ਜੇਕਰ ਕਿਸੇ ਨੂੰ ਕੋਵਿਡ 19 ਦੇ ਲੱਛਣ ਲੱਗਦੇ ਹਨ ਤਾਂ ਤੁਰੰਤ ਸਰਕਾਰੀ ਸਿਹਤ ਕੇਂਦਰ ਨਾਲ ਰਾਬਤਾ ਕੀਤਾ ਜਾਵੇ-ਡਿਪਟੀ ਕਮਿਸ਼ਨਰ

-ਹੁਣ ਸਨਅਤਕਾਰ ਆਨਲਾਈਨ ਪੋਰਟਲ www.pbindustries.gov.in 'ਤੇ ਅਪਲਾਈ ਕਰ ਸਕਦੇ
-ਸਨਅਤਾਂ ਖੋਲਣ ਨਾਲ ਸੰਬੰਧਤ ਹਰੇਕ ਮੁੱਦੇ 'ਤੇ ਵਿਚਾਰ ਕਰਨ ਲਈ ਲੁਧਿਆਣਾ ਪੁਲਿਸ ਦੇ ਫੇਸਬੁੱਕ ਪੇਜ਼ 'ਤੇ 24 ਅਪ੍ਰੈੱਲ ਸ਼ਾਮ 4 ਵਜੇ ਹੋਵੇਗਾ ਲਾਈਵ ਸੈਸ਼ਨ
ਲੁਧਿਆਣਾ,ਅਪ੍ਰੈੱਲ 2020 -(ਇਕ਼ਬਾਲ ਸਿੰਘ ਰਸੂਲਪੁਰ/ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲਾ ਲੁਧਿਆਣਾ ਦੇ ਸਮੂਹ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਨਾਂ ਨੂੰ ਖੰਘ, ਜੁਕਾਮ, ਬੁਖਾਰ ਜਾਂ ਸਾਹ ਲੈਣ ਵਿੱਚ ਸਮੱਸਿਆ ਪੇਸ਼ ਆ ਰਹੀ ਹੈ ਤਾਂ ਉਹ ਤੁਰੰਤ ਆਪਣੇ ਨੇੜਲੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਆਪਣੀ ਜਾਂਚ ਕਰਵਾ ਸਕਦੇ ਹਨ। ਜਿਨਾਂ ਛੇਤੀ ਇਸ ਬਿਮਾਰੀ ਬਾਰੇ ਪਤਾ ਲੱਗੇਗਾ ਓਨੀ ਛੇਤੀ ਉਸ ਵਿਅਕਤੀ ਨੂੰ ਆਈਸੋਲੇਟ ਕਰਕੇ ਉਸਦਾ ਇਲਾਜ਼ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਇਸਦੇ ਨਾਲ ਹੀ ਉਨਾਂ ਤੋਂ ਇਹ ਬਿਮਾਰੀ ਅੱਗੇ ਫੈਲਣ ਤੋਂ ਰੋਕੀ ਜਾ ਸਕਦੀ ਹੈ। ਜਦੋਂ ਤੱਕ ਲੋਕ ਖੁਦ ਅੱਗੇ ਆ ਕੇ ਨਹੀਂ ਦੱਸਦੇ ਉਦੋਂ ਤੱਕ ਸਿਹਤ ਵਿਭਾਗ ਨੂੰ ਵੀ ਸ਼ੱਕੀ ਮਰੀਜ਼ਾਂ ਦਾ ਪਤਾ ਲਗਾਉਣਾ ਔਖਾ ਹੋ ਜਾਂਦਾ ਹੈ। ਸਿਹਤ ਵਿਭਾਗ ਵੱਲੋਂ ਆਪਣੇ ਪੱਧਰ 'ਤੇ ਵੀ ਲੋਕਾਂ ਦੀ ਸਕਰੀਨਿੰਗ ਜਾਰੀ ਹੈ। ਜ਼ਿਲਾ ਲੁਧਿਆਣਾ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸੈਂਪਲ ਆਦਿ ਲੈਣ ਦੀ ਸਹੂਲਤ ਹੈ। ਜਦਕਿ ਜਾਂਚ ਸਥਾਨਕ ਡੀ. ਐੱਮ. ਸੀ. ਹਸਪਤਾਲ ਵਿਖੇ ਕੀਤੀ ਜਾ ਰਹੀ ਹੈ।
ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਮਿਤੀ 23 ਅਪ੍ਰੈੱਲ ਤੱਕ 1297 ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 1160 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। 