ਕੋਰੋਨਾ ਖਿਲਾਫ਼ ਜੰਗ ਜਾਰੀ, ਹਰ ਕੋਈ ਆਪਣੇ ਤਰੀਕੇ ਨਾਲ ਬਾਖੂਬੀ ਨਿਭਾਅ ਰਿਹਾ ਜਿੰਮੇਵਾਰੀ

ਸ੍ਰੀਲੰਕਾ ਜਾਣ ਵਾਲੇ ਵਿਦਿਆਰਥੀਆਂ ਦੀ ਹੋਈ ਸਕਰੀਨਿੰਗ

ਕਪੂਰਥਲਾ ,ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਸਿਹਤ ਵਿਭਾਗ ਕਪੂਰਥਲਾ ਵੱਲੋਂ ਕੋਰੋਨਾ ਖਿਲਾਫ਼ ਜੰਗ ਜਾਰੀ ਹੈ ਅਤੇ ਇਹ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਸ ਵਾਇਰਸ ਦਾ ਨਿਪਟਾਰਾ ਨਾ ਹੋ ਜਾਵੇ। ਇਹ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਜ਼ਿਲੇ ਦੇ ਪਹਿਲੇ ਕੋਰੋਨਾ ਪਾਜ਼ੀਟਿਵ ਮਰੀਜ਼ ਅਫ਼ਜ਼ਲ ਸ਼ੇਖ ਦੀਆਂ ਦੋਵੇਂ ਕੋਰੋਨਾ ਰਿਪੋਰਟਾਂ ਨੈਗੇਟਿਵ ਆਉਣ ’ਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਸ ਨੂੰ 14 ਦਿਨਾਂ ਲਈ ਸੈਨਿਕ ਰੈਸਟ ਹਾੳੂਸ ਵਿਚ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਐਲ. ਪੀ. ਯੂ ਦੀ ਵਿਦਿਆਰਥਣ ਨੀਤੂ ਚੌਹਾਨ ਦੀ ਹਾਲਤ ਵੀ ਸਥਿਰ ਹੈ। ਉਨਾਂ ਦੱਸਿਆ ਕਿ ਨੀਤੂ ਚੌਹਾਨ ਦੇ 162 ਹਾਈ ਕਾਨਟੈਕਟਸ ਵਿਚ ਆਏ ਲੋਕਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। 

ਸ੍ਰੀਲੰਕਾ ਜਾ ਰਹੇ ਵਿਦਿਆਰਥੀਆਂ ਦੀ ਹੋਈ ਸਕਰੀਨਿੰਗ :

ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ 23 ਅਪ੍ਰੈਲ ਨੂੰ ਐਲ. ਪੀ. ਯੂ ਦੇ ਸ੍ਰੀਲੰਕਾ ਦੇ ਵਿਦਿਆਰਥੀ ਵਿਸ਼ੇਸ਼ ਫਲਾਈਟ ਰਾਹੀਂ ਅੰਮਿ੍ਰਤਸਰ ਤੋਂ ਸ੍ਰੀਲੰਕਾ ਰਵਾਨਾ ਹੋ ਰਹੇ ਹਨ। ਉਨਾਂ ਦੱਸਿਆ ਕਿ ਐਲ. ਪੀ. ਯੂ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਨੂੰ ਇਨਾਂ ਵਿਦਿਆਰਥੀਆਂ ਦੀ ਸਕਰੀਨਿੰਗ ਲਈ ਲਿਖਿਆ ਗਿਆ ਸੀ। ਇਸ ਤਹਿਤ ਸਿਹਤ ਵਿਭਾਗ ਵੱਲੋਂ 102 ਵਿਦਿਆਰਥੀਆਂ ਦੀ ਸਕਰੀਨਿੰਗ ਤੇ ਮੈਡੀਕਲ ਕੀਤਾ ਗਿਆ, ਜਿਨਾਂ ਵਿਚੋਂ 70 ਵਿਦਿਆਰਥੀ ਐਲ. ਪੀ. ਯੂ ਦੇ ਅੰਦਰ ਰਹਿੰਦੇ ਸਨ ਅਤੇ 32 ਲਾਅ ਗੇਟ ਦੇ ਬਾਹਰ ਪੀ. ਜੀ ਵਿਚ ਰਹਿ ਰਹੇ ਹਨ। 

ਸਿਹਤ ਵਿਭਾਗ ਵੱਲੋਂ ਤਿਆਰ ਕੀਤੇ ਜਾ ਰਹੀ ਹੈ ਫੇਸ ਪ੍ਰੋਟੈਕਸ਼ਨ ਸ਼ੀਲਡ :

