ਪਿਛਲੇ ਸਾਲ ਨਾਲੋਂ ਇਸ ਸਾਲ ਮੰਡੀਆਂ ਵਿੱਚ ਕਣਕ ਦੀ ਆਮਦ ਦੁੱਗਣੀ ਤੋਂ ਵੀ ਜਿਆਦਾ-ਰਵੀ ਭਗਤ

ਮੰਡੀ ਬੋਰਡ ਵੱਲੋਂ 27 ਹਜ਼ਾਰ ਤੋਂ ਵਧੇਰੇ ਸੈਨੀਟਾਈਜ਼ਰਾਂ ਅਤੇ ਵੱਡੀ ਗਿਣਤੀ ਵਿੱਚ ਮਾਸਕਾਂ ਦੀ ਵੰਡ, ਤਰਕਸੰਗਤ ਤਰੀਕੇ ਨਾਲ ਹੁਣ ਤੱਕ 4.5 ਲੱਖ ਪਾਸ ਜਾਰੀ ਕੀਤੇ

ਲੁਧਿਆਣਾ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

ਪੰਜਾਬ ਭਰ ਵਿਚ 24 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਸੰਕਰਮਣ ਵਿਰੁੱਧ ਲੜਨ ਅਤੇ ਆਪਣੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਪੰਜਾਬ ਸਰਕਾਰ ਨੇ ਮੰਡੀ ਬੋਰਡ ਜ਼ਰੀਏ 27000 ਲੀਟਰ ਸੈਨੇਟਾਈਜ਼ਰ ਦੀ ਵੰਡ ਮੰਡੀਆਂ 'ਚ ਕੀਤੀ ਹੈ ਅਤੇ ਇਸ ਨਾਲ ਮਾਸਕ ਵੀ ਵੰਡੇ ਜਾ ਰਹੇ ਹਨ। ਸਮਾਜਿਕ ਦੂਰੀ ਨੂੰ ਵੀ ਬਰਕਰਾਰ ਰੱਖਣ ਲਈ ਉਪਰਾਲੇ ਕੀਤੇ ਗਏ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪੰਜਾਬ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਲੁਧਿਆਣਾ, ਖੰਨਾ, ਦੋਰਾਹਾ, ਸਾਹਨੇਵਾਲ ਅਤੇ ਮੁੱਲਾਂਪੁਰ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਦੇ ਸਮੇਂ ਕੀਤਾ। ਪੰਜਾਬ ਸਰਕਾਰ ਵੱਲੋਂ ਉਨਾਂ ਨੂੰ ਲੁਧਿਆਣਾ, ਮੋਗਾ ਅਤੇ ਸੰਗਰੂਰ ਦੀ ਖਰੀਦ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨਾਂ ਜ਼ਿਲਾ ਲੁਧਿਆਣਾ ਵਿੱਚ ਚੱਲ ਰਹੇ ਖਰੀਦ ਦੇ ਕੰਮ 'ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਜ਼ਿਲਾ ਲੁਧਿਆਣਾ ਵਿੱਚੋ ਹਰ ਵਾਰ ਦੀ ਤਰਾਂ ਇਸ ਵਾਰ ਵੀ ਵਧੀਆ ਖਰੀਦ ਹੋਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਦੁਨੀਆਂ ਭਰ ਵਿੱਚ ਫੈਲੇ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਕਹਿਰ ਦੀ ਔਖੀ ਘੜੀ ਵਿੱਚ ਪੰਜਾਬ ਸਰਕਾਰ ਆਮ ਜਨਤਾ ਦੇ ਨਾਲ ਨਾਲ ਕਿਸਾਨਾਂ ਨਾਲ ਵੀ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਪੰਜਾਬ ਸਰਕਾਰ ਕਣਕ ਦੀ ਖਰੀਦ ਨਿਰਵਿਘਨ ਚਾਲੁ ਰੱਖਣ ਅਤੇ ਇੱਕ-ਇੱਕ ਦਾਣਾ ਖ੍ਰੀਦਣ ਲਈ ਵਚਨਬੱਧ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੈਰਰਸਮੀਂ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ 4000 ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ, ਜਿਨਾਂ ਵਿਚੋਂ 3000 ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਣਕ ਦੀ ਮੰਡੀਆਂ ਵਿੱਚ ਆਮਦ ਲਗਭਗ ਦੁੱਗਣੀ ਤੋਂ ਵੀ ਜਿਆਦਾ ਹੈ। ਉਨਾਂ ਅੱਗੇ ਕਿਹਾ ਕਿ ਆੜਤੀਆ ਨੂੰ ਪਿਛਲੇ ਸਾਲ ਉਨਾਂ ਦੇ ਖਾਤਿਆਂ ਵਿੱਚ ਰਜਿਸਟਰਡ ਕਿਸਾਨਾਂ ਦੇ ਡਾਟੇ 'ਤੇ ਅਧਾਰਿਤ ਪਾਸ ਜਾਰੀ ਕੀਤੇ ਗਏ ਹਨ। ਕਿਸਾਨਾਂ ਨੂੰ ਇਨਾਂ ਪਾਸਾਂ 'ਤੇ ਹੀ, ਜੋ ਕਿ ਪ੍ਰਤੀ ਟਰਾਲੀ ਜਾਰੀ ਕੀਤੇ ਜਾਂਦੇ ਹਨ, ਮੰਡੀਆਂ ਵਿਚ ਦਾਖਲ ਹੋਣ ਦੀ ਆਗਿਆ ਹੈ। ਹੁਣ ਤੱਕ ਮੰਡੀ ਬੋਰਡ ਵੱਲੋਂ 4.5 ਲੱਖ ਪਾਸ ਜਾਰੀ ਕੀਤੇ ਜਾ ਚੁੱਕੇ ਹਨ। ਪਾਸ ਜਾਰੀ ਕਰਨ ਦੀ ਵਿਧੀ ਨੂੰ ਤਰਕਸੰਗਤ ਕੀਤਾ ਗਿਆ ਹੈ ਕਿ ਕਿਉਕਿ ਜਿਹੜਾ ਖਰੀਦ ਸਮਾਂ 20 ਦਿਨਾਂ ਦਾ ਸੀ, ਉਸ ਨੂੰ ਕਰੋਨਾ ਵਾਈਰਸ ਕਾਰਣ 45 ਦਿਨ ਤੱਕ ਵਧਾ ਦਿੱਤਾ ਗਿਆ ਹੈ। ਇਸ ਸਮੇਂ ਦੌਰਾਨ ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਕੇ ਇਸ ਇਨਫੈਕਸ਼ਨ ਨੂੰ ਰੋਕਣ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ।