ਪੰਜਾਬ ਅੰਦਰ ਕੋਰੋਨਾ ਵਾਇਰਸ ਨਾਲ ਹੋਈ 17ਵੀਂ ਮੌਤ

ਵੱਡੀ ਰਾਹਤ 62 ਮਰੀਜ਼ਾਂ ਦੇ ਠੀਕ ਹੋਣ ਨਾਲ 9 ਜ਼ਿਲ੍ਹੇ ਹੋਏ ਕੋਰੋਨਾ ਮੁਕਤ

ਚੰਡੀਗੜ੍ਹ, ਅਪ੍ਰੈਲ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਘਟਦਾ ਵਿਖਾਈ ਨਹੀਂ ਦੇ ਰਿਹਾ। ਅੱਜ ਸੂਬੇ 'ਚ 17ਵੀਂ ਮੌਤ ਹੋਈ ਹੈ ਅਤੇ ਪਿਛਲੇ 24 ਘੰਟਿਆਂ 'ਚ 27 ਨਵੇਂ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।  ਜਲੰਧਰ ਜ਼ਿਲ੍ਹੇ 'ਚ 6 ਹੋਰ ਨਵੇਂ ਅਤੇ ਮੋਹਾਲੀ ਜਿਲ੍ਹਾ 'ਚ ਵੀ ਇਕ ਹੋਰ ਨਵਾਂ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਪਟਿਆਲਾ ਪਿਛਲੇ 24 ਘੰਟੇ ਦੌਰਾਨ 18 ਅਤੇ ਅਮ੍ਰਿਤਸਰ 'ਚ 2 ਨਵੇਂ ਮਾਮਲੇ ਸਾਹਮਦੇ ਆਏ ਸਨ।

 ਪੰਜਾਬ 'ਚ ਕੋਰੋਨਾ ਨਾਲ 17ਵੀਂ ਮੌਤ ਹੋ ਗਈ। ਫ਼ਗਵਾੜਾ ਨਾਲ ਸਬੰਧਤ 6 ਮਹੀਨੇ ਦੀ ਛੋਟੀ ਬੱਚੀ ਨੇ ਵੈਂਟੀਲੇਟਰ 'ਤੇ ਮੌਤ ਨਾਲ ਲੜਾਈ ਲੜਦਿਆਂ ਦਮ ਤੋੜਿਆ। ਇਸ ਬੱਚੀ ਨੂੰ ਦਿਲ 'ਚ ਛੇਕ ਹੋਣ ਕਾਰਨ ਤਕਲੀਫ਼ ਦੇ ਚਲਦੇ ਪੀ.ਜੀ.ਆਈ. ਦਾਖ਼ਲ ਕੀਤਾ ਗਿਆ ਸੀ ਜਿਸ ਦੀ ਰੀਪੋਰਟ ਬੀਤੇ ਦਿਨੀਂ ਕੋਰੋਨਾ ਪਾਜ਼ੇਟਿਵ ਆਈ ਸੀ।

ਇਸ ਸਮੇ ਪੰਜਾਬ 'ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 284 ਤਕ ਪਹੁੰਚ ਗਈ ਹੈ। ਪਾਜ਼ੇਟਿਵ ਮਾਮਲਿਆਂ 'ਚ ਰਾਹਤ ਦੀ ਵੀ ਖ਼ਬਰ ਹੈ ਕਿ 66 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਹੁਣ ਕੁਲ 9 ਜ਼ਿਲ੍ਹੇ ਕੋਰੋਨਾ ਮੁਕਤ ਹੋ ਚੁੱਕੇ ਹਨ। 1041 ਸ਼ੱਕੀ ਕੇਸਾਂ ਦੀ ਰੀਪੋਰਟ ਹਾਲੇ ਆਉਣੀ ਹੈ। ਸ਼ੱਕੀ ਕੇਸਾਂ ਦੀ ਗਿਣਤੀ ਵੀ ਕਾਫ਼ੀ ਵੱਧ ਰਹੀ ਹੈ। ਜ਼ਿਲ੍ਹਾ ਮੋਹਾਲੀ ਦੇ ਨਵਾਂਗਾਉਂ 'ਚ 1 ਹੋਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੁੱਲ ਪਾਜ਼ੇਟਿਵ ਕੇਸ ਇਸ ਜ਼ਿਲ੍ਹੇ 'ਚ 63 ਹੋ ਗਏ ਹਨ। ਇਸ ਤੋਂ ਬਾਅਦ ਜਲੰਧਰ 'ਚ ਗਿਣਤੀ 59 ਅਤੇ ਪਟਿਆਲਾ 'ਚ 49 ਹੈ।

