ਹੁਣ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰਵਾਏਗੀ ਪੰਜਾਬ ਸਰਕਾਰ

ਆਨਲਾਈਨ ਟੈੱਸਟ ਰਾਹੀਂ ਹੋਇਆ ਕਰੇਗੀ ਉਮੀਦਵਾਰਾਂ ਦੀ ਚੋਣ, ਦੂਜੇ ਬੈਚ ਲਈ ਟੈਸਟ 9 ਅਕਤੂਬਰ ਨੂੰ ਬਿਉਰੋ ਦਫ਼ਤਰ ਵਿਖੇ ਹੋਵੇਗਾ
ਲੁਧਿਆਣਾ, ਅਕਤੂਬਰ 2019- (ਮਨਜਿੰਦਰ ਗਿੱਲ )-

'ਘਰ-ਘਰ ਰੋਜ਼ਗਾਰ ਯੋਜਨਾ' ਤਹਿਤ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਲਈ ਹੁਣ ਪੰਜਾਬ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਦੇਣ ਦਾ ਵੀ ਫੈਸਲਾ ਕੀਤਾ ਹੈ। ਇਸ ਲਈ ਯੋਗ ਉਮੀਦਵਾਰਾਂ ਦੀ ਚੋਣ ਆਨਲਾਈਨ ਟੈੱਸਟ ਰਾਹੀਂ ਹੋਇਆ ਕਰੇਗੀ। ਇਸ ਸੰਬੰਧੀ ਪਹਿਲੇ ਬੈਚ ਦੀ ਕੋਚਿੰਗ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਸ਼ੁਰੂ ਕਰਵਾਈ। ਅਗਲੇ ਬੈਚ ਲਈ ਆਨਲਾਈਨ ਅਤੇ ਆਫ਼ਲਾਈਨ ਟੈੱਸਟ ਮਿਤੀ 9 ਅਕਤੂਬਰ, 2019 ਨੂੰ ਸਥਾਨਕ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਦਫ਼ਤਰ ਵਿਖੇ ਸਵੇਰੇ 10.30 ਵਜੇ ਹੋਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਦੇ ਮੌਕੇ ਤਾਂ ਬਹੁਤ ਮੁਹੱਈਆ ਕਰਵਾਏ ਜਾ ਰਹੇ ਹਨ ਪਰ ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਹੈ ਕਿ ਨੌਜਵਾਨ ਕਈ ਕਾਰਨਾਂ ਕਰਕੇ ਟੈਸਟ ਜਾਂ ਇੰਟਰਵਿਊ ਦੀ ਤਿਆਰੀ ਵਿੱਚ ਪਛੜ ਜਾਂਦੇ ਹਨ ਜਾਂ ਆਪਣੇ ਆਪ ਨੂੰ ਜਾਂ ਆਪਣੀ ਯੋਗਤਾ ਨੂੰ ਸਿੱਧ ਕਰਨ ਵਿੱਚ ਅਸਫ਼ਲ ਰਹਿੰਦੇ ਹਨ। ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਚੰਗੀ ਤਰਾਂ ਤਿਆਰੀ ਹੀ ਨਹੀਂ ਕਰ ਪਾਉਂਦੇ। ਕਈ ਮਾਮਲਿਆਂ ਵਿੱਚ ਉਨਾਂ ਦੇ ਦਸਤਾਵੇਜ਼ਾਂ ਵਿੱਚ ਵੀ ਕਮੀ ਪੇਸ਼ੀ ਰਹਿ ਜਾਂਦੀ ਹੈ। ਉਨਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਪ੍ਰਸਿੱਧ ਕੋਚਿੰਗ ਏਜੰਸੀ 'ਕ੍ਰਿਤਿਕਾ ਏਜੰਸੀ' ਵੱਲੋਂ ਉਮੀਦਵਾਰਾਂ ਦੀ ਰੋਜ਼ਾਨਾ ਦੋ ਘੰਟੇ ਦੀ ਕਲਾਸ ਲਗਾਈ ਜਾਇਆ ਕਰੇਗੀ। ਇੱਕ ਕਲਾਸ ਵਿੱਚ 50 ਵਿਦਿਆਰਥੀ ਸ਼ਾਮਿਲ ਕੀਤੇ ਜਾਇਆ ਕਰਨਗੇ। 100 ਘੰਟੇ ਦੀ ਕੋਚਿੰਗ ਦੌਰਾਨ ਉਮੀਦਵਾਰਾਂ ਨੂੰ ਅੰਕ ਗਣਿਤ, ਰੀਜ਼ਨਿੰਗ ਅਤੇ ਚਲੰਤ ਮਾਮਲੇ ਬਾਰੇ ਵਿਸ਼ਾ ਮਾਹਿਰਾਂ ਵੱਲੋਂ ਪੜਾਈ ਕਰਵਾਈ ਜਾਇਆ ਕਰੇਗੀ। ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਇੰਟਰਵਿਊ ਦੀ ਤਿਆਰੀ ਵੀ ਕਰਵਾਈ ਜਾ ਰਹੀ ਹੈ। ਇਸ ਲਈ ਪੰਜਾਬ ਸਰਕਾਰ ਨੇ ਹਰੇਕ ਜ਼ਿਲੇ ਵਿੱਚ ਇੰਟਰਵਿਊ ਅਤੇ ਬਾਇਓਡਾਟਾ ਆਦਿ ਤਿਆਰ ਕਰਾਉਣ ਲਈ ਮਾਹਿਰਾਂ ਨੂੰ ਤਾਇਨਾਤ ਕੀਤਾ ਹੋਇਆ ਹੈ। ਨੌਜਵਾਨਾਂ ਦੀ ਸਖ਼ਸ਼ੀਅਤ ਉਸਾਰੀ (ਪ੍ਰਸਨੈਲਟੀ ਡਿਵੈੱਲਪਮੈਂਟ) ਵਿੱਚ ਵੀ ਸਹਾਇਤਾ ਕੀਤੀ ਜਾ ਰਹੀ ਹੈ। ਅਗਰਵਾਲ ਨੇ ਹੋਰ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਸੁਨਹਿਰੀ ਮੌਕੇ ਦਾ ਲਾਭ ਲੈਣ ਲਈ ਮਿਤੀ 9 ਅਕਤੂਬਰ ਨੂੰ ਸਵੇਰੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ, ਸਾਹਮਣੇ ਸੰਗੀਤ ਸਿਨੇਮਾ, ਸਤਿਗੁਰੂ ਪ੍ਰਤਾਪ ਚੌਕ, ਲੁਧਿਆਣਾ ਵਿਖੇ ਵੱਡੀ ਗਿਣਤੀ ਵਿੱਚ ਪਹੁੰਚਣ। ਅਗਰਵਾਲ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਕਿਸੇ ਵੀ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਲਈ ਬਿਊਰੋ ਦਫ਼ਤਰ ਵਿਖੇ ਲਾਇਬਰੇਰੀ ਅਤੇ ਇੰਟਰਨੈੱਟ ਦਾ ਮੁਫ਼ਤ ਲਾਹਾ ਲੈ ਸਕਦੇ ਹਨ। ਇਸ ਏਜੰਸੀ ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਪ੍ਰਯਾਂਸ਼ ਜੈਨ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਦੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਨ। ਉਨਾਂ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਮੁਫ਼ਤ ਸਟੱਡੀ ਮਟੀਰੀਅਲ ਮੁਹੱਈਆ ਕਰਵਾਉਣਗੇ। ਜੋ ਵਿਦਿਆਰਥੀ ਵਧੀਆ ਤਰੀਕੇ ਨਾਲ ਪੜਾਈ ਕਰਨਗੇ ਉਨਾਂ ਨੂੰ 100 ਘੰਟੇ ਦੇ ਕੋਰਸ ਤੋਂ ਬਾਅਦ ਵੀ ਮੁਫ਼ਤ ਆਨਲਾਈਨ ਸਟੱਡੀ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਏਜੰਸੀ ਵੱਲੋਂ ਵਜ਼ੀਫਾ ਅਤੇ ਪ੍ਰਸੰਸ਼ਾ ਪੱਤਰ ਵੀ ਦਿੱਤੇ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ-ਕਮ-ਸੀ. ਈ. ਓ. ਬਿਊਰੋ ਦਫ਼ਤਰ ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਡਿਪਟੀ ਡਾਇਰੈਕਟਰ ਸ੍ਰੀਮਤੀ ਮੀਨਾਕਸ਼ੀ ਸ਼ਰਮਾ, ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਨਵਦੀਪ ਸਿੰਘ ਡਿਪਟੀ ਸੀ. ਈ. ਓ., ਕਰੀਅਰ ਕੌਂਸਲਰ ਡਾ. ਨਿੱਧੀ ਸਿੰਘੀ ਅਤੇ ਹੋਰ ਵੀ ਹਾਜ਼ਰ ਸਨ।