19 ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਦਕਿ 1141 ਮਾਮਲੇ ਨੈਗੇਟਿਵ ਪਾਏ ਗਏ ਹਨ। ਹੁਣ ਤੱਕ 5 ਮੌਤਾਂ ਹੋ ਚੁੱਕੀਆਂ ਹਨ ਅਤੇ 5 ਮਰੀਜ਼ ਹੁਣ ਤੱਕ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਹੁਣ ਕੁੱਲ 9 ਮਰੀਜ਼ਾਂ ਦਾ ਇਲਾਜ਼ ਜਾਰੀ ਹੈ, ਜਿਨਾਂ ਵਿੱਚੋਂ 8 ਮਰੀਜ਼ ਜ਼ਿਲਾ ਲੁਧਿਆਣਾ ਨਾਲ ਸੰਬੰਧਤ ਹਨ, ਜਦਕਿ ਇੱਕ ਹੋਰ ਜ਼ਿਲੇ ਨਾਲ ਸੰਬੰਧਤ ਹੈ। ਉਨਾਂ ਕਿਹਾ ਕਿ ਅੱਜ ਵੀ ਇੱਕ 72 ਸਾਲਾਂ ਮਰੀਜ਼ ਵੀ ਹਸਪਤਾਲ ਤੋਂ ਛੁੱਟੀ ਲੈ ਕੇ ਗਏ ਹਨ, ਜਿਨਾਂ ਨੇ ਆਪਣੀ ਦ੍ਰਿੜ ਇੱਛਾ ਨਾਲ ਕੋਵਿਡ 19 ਨੂੰ ਹਰਾਇਆ ਹੈ। ਪੰਜਾਬ ਸਰਕਾਰ ਵੱਲੋਂ ਕਰਫਿਊ/ਲੌਕਡਾਊਨ ਵਿੱਚ ਸਨਅਤਾਂ ਨੂੰ ਰਾਹਤ ਦਿੰਦਿਆਂ ਸ਼ਰਤਾਂ ਸਹਿਤ ਸਨਅਤਾਂ ਚਾਲੂ ਕਰਾਉਣ ਲਈ ਕਿਹਾ ਗਿਆ ਹੈ, ਜਿਸ ਦਾ ਸਨਅਤਕਾਰਾਂ ਨੂੰ ਲਾਭ ਲੈਣਾ ਚਾਹੀਦਾ ਹੈ। ਇਸ ਲਈ ਸਨਅਤਕਾਰ ਸਨਅਤਾਂ ਅਤੇ ਵਣਜ ਵਿਭਾਗ ਦੇ ਆਨਲਾਈਨ ਪੋਰਟਲ www.pbindustries.gov.in 'ਤੇ ਅਪਲਾਈ ਕਰ ਸਕਦੇ ਹਨ। ਉਨ•ਾਂ ਸਪੱਸ਼ਟ ਕੀਤਾ ਕਿ ਜੇਕਰ ਸਨਅਤਾਂ ਦੇ ਚੱਲਣ ਦੌਰਾਨ ਜੇਕਰ ਉਨਾਂ ਦਾ ਕੋਈ ਮਜ਼ਦੂਰ ਜਾਂ ਵਰਕਰ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਇਸ ਦੀ ਬਕਾਇਦਾ ਜਾਂਚ ਹੋਵੇਗੀ, ਜੇਕਰ ਵਾਕਿਆ ਹੀ ਸਨਅਤਕਾਰਾਂ ਵੱਲੋਂ ਮਜ਼ਦੂਰਾਂ ਜਾਂ ਵਰਕਰਾਂ ਨੂੰ ਹਦਾਇਤਾਂ ਤਹਿਤ ਜ਼ਰੂਰੀ ਸਹੂਲਤਾਂ ਨਹੀਂ ਮੁਹੱਈਆ ਕਰਵਾਈਆਂ ਜਾ ਰਹੀਆਂ ਹੋਣਗੀਆਂ ਤਾਂ ਕਾਰਵਾਈ ਸਨਅਤਕਾਰ ਖ਼ਿਲਾਫ਼ ਹੋਵੇਗੀ, ਜੇਕਰ ਸਨਅਤਕਾਰ ਵੱਲੋਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਉਨਾਂ ਖ਼ਿਲਾਫ਼ ਕਾਰਵਾਈ ਨਹੀਂ ਹੋਵੇਗੀ। ਉਨਾਂ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ। ਅਗਰਵਾਲ ਨੇ ਦੱਸਿਆ ਕਿ ਸਨਅਤਾਂ ਖੋਲ•ਣ ਨਾਲ ਸੰਬੰਧਤ ਹਰ ਤਰਾਂ ਦੇ ਮੁੱਦੇ 'ਤੇ ਵਿਚਾਰ ਕਰਨ ਅਤੇ ਸੁਝਾਅ ਲੈਣ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਲੁਧਿਆਣਾ ਪੁਲਿਸ ਦੇ ਫੇਸਬੁੱਕ ਪੇਜ਼ 'ਤੇ ਮਿਤੀ 24 ਅਪ੍ਰੈੱਲ ਸ਼ਾਮ 4 ਵਜੇ ਲਾਈਵ ਸੈਸ਼ਨ ਆਯੋਜਿਤ ਕੀਤਾ ਜਾਵੇਗਾ। ਇਸ ਸੈਸ਼ਨ ਵਿੱਚ ਸਨਅਤ ਵਿਭਾਗ, ਕਿਰਤ ਵਿਭਾਗ, ਈ. ਪੀ. ਐੱਫ਼. ਅਤੇ ਈ. ਐੱਸ. ਆਈ. ਸੀ. ਦੇ ਮਾਹਿਰ ਭਾਗ ਲੈਣਗੇ। ਲੋਕ ਆਪਣੇ ਸਵਾਲ ਪੋਸਟ ਕਰ ਸਕਣਗੇ, ਜਿਨਾਂ ਦੇ ਮੌਕੇ 'ਤੇ ਜਵਾਬ ਦਿੱਤੇ ਜਾਣਗੇ। ਅਗਰਵਾਲ ਨੇ ਦੱਸਿਆ ਕਿ ਹੁਣ ਭਾਰਤ ਸਰਕਾਰ ਵੱਲੋਂ ਇੱਕ ਆਰਡੀਨੈਂਸ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਹੁਣ ਕੋਈ ਵਿਅਕਤੀ ਸਿਹਤ ਵਿਭਾਗ ਦੇ ਡਾਕਟਰ ਜਾਂ ਹੋਰ ਅਮਲੇ ਖ਼ਿਲਾਫ਼ ਅਗਰ ਕਿਸੇ ਵੀ ਤਰਾਂ ਦੀ ਜ਼ੋਰ ਜ਼ਬਰਦਸਤੀ ਜਾਂ ਹਮਲਾ ਆਦਿ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।