ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਕੋਰੋਨਾ ਖਿਲਾਫ਼ ਲੜੀ ਜਾ ਰਹੀ ਹੈ ਜੰਗ-ਆਂਗਰਾ

ਕਪੂਰਥਲਾ , ਅਪ੍ਰੈਲ 2020 -(ਹਰਜੀਤ ਸਿੰਘ ਵਿਰਕ).

ਵਧੀਕ ਡਿਪਟੀਕ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਕੋਵਿਡ-19 ਦੀ ਫੈਲੀ ਮਹਾਂਮਾਰੀ ਦੀ ਰੋਕਥਾਮ ਲਈ ਲਾਕਡਾੳੂਨ ਦੌਰਾਨ ਜ਼ਿਲੇ ਦੇ 5 ਬਲਾਕਾਂ ਦੀਆਂ 546 ਪੰਚਾਇਤਾਂ ਵਿਚ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਅਤੇ ਅਧੀਨ ਸਟਾਫ ਵੱਲੋਂ ਸਮੂਹ ਪਿੰਡਾਂ ਵਿਚ ਸੋਡੀਅਮ ਹਾਈਪੋਕਲੋਰਾਈਟ ਦਾ ਸਪਰੇਅ ਕਰਵਾ ਕੇ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਸੁੱਕੇ ਰਾਸ਼ਨ ਦੀ ਵੰਡ ਕਰਵਾ ਕੇ, ਗ੍ਰਾਮ ਪੰਚਾਇਤਾਂ ਅਤੇ ਉਨਾਂ ਦੇ ਸਰਪੰਚਾਂ ਵੱਲੋਂ ਸਰਕਾਰ ਵੱਲੋਂ ਪ੍ਰਾਪਤ ਰਾਸ਼ਨ ਨੂੰ ਲੋੜਵੰਦ ਘਰਾਂ ਤੱਕ ਪਹੁੰਚਾ ਕੇ ਅਤੇ ਪਿੰਡਾਂ ਵਿਚ ਠੀਕਰੀ ਪਹਿਰੇ ਲਗਾ ਕੇ ਕੋਰੋਨਾ ਤੋਂ ਬਚਣ ਲਈ ਢੁਕਵੀਂ ਜੰਗ ਲੜੀ ਜਾ ਰਹੀ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਜ਼ਿਲਾ ਪ੍ਰੀਸ਼ਦ ਅਧੀਨ ਤਾਇਨਾਤ ਰੂਰਲ ਮੈਡੀਕਲ ਅਫ਼ਸਰਾਂ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਪਿੰਡਾਂ ਦੀ ਆਮ ਜਨਤਾ ਲਈ ਸਿਹਤ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। 

ਉਨਾਂ ਦੱਸਿਆ ਕਿ ਜ਼ਿਲਾ ਪ੍ਰੀਸ਼ਦ ਅਧੀਨ ਕੰਮ ਕਰ ਰਹੇ ਰੂਰਲ ਮੈਡੀਕਲ ਅਫ਼ਸਰਾਂ ਵੱਲੋਂ ਆਪਣੀਆਂ ਡਿਸਪੈਂਸਰੀਆਂ ਦੇ ਨਾਲ-ਨਾਲ ਕੋਵਿਡ-19 ਤਹਿਤ ਜ਼ਿਲਾ ਪੱਧਰ ’ਤੇ ਸਥਾਪਿਤ ਕੀਤੇ ਆਈਸੋਲੇਸ਼ਨ ਸੈਂਟਰਾਂ ’ਤੇ ਵੀ ਡਿੳੂਟੀ ਕੀਤੀ ਜਾ ਰਹੀ ਹੈ ਅਤੇ ਕੋਰੋਨਾ ਨਾਲ ਸੰਕ੍ਰਮਿਤ ਮਰੀਜ਼ਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਸਮੇਂ-ਸਮੇਂ ’ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੇਂਡੂ ਖੇਤਰ ਵਿਚ ਰਹਿ ਰਹੀ ਆਮ ਜਨਤਾ ਲਈ ਜ਼ਿਲੇ ਦੇ 42 ਸਬਸਿਡਰੀ ਹੈਲਥ ਸੈਂਟਰਾਂ ਵਿਚ ਆਰ. ਐਮ. ਓਜ਼ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਆਮ ਜਨਤਾ ਸਿਹਤ ਸੁਵਿਧਾਵਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਕ ਵਿਸ਼ੇਸ਼ ਮੋਬਾਈਲ ਰਾਹੀਂ ਬਲਾਕ ਸੁਲਤਾਨਪੁਰ ਲੋਧੀ ਦੇ ਦਰਿਆ ਪਾਰ ਦੇ ਪਿੰਡਾਂ ਵਿਚ ਸਿਹਤ ਸੁਵਿਧਾਵਾਂ ਪਹੁੰਚਾਈਆਂ ਜਾ ਰਹੀਆਂ ਹਨ।

ਸ੍ਰੀ ਆਂਗਰਾ ਨੇ ਦੱਸਿਆ ਕਿ ਜ਼ਿਲੇ ਦੇ 42 ਸਬਸਿਡਰੀ ਹੈਲਥ ਸੈਂਟਰਾਂ ’ਤੇ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਦਵਾਈ ਦੀ ਲੋੜ ਹੈ, ਤਾਂ ਉਹ ਨੇੜੇ ਦੀ ਸਰਕਾਰੀ ਡਿਸਪੈਂਸਰੀ/ਸਬਸਿਡਰੀ ਹੈਲਥ ਸੈਂਟਰ ਵਿਚ ਜਾ ਕੇ ਮੌਕੇ ’ਤੇ ਹਾਜ਼ਰ ਡਾਕਟਰ ਜਾਂ ਮੈਡੀਕਲ ਫਾਰਮਾਸਿਸਟ ਨੂੰ ਚੈੱਕਅੱਪ ਕਰਵਾ ਕੇ ਦਵਾਈ ਲੈ ਸਕਦਾ ਹੈ। ਉਨਾਂ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖਣ ਲਈ ਕਿਹਾ ਗਿਆ ਅਤੇ ਅਪੀਲ ਕੀਤੀ ਗਈ। ਉਨਾਂ ਕਿਹਾ ਕਿ ਬਿਨਾਂ ਕਿਸੇ ਜ਼ਰੂਰੀ ਕੰਮ ਆਪਣੇ ਘਰੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਬੁਖਾਰ, ਖਾਂਸੀ ਜਾਂ ਕਿਸੇ ਵੀ ਤਰਾਂ ਕੋਵਿਡ-19 ਦੇ ਲੱਛਣ ਪਾਏ ਜਾਣ ’ਤੇ ਸਰਕਾਰੀ ਡਿਸਪੈਂਸਰੀ ਵਿਚ ਸੰਪਰਕ ਕੀਤਾ ਜਾਵੇ, ਤਾਂ ਜੋ ਕੋਰੋਨਾ ਮਹਾਂਮਾਰੀ ਤੋਂ ਸਮੇਂ ’ਤੇ ਇਲਾਜ ਕਰਵਾ ਕੇ ਇਸ ਤੋਂ ਬਚਿਆ ਜਾ ਸਕੇ। 

ਫੋਟੋ : -ਸ੍ਰੀ ਐਸ. ਪੀ. ਆਂਗਰਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)