ਇਹਮ ਖਬਰ ਕੇ ਅਮਰਜੀਤ ਸਿੰਘ ਨੇ ਕੋਰੋਨਾ ਵਿਰੁਧ ਜੰਗ ਜਿੱਤ ਲਈ ਹੈ

 ਸੰਗਰੂਰ ਵਾਸੀਆਂ ਲਈ ਇਕ ਵੱਡੀ ਰਾਹਤ ਵਾਲੀ ਖ਼ਬਰ ਹੈ, ਕੋਰੋਨਾ ਵਾਇਰਸ ਦੇ ਪਾਜ਼ੇਟਿਵ ਪਾਏ ਗਏ ਪਹਿਲੇ ਮਰੀਜ਼ ਅਮਰਜੀਤ ਸਿੰਘ ਨੇ ਕੋਰੋਨਾ ਵਾਇਰਸ ਵਿਰੁਧ ਜੰਗ ਨੂੰ ਜਿੱਤ ਲਿਆ ਹੈ। ਸ੍ਰੀ ਅਮਰਜੀਤ ਸਿੰਘ ਨੂੰ ਅੱਜ ਸਿਵਲ ਹਸਪਤਾਲ ਤੋਂ ਸਿਵਲ ਸਰਜਨ ਡਾ. ਰਾਜ ਕੁਮਾਰ, ਐਸ.ਐਮ.ਓ ਡਾ. ਕਿਰਪਾਲ ਸਿੰਘ ਸਮੇਤ ਸਿਹਤ ਵਿਭਾਗ ਦੀ ਹੋਰ ਟੀਮ ਵਲੋਂ ਗੁਲਦਸਤਾ ਤੇ ਮਿਠਾਈ ਦਾ ਡੱਬਾ ਭੇਟ ਕਰ ਕੇ ਭਵਿੱਖ ਲਈ ਸ਼ੁਭਕਾਮਨਾ ਭੇਂਟ ਕਰਦਿਆਂ ਘਰ ਲਈ ਰਵਾਨਾ ਕੀਤਾ ਗਿਆ। ਸਿਵਲ ਹਸਪਤਾਲ ਦੇ ਸਪੈਸ਼ਲ ਵਾਰਡ ਵਿਖੇ ਬੀਤੀ 9 ਅਪ੍ਰੈਲ ਤੋਂ ਇਲਾਜ ਕਰਵਾ ਰਹੇ ਅਮਰਜੀਤ ਸਿੰਘ ਵੀ ਜਾਣ ਮੌਕੇ ਖ਼ੁਸ਼ ਨਜ਼ਰ ਆਏ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਵਿਰੁਧ ਚੱਲ ਰਹੀ ਜਾਗਰੂਕਤਾ ਮੁਹਿੰਮ ਤੋਂ ਸਾਰੇ ਨਾਗਰਿਕਾਂ ਨੂੰ ਸੇਧ ਲੈਣ ਦਾ ਸੱਦਾ ਦਿੰਦਿਆਂ ਅਮਰਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਇਕ ਨਾਮੁਰਾਦ ਬੀਮਾਰੀ ਹੈ ਜਿਸ ਤੋਂ ਬਚਾਉ ਦੇ ਤਰੀਕਿਆਂ ਨੂੰ ਵਿਅਕਤੀਗਤ ਪੱਧਰ 'ਤੇ ਅਮਲ ਵਿਚ ਲਿਆਂਦੇ ਜਾਣ ਦੀ ਲੋੜ ਹੈ। ਕੋਵਿਡ-19 ਆਈਸੋਲੇਸ਼ਨ ਵਾਰਡ ਵਿਚੋਂ ਬਾਹਰ ਆਉਂਦਿਆਂ ਅਮਰਜੀਤ ਸਿੰਘ ਨੇ ਕਿਹਾ ਕਿ ਉਸ ਦੀ ਹਸਪਤਾਲ ਵਿੱਚ ਬਿਹਤਰੀਨ ਸਾਂਭ-ਸੰਭਾਲ ਹੋਈ ਅਤੇ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਜਿਸ ਲਈ ਉਹ ਸਰਕਾਰ ਤੇ ਪ੍ਰਸ਼ਾਸਨ ਦੇ ਤਹਿ ਦਿਲੋਂ ਧਨਵਾਦੀ ਹਨ। ਜ਼ਿਕਰਯੋਗ ਹੈ ਕਿ 60 ਸਾਲਾਂ ਦੇ ਅਮਰਜੀਤ ਸਿੰਘ ਪਿੰਡ ਗੱਗੜਪੁਰ ਦੇ ਵਸਨੀਕ ਹਨ ਅਤੇ ਇਹ ਦਿੱਲੀ ਤੋਂ ਸਾਹਨੇਵਾਲ ਤੱਕ ਆਈ ਇੱਕ ਕੋਵਿਡ ਪਾਜ਼ੀਟਿਵ ਪਾਈ ਗਈ ਸਵਾਰੀ ਦੇ ਨਾਲ ਬੈਠੇ ਸਨ, ਇਨ੍ਹਾਂ ਦੇ ਨੇੜਲੇ ਪਰਿਵਾਰਕ ਮੈਂਬਰਾਂ ਦੇ ਟੈਸਟ ਪਹਿਲਾਂ ਹੀ ਨੈਗੇਟਿਵ ਆ ਚੁੱਕੇ ਹਨ।

