ਕਰਫਿਊ/ਲੌਕਡਾਊਨ ਦੇ ਚੱਲਦਿਆਂ ਪੰਚਾਇਤਾਂ ਹੋਈਆਂ ਜਾਗਰੂਕ

ਲੋਕ ਆਪਣੇ ਆਪ ਨੂੰ ਘਰਾਂ ਦੇ ਅੰਦਰ ਰੱਖਣ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ-ਪਿੰਡ ਵਾਸੀ
ਪਿੰਡ ਬੱਦੋਵਾਲ/ਲੁਧਿਆਣਾ, ਅਪ੍ਰੈਲ 2020 (ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)
24 ਅਪ੍ਰੈੱਲ ਅੱਜ ਪੂਰੇ ਦੇਸ਼ ਵਿੱਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮਨਾਇਆ ਜਾ ਰਿਹਾ ਹੈ। ਆਮ ਤੌਰ 'ਤੇ ਅੱਜ ਦੇ ਦਿਨ ਵੱਖ-ਵੱਖ ਗਰਾਮ ਪੰਚਾਇਤਾਂ ਨੂੰ ਉਨਾਂ ਦੇ ਅਧਿਕਾਰਾਂ, ਕੰਮਾਂ ਅਤੇ ਹੋਰ ਜਿੰਮੇਵਾਰੀਆਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਪਰ ਵਿਸ਼ਵ ਭਰ ਵਿੱਚ ਫੈਲੀ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਦੇ ਚੱਲਦਿਆਂ ਪੰਜਾਬ ਦੀਆਂ ਪੰਚਾਇਤਾਂ ਏਨੀਂਆਂ ਸੁਚੇਤ ਹੋ ਗਈਆਂ ਹਨ ਕਿ ਹੁਣ ਚੁਣੇ ਹੋਏ ਨੁਮਾਇੰਦੇ ਆਪਣੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਦੇ ਪ੍ਰਕੋਪ ਤੋਂ ਬਚਣ ਬਾਰੇ ਖੁਦ ਜਾਗਰੂਕ ਕਰਦੇ ਨਜ਼ਰ ਆ ਰਹੇ ਹਨ। ਇਸ ਤਰਾਂ ਉਹ ਆਪਣੇ ਜਿੰਮੇਵਾਰ ਹੋਣ ਦਾ ਸਬੂਤ ਦੇ ਰਹੇ ਹਨ, ਜੋ ਕਿ ਅੱਜ ਦੇ ਦਿਨ 'ਤੇ ਇੱਕ ਚੰਗਾ ਸੰਕੇਤ ਹੈ। ਜ਼ਿਲਾ ਲੁਧਿਆਣਾ ਦੇ ਤਕਰੀਬਨ 60 ਫੀਸਦੀ ਪਿੰਡਾਂ ਵਿੱਚ ਇਹ ਜਾਗਰੂਕਤਾ ਸਰਗਰਮੀਆਂ ਦੇਖੀਆਂ ਜਾ ਸਕਦੀਆਂ ਹਨ। ਵੱਖ-ਵੱਖ ਪਿੰਡਾਂ ਵਿੱਚ ਕਰਫਿਊ/ਲੌਕਡਾਊਨ ਦੀ ਲੋਕਾਂ ਵੱਲੋਂ ਆਪਣੇ ਪੱਧਰ 'ਤੇ ਕੀਤੀ ਜਾ ਰਹੀ ਨਿਗਰਾਨੀ ਦਾ ਮੌਕਾ ਦੇਖਿਆ ਗਿਆ ਤਾਂ ਲੋਕਾਂ ਵਿੱਚ ਇਸ ਬਿਮਾਰੀ ਪ੍ਰਤੀ ਕਾਫੀ ਚੇਤੰਨਤਾ ਦੇਖਣ ਨੂੰ ਮਿਲੀ। ਇਸ ਸੰਬੰਧੀ ਪਿੰਡ ਬੱਦੋਵਾਲ ਵਿਖੇ ਪੰਚਾਇਤ ਦੀ ਅਗਵਾਈ ਵਿੱਚ ਪਿੰਡ ਦੇ ਨੌਜਵਾਨਾਂ ਵੱਲੋਂ ਲਗਾਏ ਨਾਕੇ 'ਤੇ ਗੱਲਬਾਤ ਕਰਨ 'ਤੇ ਪਤਾ ਲੱਗਾ ਤਾਂ ਜਦੋਂ ਤੋਂ ਪੰਜਾਬ ਸਰਕਾਰ ਨੇ ਸੂਬੇ ਵਿੱਚ ਕਰਫਿਊ/ਲੌਕਡਾਊਨ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਇਹ ਨੌਜਵਾਨ ਪਿੰਡਾਂ ਵਿੱਚ ਨਾਕੇ ਲਗਾ ਕੇ ਆਪਣੇ ਪਿੰਡਾਂ ਵਿੱਚ ਓਪਰੇ ਵਿਅਕਤੀਆਂ ਦੇ ਆਉਣ ਤੋਂ ਰੋਕ ਰਹੇ ਹਨ। ਜਿਸ ਦਾ ਪਿੰਡਾਂ ਦੇ ਵਾਸੀਆਂ ਵੱਲੋਂ ਵੀ ਪੂਰਨ ਸਹਿਯੋਗ ਕੀਤਾ ਜਾ ਰਿਹਾ ਹੈ। ਲੋਕ ਸਿਆਣੇ ਹੋ ਗਏ ਹਨ, ਇਸੇ ਕਰਕੇ ਹੀ ਉਹ ਸਹਿਯੋਗ ਕਰਦੇ ਹਨ। ਨਾਕੇ 'ਤੇ ਰੁਕਣ ਵਾਲੇ ਰਾਹਗੀਰਾਂ ਨੂੰ ਉਹ ਹੈਂਡ ਸੈਨੀਟਾਈਜ਼ਰ ਆਦਿ ਵੀ ਮੁਹੱਈਆ ਕਰਵਾਉਂਦੇ ਹਨ। ਇਸ ਸੰਬੰਧੀ ਪਿੰਡ ਦੇ ਹੀ ਪੰਚ, ਜੋ ਕਿ ਇਸ ਸਮੇਂ ਨਾਕਾ ਪਾਰਟੀ ਦੀ ਅਗਵਾਈ ਕਰ ਰਹੇ ਸਨ, ਨੇ ਦੱਸਿਆ ਕਿ ਪਿੰਡ ਦੇ ਲੋਕ ਪੰਚਾਇਤਾਂ ਪਿੰਡ ਦੀ ਬਿਹਤਰੀ ਅਤੇ ਵਿਕਾਸ ਲਈ ਚੁਣਦੇ ਹਨ। ਇਸ ਲਈ ਪੰਚਾਇਤ ਦਾ ਇਹ ਫਰਜ ਹੈ ਕਿ ਉਹ ਅਜਿਹੇ ਮੌਕੇ 'ਤੇ ਲੋਕਾਂ ਦੀ ਅਗਵਾਈ ਕਰੇ। ਇਸੇ ਕਰਕੇ ਹੀ ਪੰਚਾਇਤ ਦੀ ਅਗਵਾਈ ਵਿੱਚ ਇਹ ਨਾਕਾ ਲਗਾਇਆ ਗਿਆ ਹੈ। ਉਨਾਂ ਦੱਸਿਆ ਕਿ ਉਹ ਰੋਜ਼ਾਨਾ ਸਵੇਰ ਤੋਂ ਦੇਰ ਸ਼ਾਮ ਤੱਕ ਇਹ ਨਾਕਾ ਲਗਾ ਕੇ ਰੱਖਦੇ ਹਨ। ਜੋ ਵੀ ਵਿਅਕਤੀ ਪਿੰਡ ਵਿੱਚ ਆਉਂਦਾ ਹੈ ਤਾਂ ਉਸ ਤੋਂ ਪੂਰੀ ਤਰਾਂ ਪੁੱਛਗਿੱਛ ਕਰਕੇ ਹੀ ਅੱਗੇ ਜਾਣ ਦਿੱਤਾ ਜਾਂਦਾ ਹੈ। ਜੋ ਵੀ ਵਾਹਨ ਇਥੋਂ ਗੁਜਰਦਾ ਹੈ ਉਸਦਾ ਨੰਬਰ ਅਤੇ ਵੇਰਵਾ ਨੋਟ ਕਰਦੇ ਹਾਂ। ਕਿਸੇ ਵੀ ਵਿਅਕਤੀ ਨੂੰ ਪਿੰਡ ਦੇ ਅੰਦਰ ਦੀ ਜਾਣ ਦੀ ਇਜਾਜ਼ਤ ਨਹੀਂ ਸਗੋਂ ਫਿਰਨੀ ਰਸਤੇ ਹੀ ਅਗਲੇ ਪਿੰਡ ਵਿੱਚ ਜਾਇਆ ਜਾ ਸਕਦਾ ਹੈ। ਪਿੰਡ ਦੇ ਲੋਕ ਸ਼ਿਫ਼ਟ ਵਾਰ ਆਪਣੀ ਡਿਊਟੀ ਨਾਕੇ 'ਤੇ ਦਿੰਦੇ ਹਨ। ਉਨਾਂ ਦੱਸਿਆ ਕਿ ਉਹ ਇਸ ਕਰਫਿਊ/ਲੌਕਡਾਊਨ ਦੀ ਸਥਿਤੀ ਵਿੱਚ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰ-ਘਰ ਤੱਕ ਪਹੁੰਚਾਈ ਜਾ ਰਹੀ ਹਰ ਸਹੂਲਤ ਲਈ ਧੰਨਵਾਦ ਕਰਦੇ ਹਨ। ਉਨਾਂ ਕਿਹਾ ਕਿ ਇਸ ਸਥਿਤੀ ਵਿੱਚ ਲੋਕਾਂ ਨੂੰ ਕਣਕ ਦੀ ਵਾਢੀ ਅਤੇ ਖੇਤੀ ਮਸ਼ੀਨਰੀ ਲਈ ਵਰਕਸ਼ਾਪਾਂ ਖੋਲਣ ਦੀ ਇਜ਼ਾਜਤ ਦੇਣ ਦਾ ਵੀ ਉਹ ਸਵਾਗਤ ਕਰਦੇ ਹਨ। ਉਨਾਂ ਹੋਰਾਂ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਪਿੰਡਾਂ ਅਤੇ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਆਪਣੇ ਪਿੰਡਾਂ ਨੂੰ ਸੈਲਫ਼ ਲੌਕਡਾਊਨ ਕਰਨ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਦਾ ਨਿਰਦੇਸ਼ ਰਹੇਗਾ ਉਹ ਇਸ ਨਾਕੇ ਨੂੰ ਲਗਾ ਕੇ ਰੱਖਣਗੇ।