ਕਣਕ ਪੱਕ ਕੇ ਸੁਨਹਿਰੀ ਹੋ ਗਈ ਸੀ | ਪੂਰੀ ਗਿੱਠ ਗਿੱਠ ਦੀ ਬੱਲੀ ਨੂੰ ਵੇਖ ਸੁਜਾਨ ਸਿੰਹੁ ਨੂੰ ਜਿਵੇਂ ਮਸਤੀ ਚੜ੍ਹ ਜਾਂਦੀ | ਉਸ ਨੂੰ ਆਪਣੀਆਂ ਆਸਾਂ ਨੂੰ ਬੂਰ ਪੈਂਦਾ ਲੱਗਦਾ | ਉਹ ਸੋਚਦਾ ਪੁੱਤ ਨੂੰ ਕਨੇਡਾ ਭੇਜਣ ਵੇਲੇ ਚੁੱਕੇ ਕਰਜੇ਼ ਦਾ ਵਿਆਜ਼ ਤਾਂ ਮੁੜੇਗਾ ਹੀ ਇਸ ਵਾਰ ਕੁੱਝ ਰਕਮ ਵੀ ਮੋੜ ਦਿਆਂਗਾ | ਹਰ ਵੇਲੇ ਗੋਠਾਂ ਗੁੰਦਦਾ ਰਹਿੰਦਾ |
ਪਰ ਅੱਜ ਛੇ ਕੁ ਵਜੇ ਪੱਛਮ ਵੱਲੋਂ ਚੜੇ੍ ਬੱਦਲ ਅਤੇ ਚਲਦੀ ਤੇਜ਼ ਹਵਾ ਨੇ ਉਸ ਨੂੰ ਪੇ੍ਸਾ਼ਨ ਕਰ ਦਿੱਤਾ |ਤੇਜ਼ ਮੀਂਹ ਵਰ੍ਹਨ ਲੱਗਿਆ, ਤੇਜ਼ ਹੋਰ ਤੇਜ਼ |ਸੁਜਾਨ ਸਿੰਘ ਅਪਣੀਆਂ ਆਸਾਂ ਮੀਂਹ ਨਾਲ ਰੁੜ੍ਹਦੀਆਂ ਵੇਖ ਰਿਹਾ ਸੀ| "ਰੋਟੀ ਖਾ ਲੈ ਰੀਤ ਦੇ ਬਾਪੂ" ਘਰਵਾਲੀ ਦੀ ਆਵਾਜ਼ ਨੇ ਸੋਚਾਂ ਦੀ ਲੜੀ ਤੋੜ ਦਿੱਤੀ | ਸੁਰਜੀਤ ਕੁਰੇ ਚਿੱਤ ਜਿਹਾ ਨੀ ਮੰਨਦਾ ਕਹਿ ਉੱਠ ਕੇ ਮੰਜੇ ਤੇ ਜਾ ਪਿਆ |ਨਿੰਮੋਝੂਣੀ ਜਿਹੀ ਹੋਈ ਉਦਾਸ ਮਨ ਨਾਲ ਉਸ ਨੇ ਰੋਟੀ ਫਿਰ ਅੰਦਰ ਰੱਖ ਦਿੱਤੀ | "ਰੀਤ ਪੁੱਤ ਰੋਟੀ ਖਾ ਲੈ " ਗਰੈਜੂਏਸ਼ਨ ਦੀ ਪੜਾ੍ਈ ਕਰਦੀ ਧੀ ਨੂੰ ਮਾਂ ਨੇ ਕਿਹਾ | "ਬੀਬੀ ਮੈਂ ਹਾਲੇ ਪੜ੍ਹਦੀ ਹਾਂ ਰੁੱਕ ਖਾਵਾਂਗੀ "|ਮੀਂਹ ਰੁਕ ਰੁਕ ਕੇ ਪੈ ਰਿਹਾ ਸੀ | ਦੋਵੇਂ ਜੀਅ ਚਿੰਤਾ ,ਚ ਡੁੱਬੇ ਗੱਲਾਂ ਕਰ ਰਹੇ ਸੀ ,"ਸੁਰਜੀਤ ਕੁਰੇ ਆਹ ਮੁੰਡੇ ਨੇ ਸਾਨੂੰ ਕਿਸੇ ਪਾਸੇ ਜੋਗਾ ਨਈਂ ਛੱਡਿਆ ਆਪ ਤਾਂ ਉੱਥੇ ਵਿਆਹ ਕਰਾਕੇ ਉੱਥੇ ਜੋਗਾ ਹੀ ਰਹਿ ਗਿਆ ਸਾਡੇ ਪੱਲੇ ਆਹ ਕਰਜੇ਼ ਦਾ ਗੱਡਾ, ਸੱਚ ਜਾਣੀ ਅੱਜ ਤਾਂ ਜਿਵੇਂ ਇਹ ਜਿੰਦਗੀ ਮੈਨੂੰ ਭਾਰ ਲੱਗਦੀ ਐ |"ਨਾ ਰੀਤ ਦੇ ਬਾਪੂ ਐਵੇਂ ਨੀ ਢੇਰੀ ਢਾਈ ਦੀ " ਸੁਰਜੀਤ ਕੁਰ ਬੋਲੀ |ਦੋ ਕੁ ਮਿੰਟ ਚੁੱਪ ਕਰਨ ਮਗਰੋਂ ਫਿਰ ਜਵਾਨ ਧੀ ਦਾ ਖਿਆਲ ਦਿਮਾਗ਼ ਤੇ ਆ ਭਾਰੂ ਹੋਇਆ | "ਹਾਲੇ ਤਾਂ ਧੀ ਦਾ ਭਾਰ ਸਿਰ ਤੇ ਪਿਆ ਕਿੱਥੋਂ ਮੂੰਹ ਭਰੂੰ ਦਾਜ਼ ਲੋਭੀਆਂ ਦੇ" ਕਹਿਕੇ ਉੱਚੀ ਰੋਣ ਲੱਗ ਪਿਆ |"ਨਾ ਨਾ ਦਿਲ ਨਾ ਛੱਡ ਸਰਦਾਰਾ ਰੱਬ ਨੂੰ ਸਭ ਦਾ ਫਿਕਰ ਐ"| "ਭਰੋਸਾ ਨੀ ਰਿਹਾ ਉਸ ਡਾਢੇ ਤੇ ਕੀ ਕਰਾਂ ?" ਉਹ ਭਰੇ ਮਨ ਨਾਲ ਬੋਲਿਆ | ਰੀਤ ਸਭ ਕੁੱਝ ਸੁਣ ਰਹੀ ਸੀ ਉਸ ਨੇੇ ਬਾਪੂ ਨੂੰ ਕਦੇ ਪਹਿਲਾਂ ਐਨਾ ਉਦਾਸ ਨਹੀਂ ਵੇਖਿਆ ਸੀ, ਪਰ ਕੀ ਕਰਦੀ ?ਚਿੰਤਾ ਵਿੱਚ ਡੁੱਬੀ ਸੁਰਜੀਤ ਕੌਰ ਦੀ ਅੱਖ ਲੱਗ ਗਈ ਪਰ ਸੁਜਾਨ ਸਿੰਹੁ ਤਾਂ ਜਿਵੇਂ ਇਸੇ ਸਮੇਂ ਦੀ ਉਡੀਕ ਵਿੱਚ ਸੀ ਉਹ ਉੱਠ ਕੇ ਡੰਗਰਾਂ ਵਾਲੇ ਬਰਾਂਡੇ ਵੱਲ ਚਲਾ ਗਿਆ ਟਰੈਕਟਰ ਤੇ ਚੜ੍ਹ ਗਾਡਰ ਨਾਲ ਪਰਨਾ ਬੰਨ੍ਹ ਲਿਆ ਗੰਢ ਮਾਰ ਗਲ਼ ਵਿੱਚ ਪਾ ਕੇ ਝੂਟਾ ਲਿਆ ਹੀ ਸੀ ਕਿ ਰੀਤ ਨੇ ਉਸ ਦੇ ਪੈਰਾਂ ਥੱਲੇ ਆਪਣੇ ਮੋਢੇ ਲਾ ਕੇ ਉਸ ਨੂੰ ਉੱਚਾ ਚੁੱਕ ਦਿੱਤਾ ਅਤੇ ਕਹਿਣ ਲੱਗੀ ਨਾ ਨਾ ਬਾਪੂ ਜੀ , ਨਾ ਕਰੋ ਇਸ ਤਰਾ੍ਂ ਬਾਪੂ ਜੀ ਮੈਂ ਬਣੂ ਤੁਹਾਡਾ
ਪੁੱਤ ,ਮੈਂ ਬਣੂੰਗੀ ਤੁਹਾਡਾ ਸਹਾਰਾ ਦੇਖੋ ਮੇਰੇ ਮਜ਼ਬੂਤ ਮੋਢੇ ਤੁਹਾਡਾ ਭਾਰ ਚੁੱਕ ਸਕਦੇ ਨੇ ਮੈਂ ਬਣੂੰਗੀ ਤੁਹਾਡਾ ਸਹਾਰਾ ....|