ਧਿਆਨ ਹਿੱਤ ; ਪੰਚ ਤੇ ਪੁੱਤਰ ਕੋਰੋਨਾ ਪਾਜ਼ੇਟਿਵ ਨਿਕਲੇ

 ਬਨੂੜ ਨਜ਼ਦੀਕ ਪਿੰਡ ਝਾਂਸਲਾ ਦੀ ਮੈਬਰ ਪੰਚਾਇਤ ਸਵੀਤਾ ਰਾਣੀ 35 ਸਾਲ ਤੇ ਉਸ ਦਾ 7 ਵਰ੍ਹਿਆਂ ਦਾ ਪੁੱਤਰ ਤਾਰਿਕ ਕੋਰੋਨਾ ਪਾਜ਼ੇਟਿਵ ਪਾਏ ਜਾਣ 'ਤੇ ਪ੍ਰਸ਼ਾਸਨ ਵਿਚ ਸਨਸਨੀ ਫੈਲ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਅੱਧੀ ਰਾਤ ਹੀ ਪਿੰਡ ਸੀਲ ਕਰ ਦਿਤਾ। ਸਵੀਤਾ ਰਾਣੀ ਰਾਜਪੁਰਾ ਸ਼ਹਿਰ ਦੇ ਕੋਰੋਨਾ ਪਾਜ਼ੇਟਿਵ ਪਾਏ ਗਏ ਕਿਚੂ ਦੀ ਭੈਣ ਹੈ। ਜੋ ਪਿਛਲੇ ਹਫ਼ਤੇ ਤਿੰਨ ਦਿਨ ਅਪਣੇ ਪੇਕੇ ਘਰ ਰਾਜਪੁਰਾ ਵਿਖੇ ਰਹਿ ਕੇ ਲੰਘੇ ਐਤਵਾਰ ਨੂੰ ਸਹੁਰੇ ਪਿੰਡ ਝਾਂਸਲਾ ਆਈ ਸੀ।

