦੁਖ ਪ੍ਰਗਟ ਕੀਤਾ

 

ਜਿਨ੍ਹਾਂ ਵਿਚ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵਿਧਾਤੀ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਦੋਵੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਹਾਕਮ ਸਿੰਘ ਜੀ ਹਜੂਰੀ ਰਾਗੀ ਸ਼੍ਰੀ ਕੇਸਗੜ੍ਹ ਸਾਹਿਬ, ਇੰਗਲੈਡ ਤੋਂ ਡਾ ਕੁਲਵੰਤ ਸਿੰਘ ਧਾਲੀਵਾਲ ਬਾਨੀ ਵਰਲਡ ਕੈਂਸਰ ਕੇਅਰ, ਸ ਗੁਰਮੇਲ ਸਿੰਘ ਮੱਲੀ ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਸਾਊਥਹਾਲ, ਗਿਆਨੀ ਅਮਰੀਕ ਸਿੰਘ ਰਾਠੌਰ, ਐਮ ਪੀ ਤਨਮਨਜੀਤ ਸਿੰਘ ਢੇਸੀ, ਗਿਆਨੀ ਰਾਵਿਦਾਰਪਾਲ ਸਿੰਘ, ਸ ਪ੍ਰਭਜੋਤ ਸਿੰਘ ਮਾਨਚੈਸਟਰ ਅਤੇ ਸਮੂਹ ਨੌਰਥ ਵੇਸਟ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਸਾਹਿਬਾਨ ਆਦਿ।