ਸਮਰਪਿਤ ਨਾਨਕ ਨੂੰ!
- ਹੇ ਨਾਨਕ!
ਤੂੰ ਸਮਾਜਿਕ ਕੁਰੀਤੀਆਂ ਵਿਰੁੱਧ
ਬਗਾਵਤ ਦਾ ਝੰਡਾ ਗੱਡਿਆ ਸੀ!
ਤੇ ਅਸੀਂ -
ਸਮਾਜਿਕ ਕੁਰੀਤੀਆਂ
ਵਿਚ ਡੁੱਬ ਚੁੱਕੇ ਹਾਂ!
ਤੂੰ ਵਹਿਮਾਂ-ਭਰਮਾਂ ਦਾ
ਕੀਲਾ ਪੁੱਟਿਆ ਸੀ!
ਸਾਡਾ ਪਲ ਪਲ
ਵਹਿਮਾਂ-ਭਰਮਾਂ,
ਅੰਧ-ਵਿਸ਼ਵਾਸ਼ਾਂ ਵਿਚ
ਗੁਜਰਦਾ ਹੈ!
ਤੂੰ ਜਾਤਾਂ -ਕੁਜਾਤਾਂ ਦਾ
ਜੂੜ ਵੱਢਿਆ ਸੀ!
ਅਸੀਂ ਜਾਤਾਂ-ਕੁਜਾਤਾਂ ਦੇ
ਨਾਉਂ 'ਤੇ
ਗੁਰਦੁਆਰੇ ਉਸਾਰਕੇ
ਤੇਰੇ ਉਪਦੇਸ਼ਾਂ ਦੀ
ਰੋਜ ਬੇਅਦਬੀ ਕਰਦੇ ਹਾਂ!
ਤੂੰ ਹੱਥੀਂ ਕਿਰਤ ਕਮਾਈ ਨੂੰ
ਉਤਮ ਦੱਸਿਆ ਸੀ!
ਤੇ ਅਸੀਂ ਤਾਂ
ਹੇਰਾਫੇਰੀਆਂ,
ਬੇਈਮਾਨੀਆਂ,
ਰਿਸ਼ਵਤਾਂ,
ਠੱਗੀਆਂ ਦੀ ਲੁੱਟ ਨੂੰ
ਉਤਮ ਕਮਾਈ ਸਮਝਦੇ ਹਾਂ!
ਤੂੰ ਪਾਖੰਡੀਆਂ ਦੇ ਡੇਰਿਓੰ
ਜਾਣ ਤੋਂ ਡੱਕਿਆ ਸੀ!
ਅਸੀਂ ਤਾਂ ਪਾਖੰਡੀਆਂ ਨੂੰ
'ਸੱਭ ਕੁਝ' ਸਮਝ ਬੈਠੇ ਹਾਂ!
ਤੂੰ ਜੱਗ ਦੀ ਜਨਨੀ ਨੂੰ
ਉੱਚਾ ਚੁੱਕਿਆ ਸੀ!
ਅਸੀਂ ਜੱਗ ਦੀ ਜਨਨੀ ਲਈ
ਮਾਂ ਦੀ ਕੁੱਖ ਵਿੱਚ
ਮੜ੍ਹੀਆਂ ਬਣਾ ਕੇ
ਰੱਖ ਦਿੱਤੀਆਂ ਨੇ!
ਹੇ ਨਾਨਕ!
ਅਸੀਂ ਤੈਨੂੰ ਆਪਣਾ ਮੰਨਦੇ ਹਾਂ!
ਪਰ-
ਤੇਰੀ ਮੰਨਦੇ ਨਹੀਂ!
ਤੂੰ ਹਊਮੈੰ ਨੂੰ ਮਾਰਨ ਲਈ
ਆਖਿਆ ਸੀ!
ਅਸੀਂ ਤਾਂ ਹਊਮੈੰ ਵਿਚ
ਅੰਨ੍ਹੇ ਹੋਏ
ਤੇਰਾ ਜਨਮ ਦਿਨ ਮਨਾਉਣ ਲਈ
ਇੱਕਮੱਤ ਨਹੀਂ ਹੋਏ!
ਫਿਰ -
ਅਸੀਂ ਤੇਰੇ ਕਿਥੋਂ ਹੋ ਜਾਵਾਂਗੇ!
ਤੂੰ ਤਾਂ -
ਹੱਸਣ, ਖੇਡਣ ਨੂੰ
ਸਰੀਰ ਦਾ ਨਸ਼ਾ ਦੱਸਿਆ ਸੀ!
ਅਸੀਂ ਤਾਂ 'ਚਿੱਟੇ' ਨੂੰ
ਤਨ-ਮਨ ਦਾ ਨਸ਼ਾ
ਸਮਝ ਬੈਠੇ ਹਾਂ!
ਸਾਨੂੰ ਸਮਝ ਨਹੀਂ ਆਉਂਦੀ
ਕਿ-
ਤੇਰੀ ਵਿਚਾਰਧਾਰਾ ਦਾ ਨਸ਼ਾ
ਸਾਨੂੰ ਕਦੋਂ ਚੜੂਗਾ?
ਹਾਂ -
ਤੇਰੇ ਉਪਦੇਸ਼ ਦੀ ਪਾਲਣਾ ਕਰਦਿਆਂ -
ਭੁੱਖਿਆਂ ਨੂੰ ਅੰਨ
ਖੁਆਉਣ ਦੀ
ਤੇਰੀ ਰੀਤ ਨੂੰ
ਅਸੀਂ -
ਜਰੂਰ ਜਾਰੀ ਰੱਖਿਆ ਹੈ!
-ਸੁਖਦੇਵ ਸਲੇਮਪੁਰੀ
09780620233
19 ਨਵੰਬਰ, 2021.