 ਪਿੰਡ ਦੇ ਸਰਪੰਚ ਰਾਜ ਕੁਮਾਰ ਨੇ ਦਸਿਆ ਕਿ ਰਾਜਪੁਰਾ ਵਿਖੇ ਸਵੀਤਾ ਦਾ ਭਰਾ ਕੋਰੋਨਾ ਪਾਜ਼ੇਟਿਵ ਪਾਏ ਜਾਣ ਉਤੇ ਪਿੰਡ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ। ਜਿਸ ਕਾਰਨ ਉਨ੍ਹਾਂ ਸਵੀਤਾ ਬਾਰੇ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਗਿਆ ਤੇ ਸਿਹਤ ਵਿਭਾਗ ਵਲੋਂ 21 ਅਪ੍ਰੈਲ ਨੂੰ ਸਵੀਤਾ, ਉਸ ਦੇ ਪਤੀ ਸੰਜੀਵ ਕੁਮਾਰ ਪੁੱਤਰ ਕ੍ਰਿਸ਼ਨ ਤੇ ਤਾਰਿਕ ਦੇ ਖੂਨ ਦੇ ਸੈਂਪਲ ਲਏ ਗਏ ਸਨ।

ਜਿਨ੍ਹਾਂ ਦੀ ਕਲ ਦੇਰ ਰਾਤ ਰੀਪੋਰਟ ਆਈ। ਜਿਸ ਵਿਚ ਦੋਹਾਂ ਦੀ ਰੀਪੋਰਟ ਪਾਜ਼ੇਟਿਵ ਤੇ ਦੋਵਾਂ ਦੀ ਨੇਗੈਟਿਵ ਆਈ ਸੀ। ਪਿੰਡ ਵਾਸੀਆਂ ਨੂੰ ਵੀ ਉਦੋਂ ਪਤਾ ਲੱਗਾ ਜਦੋਂ ਲੰਘੀ ਰਾਤ ਕਰੀਬ 11 ਵਜੇ ਪਿੰਡ ਨੂੰ ਬਨੂੜ ਪੁਲਿਸ ਨੇ ਸੀਲ ਕਰ ਦਿਤਾ। ਥਾਣਾ ਮੁਖੀ ਸੁਭਾਸ਼ ਕੁਮਾਰ ਨੇ ਲੋਕਾਂ ਨੂੰ ਆਪੋ-ਅਪਣੇ ਘਰਾਂ ਵਿਚ ਰਹਿਣ ਦੀ ਹਦਾਇਤ ਕੀਤੀ। ਸਰਪੰਚ ਰਾਜ ਕੁਮਾਰ ਨੇ ਦਸਿਆ ਕਿ ਕੋਰੋਨਾ ਪਾਜ਼ੇਟਿਵ ਪਾਈ ਗਈ ਪੰਚ ਸਵੀਤਾ ਰਾਣੀ ਤੇ ਉਸ ਦੇ ਪੁੱਤਰ ਤਾਰਿਕ ਨੂੰ ਦੇਰ ਰਾਤ ਪਿੰਡ ਪੁੱਜੀ ਸਿਹਤ ਵਿਭਾਗ ਦੀ ਟੀਮ ਨੇ ਰਾਜਿੰਦਰ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਕਰਵਾ ਦਿਤਾ ਹੈ।