ਸਿਵਲ ਸਰਜਨ ਨੇ ਕਿਹਾ ਕਿ ਕੋਰੋਨਾ ਖਿਲਾਫ਼ ਜੰਗ ਵਿਚ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਅ ਰਿਹਾ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵਿਚ ਤਾਇਨਾਤ ਮਹਿਲਾ ਕਰਮਚਾਰੀਆਂ ਅਤੇ ਏ. ਐਨ. ਐਮਜ਼ ਵੱਲੋਂ ਕੋਵਿਡ-19 ਤੋਂ ਬਚਾਅ ਲਈ ਪਾਰਦਰਸ਼ੀ ਫੇਸ ਪ੍ਰੋਟੈਕਸ਼ਨ ਸ਼ੀਲਡ ਤਿਆਰ ਕਰਕੇ ਇਸ ਜੰਗ ਵਿਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਹ ਸ਼ੀਲਡ ਖਾਂਸੀ, ਛਿੱਕ ਦੇ ਡ੍ਰਾਪ ਲੈਟਸ ਤੋਂ ਬਚਾਉਣ ਵਿਚ ਸਹਾਈ ਸਿੱਧ ਹੋਵੇਗੀ। ਜ਼ਿਕਰਯੋਗ ਹੈ ਕਿ ਸਿਵਲ ਸਰਜਨ ਦਫ਼ਤਰ ਵਿਚ ਤਾਇਨਾਤ ਸੰਤੋਸ਼, ਪਿ੍ਰਅੰਕਾ, ਬਲਜੀਤ ਅਤੇ ਏ. ਐਨ. ਐਮਜ਼, ਸ਼ਰਨਜੀਤ, ਬਲਬੀਰ ਕੌਰ, ਰਜਿੰਦਰ, ਰਮਿੰਦਰ, ਅਵਨੇਸ਼ ਤੇ ਰਜਨੀ ਵੱਲੋਂ ਆਪਣੀ ਰੂਟੀਨ ਦੀ ਡਿੳੂਟੀ ਦੇ ਨਾਲ-ਨਾਲ ਇਹ ਡਿੳੂਟੀ ਵੀ ਨਿਭਾਅ ਰਹੀਆਂ ਹਨ।

ਡਾ. ਬਾਵਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਾਈ ਰਿਸਕ ਕਾਨਟੈਕਟ ਸਟਾਫ ਦੇ ਰੈਪਿਡ ਟੈਸਟ ਕਿੱਟ ਰਾਹੀਂ ਟੈਸਟ ਕਰਵਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਪੁਲਿਸ ਮੁਲਾਜ਼ਮ, ਜਿਹੜੇ ਕਿ ਕੋਰੋਨਾ ਖਿਲਾਫ਼ ਡਟੇ ਹੋਏ ਹਨ, ਦੀਆਂ ਲਿਸਟਾਂ ਮੰਗਵਾ ਕੇ ਉਨਾਂ ਦੇ ਟੈਸਟ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਤੋਂ ਕਰਵਾਏ ਜਾਣਗੇ। ਉਨਾਂ ਲੋਕਾਂ ਨੂੰ ਵੀ ਸੋਸ਼ਲ ਡਿਸਟੈਂਸ ਯਕੀਨੀ ਬਣਾਉਣ, ਘਰੋਂ ਬਾਹਰ ਨਾ ਨਿਕਲਣ, ਵਾਰ-ਵਾਰ ਹੱਥ ਧੋਣ ਅਤੇ ਮਾਸਕ ਪਾ ਕੇ ਰੱਖਣ ਦੀ ਅਪੀਲ ਕੀਤੀ। ਉਨਾਂ ਨਾਲ ਹੀ ਕਿਹਾ ਕਿ ਜੇਕਰ ਕਿਸੇ ਨੂੰ ਵੀ ਸ਼ੱਕੀ ਮਰੀਜ਼ ਬਾਰੇ ਪਤਾ ਲੱਗਦਾ ਹੈ, ਤਾਂ ਤੁਰੰਤ ਉਸ ਦੀ ਸੂਚਨਾ ਦਿੱਤੀ ਜਾਵੇ, ਤਾਂ ਜੋ ਸਿਹਤ ਵਿਭਾਗ ਵੱਲੋਂ ਸਮੇਂ ’ਤੇ ਕਾਰਵਾਈ ਕੀਤੀ ਜਾ ਸਕੇ ਤੇ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ। 

ਫੋਟੋ :- ਸਿਹਤ ਵਿਭਾਗ ਵਿਚ ਤਾਇਨਾਤ ਮਹਿਲਾ ਕਰਮਚਾਰੀਆਂ ਅਤੇ ਏ. ਐਨ. ਐਮਜ਼ ਵੱਲੋਂ ਕੋਵਿਡ-19 ਤੋਂ ਬਚਾਅ ਲਈ ਪਾਰਦਰਸ਼ੀ ਫੇਸ ਪ੍ਰੋਟੈਕਸ਼ਨ ਸ਼ੀਲਡਾਂ ਤਿਆਰ ਕੀਤੇ ਜਾਣ ਦਾ ਦਿ੍ਰਸ਼।