ਜ਼ਖ਼ਮੀ ਦੀ ਜਾਨ ਬਚਾਉਣ ਵਾਲੇ ਪੰਜਾਬੀ ਟੈਕਸੀ ਚਾਲਕ ਦਾ ਸਨਮਾਨ

ਵੈਨਕੂਵਰ, ਸਤੰਬਰ 2019- 

ਇਕ ਅਣਜਾਣ ਵਿਅਕਤੀ ਦੀ ਜਾਨ ਬਚਾਉਣ ਵਾਲੇ ਪੰਜਾਬੀ ਟੈਕਸੀ ਚਾਲਕ ਨੂੰ ਕੈਨੇਡਾ ਪੁਲੀਸ ਨੇ ਸਨਮਾਨਿਤ ਕੀਤਾ ਹੈ। ਵਿਸਲਰ ਸਥਿਤ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਅਫ਼ਸਰਾਂ ਨੇ ਪੰਜਾਬੀ ਨੌਜਵਾਨ ਨੂੰ ‘ਜਾਨ ਬਚਾਉਣ ਵਾਲਾ’ ਕਹਿ ਕੇ ਸਨਮਾਨ ਪੱਤਰ ਸੌਂਪਿਆ।
ਪੰਜਾਬ ਦੇ ਨਕੋਦਰ ਦੇ ਪਿਛੋਕੜ ਵਾਲਾ ਜਸ਼ਨਜੀਤ ਸਿੰਘ ਸੰਘਾ 6 ਸਾਲ ਪਹਿਲਾਂ ਉੱਚ ਸਿੱਖਿਆ ਵੀਜ਼ੇ ਤਹਿਤ ਕੈਨੇਡਾ ਆਇਆ ਸੀ ਤੇ ਉਹ ਕੁਝ ਸਾਲਾਂ ਤੋਂ ਟੈਕਸੀ ਚਲਾ ਰਿਹਾ ਹੈ। ਲੰਘੀ 11 ਫਰਵਰੀ ਨੂੰ ਪਹਾੜੀ ਤੇ ਬਰਫ਼ ਨਾਲ ਲੱਦੇ ਸੈਲਾਨੀ ਸ਼ਹਿਰ ਵਿਸਲਰ ’ਚ ਉਸ ਨੇ ਸੜਕ ਕਿਨਾਰੇ ਜ਼ਖ਼ਮੀ ਹਾਲਤ ’ਚ ਤੜਫਦਾ ਇਕ ਵਿਅਕਤੀ ਵੇਖਿਆ, ਜਿਸ ਦਾ ਖੂਨ ਰੋਕਣ ਲਈ ਉਸ ਨੇ ਆਪਣੀ ਦਸਤਾਰ ਉਸ ਦੇ ਜ਼ਖ਼ਮਾਂ ’ਤੇ ਬੰਨ੍ਹ ਦਿੱਤੀ ਸੀ। ਉਸ ਨੇ ਜ਼ਖ਼ਮੀ ਨੂੰ ਆਪਣੀ ਟੈਕਸੀ ’ਚ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਕਿਹਾ ਕਿ ਜੇਕਰ ਜ਼ਖ਼ਮੀ ਦਾ ਲਹੂ ਕੁਝ ਦੇਰ ਹੋਰ ਬੰਦ ਨਾ ਹੁੰਦਾ ਤਾਂ ਉਸ ਦੀ ਜਾਨ ਜਾ ਸਕਦੀ ਸੀ। ਜਸ਼ਨਜੀਤ ਨੇ ਕਿਹਾ ਕਿ ਉਸ ਨੂੰ ਤਸੱਲੀ ਤੇ ਖੁਸ਼ੀ ਹੈ ਕਿ ਵਾਹਿਗੁਰੂ ਨੇ ਉਹ ਨੂੰ ਕਿਸੇ ਦੀ ਜਾਨ ਬਚਾਉਣ ਦਾ ਵਸੀਲਾ ਬਣਾਇਆ।