ਜਦਕਿ ਉਸ ਦੇ ਪਤੀ ਸੰਜੀਵ ਕੁਮਾਰ ਤੇ ਪੁੱਤਰ ਕ੍ਰਿਸ਼ਨ ਕੁਮਾਰ ਨੂੰ ਘਰ ਵਿਚ ਆਈਸੋਲੇਟ ਕੀਤਾ ਗਿਆ ਹੈ। ਸਰਪੰਚ ਨੇ ਦਸਿਆ ਕਿ ਪ੍ਰਸ਼ਾਸਨ ਦੀ ਹਦਾਇਤ 'ਤੇ ਪਰਵਾਰ ਦੇ ਸੰਪਰਕ ਵਿਚ ਆਉਣ ਵਾਲੇ ਪਿੰਡ ਦੇ ਕਰੀਬ 140 ਜਣਿਆਂ ਦੀ ਲਿਸਟ ਸਿਹਤ ਵਿਭਾਗ ਨੂੰ ਸੌਂਪ ਦਿਤੀ ਹੈ। ਜਿਨ੍ਹਾਂ ਵਿਚੋਂ ਅੱਜ 9 ਬੱਚਿਆਂ ਸਮੇਤ 12 ਜਣਿਆਂ ਦੇ ਖੂਨ ਦੇ ਨਮੂਨੇ ਲਏ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਅਗਲੇ ਦਿਨਾਂ ਵਿਚ ਹੋਰਨਾਂ ਦੇ ਵੀ ਸੈਂਪਲ ਲਏ ਜਾਣਗੇ। ਪੁਲਿਸ ਨੇ ਚੁਫ਼ੇਰਿਉਂ ਪਿੰਡ ਨੂੰ ਸੀਲ ਕੀਤਾ ਹੋਇਆ ਹੈ ਤੇ ਏਐਸਆਈ ਗੁਰਨਾਮ ਸਿੰਘ, ਬਲਕਾਰ ਸਿੰਘ, ਪਰਮਜੀਤ ਸਿੰਘ ਦੀ ਅਗਵਾਈ ਹੇਠ ਮਰਦ ਤੇ ਮਹਿਲਾ ਪੁਲਿਸ ਮੁਲਾਜ਼ਮ ਨਾਕਿਆਂ 'ਤੇ ਤਾਇਨਾਤ ਹਨ। ਪਿੰਡ ਵਿਚ ਸੰਨਾਟਾ ਛਾਇਆ ਹੋਇਆ ਹੈ।

ਦੋ ਹੋਰ ਔਰਤਾਂ ਨੇ ਕਰੋਨਾ ਨੂੰ ਹਰਾਇਆ

ਬਨੂੜ ਦੇ ਗਿਆਨ ਸਾਗਰ ਹਸਪਤਾਲ ਵਿਚ ਇਲਾਜ ਅਧੀਨ ਮਹਾਰਾਸ਼ਟਰ ਦੇ ਮੂਲ ਰੂਪ ਵਿਚ ਔਰੰਗਾਬਾਦ ਦੀ ਵਸਨੀਕ 47 ਵਰ੍ਹਿਆਂ ਦੀ ਮੁਸਲਿਮ ਮਹਿਲਾ ਨੇ ਕਰੋਨਾ ਵਿਰੁਧ ਜੰਗ ਜਿੱਤ ਲਈ। ਦੋ ਵੇਰ ਰੀਪੋਰਟ ਨੈਗੇਟਿਵ ਆਉਣ ਮਗਰੋਂ ਉਸ ਨੂੰ ਅੱਜ ਹਸਪਤਾਲ ਵਿਚੋਂ ਘਰ ਭੇਜ ਦਿਤਾ ਗਿਆ ਹੈ। ਤਬਲੀਗੀ ਨਾਲ ਸਬੰਧਤ ਮਹਾਂਰਾਸ਼ਟਰ ਦੀਆਂ ਦੋ ਮੁਸਲਿਮ ਮਹਿਲਾਵਾਂ ਨੂੰ ਦੋ ਹਫ਼ਤੇ ਪਹਿਲਾਂ ਸਿਹਤ ਵਿਭਾਗ ਫ਼ਤਹਿਗੜ੍ਹ ਸਾਹਿਬ ਵਲੋਂ ਕੋਰੋਨਾ ਪਾਜ਼ੇਟਿਵ ਪਾਏ ਜਾਣ 'ਤੇ ਗਿਆਨ ਸਾਗਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਦੂਜੀ ਮੁਸਲਿਮ ਮਹਿਲਾ ਦੋ ਦਿਨ ਪਹਿਲਾਂ ਕਰੋਨਾ ਵਿਰੁਧ ਜੰਗ ਜਿੱਤ ਕੇ ਘਰ ਜਾ ਚੁੱਕੀ ਹੈ।

ਇਸੇ ਤਰ੍ਹਾਂ ਜ਼ਿਲ੍ਹਾ ਰੂਪਨਗਰ ਦੇ ਪਿੰਡ ਚਤਾਮਲੀ ਦੀ 52 ਸਾਲਾ ਮਹਿਲਾ ਸਰਪੰਚ ਰਾਜਿੰਦਰ ਕੌਰ ਨੰ ਵੀ ਕਰੋਨਾ ਦੀ ਰੀਪੋਰਟ ਨੈਗੇਟਿਵ ਆਉਣ ਉਪਰੰਤ ਬੀਤੀ ਰਾਤ ਅੱਠ ਵਜੇ ਹਸਪਤਾਲ ਵਿਚੋਂ ਛੁੱਟੀ ਦੇ ਦਿਤੀ ਗਈ ਸੀ। ਮਹਿਲਾ ਦੇ 16 ਸਾਲਾ ਪੁੱਤਰ ਨੂੰ 21 ਅਪ੍ਰੈਲ ਨੂੰ ਗਿਆਨ ਸਾਗਰ ਵਿਚੋਂ ਛੁੱਟੀ ਦਿਤੀ ਗਈ ਸੀ। ਸਬੰਧਤ ਮਹਿਲਾ ਦਾ ਪਤੀ ਮੋਹਨ ਸਿੰਘ ਕੋਰੋਨਾ ਵਾਇਰਸ ਨਾਲ ਕੁੱਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਿਆ ਸੀ।

ਗਿਆਨ ਸਾਗਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਸਪੀਐਸ ਗੁਰਾਇਆ ਨੇ ਦਸਿਆ ਕਿ ਮੈਡੀਸਨ ਵਿਭਾਗ ਦੇ ਮੁਖੀ ਡਾ. ਰਾਮ ਸਿੰਘ ਦੀ ਅਗਵਾਈ ਹੇਠ ਡਾਕਟਰੀ ਟੀਮਾਂ ਕੋਰੋਨਾ ਪੀੜਤਾਂ ਦਾ ਇਲਾਜ ਕਰ ਰਹੀਆਂ ਹਨ। ਉਨ੍ਹਾਂ ਦਸਿਆ ਕਿ ਘਰੋ-ਘਰੀ ਭੇਜੀਆਂ ਗਈਆਂ ਦੋਵੇਂ ਮਹਿਲਾਵਾਂ ਨੂੰ 14 ਦਿਨ ਇਕਾਂਤਵਾਸ ਵਿਚ ਰਹਿਣਾ ਪਵੇਗਾ। ਉਨ੍ਹਾਂ ਦਸਿਆ ਕਿ ਸਬੰਧਤ ਮਹਿਲਾਵਾਂ ਨੇ ਛੁੱਟੀ ਸਮੇਂ ਹਸਪਤਾਲ ਦੇ ਸਟਾਫ਼, ਇਲਾਜ ਅਤੇ ਖਾਣੇ ਦੀ ਭਰਵੀਂ ਪ੍ਰਸ਼ੰਸਾ ਕੀਤੀ। ਉਨ੍ਹਾਂ ਦਸਿਆ ਕਿ ਹਸਪਤਾਲ ਵਿਚ ਇਲਾਜ ਅਧੀਨ 41 ਹੋਰ ਕਰੋਨਾ ਪੀੜਤਾਂ ਮਰੀਜ਼ਾਂ ਦੀ ਹਾਲਤ ਬਿਲਕੁਲ ਸਥਿਰ ਹੈ।

 ਮੋਗਾ ਦੇ ਚਾਰਾ ਜਾਣਿਆ ਦੀਆਂ ਰੀਪੋਰਟਾਂ ਨੈਗੇਟਿਵ ਆਉਣ 'ਤੇ ਮਿਲੀ ਛੁੱਟੀ

 ਪਿਛਲੇ ਦਿਨਾਂ ਵਿਚ ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਚੀਦਾ ਵਿਚ ਲਿਆਂਦੇ ਗਏ ਚਾਰ ਮਰੀਜ਼ ਜੋ ਕਿ ਕਰੋਨਾ ਪਾਜ਼ੇਟਿਵ ਆਏ ਸਨ ਉਨ੍ਹਾਂ ਦੀਆਂ ਕਰੋਨਾ ਸਬੰਧਤ ਰੀਪੋਰਟਾਂ ਨੇਗੇਟਿਵ ਆਈਆਂ ਹਨ। ਇਹ ਚਾਰੋ ਬਿਲਕੁਲ ਸਹੀ ਅਤੇ ਸਲਾਮਤ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦਸਿਆ ਕਿ ਇਨ੍ਹਾਂ ਚਾਰਾਂ ਨੂੰ ਅੱਜ ਸਿਵਲ ਹਸਪਤਾਲ ਮੋਗਾ ਵਿਚੋਂ ਛੁੱਟੀ ਦੇ ਕੇ ਆਈਸੋਲੇਸ਼ਨ ਸੈਂਟਰ ਵਿਚ 14 ਦਿਨਾਂ ਲਈ ਭੇਜ ਦਿਤਾ ਹੈ। 14 ਦਿਨਾਂ ਦੇ ਬਾਅਦ ਇਨ੍ਹਾਂ ਨੂੰ ਡਾਕਟਰੀ ਮੁਆਇਨਾ ਕਰ ਕੇ ਘਰ ਭੇਜ ਦਿਤਾ ਜਾਵੇਗਾ। ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੇ ਹੀ ਸਿਹਤ ਟੀਮ ਨੂੰ ਪੂਰਾ ਸਹਿਯੋਗ ਦਿਤਾ।

ਮੋਹਾਲੀ 'ਚ ਇਕ ਹੋਰ ਪਾਜ਼ੇਟਿਵ ਸਾਹਮਣੇ ਆਇਆ, ਮੋਹਾਲੀ ਦਾ ਨਹੀਂ ਛੁਟ ਰਿਹਾ ਖੈੜਾ

 ਜ਼ਿਲ੍ਹਾ ਐਸ.ਏ.ਐਸ ਨਗਰ ਵਿਚਲੇ ਕਸਬਾ ਨਵਾਂਗਰਾਉਂ ਵਿਖੇ ਇਕ ਹੋਰ ਕੋਰੋਨਾ ਪੀੜਤ ਸਾਹਮਣੇ ਆਉਣ ਨਾਲ ਜ਼ਿਲ੍ਹੇ ਅੰਦਰ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 63 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਨਵਾਂ ਆਇਆ ਮਰੀਜ਼ ਵੀ ਪੀ.ਜੀ.ਆਈ ਵਿਖੇ ਕੰਮ ਕਰਦਾ ਸੀ, ਉਨ੍ਹਾਂ ਕਿਹਾ ਕਿ ਨਵਾਂ ਗਰਾਉਂ ਵਿਖੇ ਕੋਰੋਨਾ ਪੀੜਤ ਪਹਿਲੇ ਮਰੀਜ਼ ਦੀ ਪਤਨੀ, ਮਾਂ, ਧੀ ਅਤੇ ਸਾਲੇ ਤੋਂ ਇਲਾਵਾ ਕਿਸੇ ਹੋਰ ਪਰਵਾਰਕ ਮੈਂਬਰ ਦੇ ਸੈਂਪਲਾਂ ਵਿਚ ਕੋਈ ਹੋਰ ਮਰੀਜ਼ ਸਾਹਮਣੇ ਨਹੀਂ ਆਇਆ ਹੈ।