ਪੰਜਾਬ 'ਚ ਕੋਰੋਨਾ ਨਾਲ 14ਵੀਂ ਮੌਤ, ਜਲੰਧਰ 'ਚ ਛੇ ਹੋਰ ਪਾਜ਼ੇਟਿਵ, ਕੁੱਲ ਕੇਸ 198 ਹੋਏ

 

 ਲੁਧਿਆਣਾ, ਅਪ੍ਰੈਲ2 2020 -(ਇਕ਼ਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)- ਪੰਜਾਬ 'ਚ ਕੋਰੋਨਾ ਵਾਇਰਸ ਨਾਲ ਵੀਰਵਾਰ ਨੂੰ ਇਕ ਹੋਰ ਮੌਤ ਹੋ ਗਈ, ਜਦਕਿ ਪਟਿਆਲਾ 'ਚ ਇਕ ਅਤੇ ਜਲੰਧਰ 'ਚ ਛੇ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ। ਸੂਬੇ 'ਚ ਹੁਣ ਤਕ 14 ਲੋਕ ਦਮ ਤੋੜ ਚੁੱਕੇ ਹਨ ਤੇ ਪਾਜ਼ੇਟਿਵ ਕੇਸਾਂ ਦੀ ਗਿਣਤੀ 198 ਹੋ ਗਈ ਹੈ। ਜਲੰਧਰ ਤੇ ਪਟਿਆਲਾ 'ਚ ਜਿਹੜੇ ਨਵੇਂ ਕੇਸ ਸਾਹਮਣੇ ਆਏ ਹਨ, ਉਹ ਸਾਰੇ ਪਾਜ਼ੇਟਿਵ ਲੋਕਾਂ ਦੇ ਸੰਪਰਕ ਵਿਚ ਸਨ। ਦੂਜੇ ਪਾਸੇ ਕੋਰੋਨਾ ਸ਼ੱਕੀ ਔਰਤ ਦੀ ਮੌਤ ਦੇ ਮਾਮਲੇ 'ਚ ਲਾਪਰਵਾਹੀ ਵਰਤਣ 'ਤੇ ਜਲੰਧਰ ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ (ਐੱਮਐੱਸ) ਡਾ. ਮਨਦੀਪ ਕੌਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਗੁਰਦਾਸਪੁਰ ਦੇ ਪਿੰਡ ਭੈਣੀ ਪਸਵਾਲ ਦੇ ਸੇਵਾਮੁਕਤ ਅਧਿਆਪਕ ਦੀ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਵੀਰਵਾਰ ਦੁਪਹਿਰ ਮੌਤ ਹੋ ਗਈ। ਦੋ ਦਿਨ ਪਹਿਲਾਂ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਗੁਰਦਾਸਪੁਰ 'ਚ ਉਹ ਇਕੋ ਇਕ ਪਾਜ਼ੇਟਿਵ ਸਨ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ 'ਚ ਲਾਸ਼ ਦਾ ਸਸਕਾਰ ਉਨ੍ਹਾਂ ਦੇ ਪਿੰਡ 'ਚ ਕਰ ਦਿੱਤਾ ਗਿਆ। ਡੀਸੀ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਪਿੰਡ ਭੈਣੀ ਪਸਵਾਲ ਤੇ ਉਸਦੇ ਤਿੰਨ ਕਿਲੋਮੀਟਰ ਦਾਇਰੇ 'ਚ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਕੋਰੋਨਾ ਮਰੀਜ਼ ਦੇ ਸੰਪਰਕ 'ਚ ਆਏ 46 ਲੋਕਾਂ ਦੇ ਟੈਸਟ ਲਏ ਗਏ ਸਨ। ਇਨ੍ਹਾਂ 'ਚੋਂ 44 ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਸ ਵਿਚ ਰਿਟਾਇਰਡ ਅਧਿਆਪਕ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ।

ਗੁਰਦਾਸਪੁਰ 'ਚ ਲੋਕਾਂ ਨੇ ਸ਼ਮਸ਼ਾਨ ਘਾਟਾਂ ਦੇ ਗੇਟ ਕੀਤੇ ਬੰਦ

ਗੁਰਦਾਸਪੁਰ ਸ਼ਹਿਰ 'ਚ ਅਫਵਾਹ ਫੈਲ ਗਈ ਕਿ ਸੇਵਾਮੁਕਤ ਅਧਿਆਪਕ ਦਾ ਸਸਕਾਰ ਕਰਨ ਲਈ ਲਾਸ਼ ਲਿਆਂਦੀ ਜਾ ਰਹੀ ਹੈ। ਬਟਾਲਾ ਰੋਡ ਜਾਂ ਮੇਹਰ ਚੰਦ ਰੋਡ 'ਤੇ ਸਥਿਤ ਸ਼ਮਸ਼ਾਨ ਘਾਟਾਂ 'ਚੋਂ ਕਿਸੇ ਇਕ ਥਾਂ 'ਤੇ ਸਸਕਾਰ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਆਸਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਇਹ ਕਹਿੰਦੇ ਹੋਏ ਕਿ ਇੱਥੇ ਇਨਫੈਕਸ਼ਨ ਫੈਲ ਜਾਵੇਗੀ, ਦੋਵੇਂ ਸ਼ਮਸ਼ਾਨ ਘਾਟਾਂ ਦੇ ਗੇਟ ਬੰਦ ਕਰ ਦਿੱਤੇ।

 

ਐੱਮਐੱਸ ਨੇ ਸ਼ੱਕੀ ਦੀ ਮੌਤ ਤੋਂ ਬਾਅਦ ਲਾਸ਼ ਭੇਜਣ 'ਚ ਕੀਤੀ ਸੀ ਲਾਪਰਵਾਹੀ

ਜਲੰਧਰ ਦੇ ਸ਼ਾਹਕੋਟ ਦੇ ਪਿੰਡ ਕੋਟਲਾ ਹੇਰਾਂ 'ਚ ਕੋਰੋਨਾ ਸ਼ੱਕੀ ਔਰਤ ਦੀ ਮੌਤ ਹੋ ਗਈ ਸੀ। ਸਿਵਲ ਹਸਪਤਾਲ ਦੀ ਐੱਮਐੱਸ ਡਾ. ਮਨਦੀਪ ਕੌਰ ਨੇ ਔਰਤ ਦੇ ਪਰਿਵਾਰ ਵਾਲਿਆਂ ਨੂੰ ਬਿਨਾਂ ਹਦਾਇਤ ਦਿੱਤੇ ਸਾਧਾਰਨ ਤਰੀਕੇ ਨਾਲ ਲਾਸ਼ ਘਰ ਭੇਜ ਦਿੱਤੀ ਸੀ। ਬਾਅਦ 'ਚ ਔਰਤ ਦੀ ਰਿਪੋਰਟ ਪਾਜ਼ੇਟਿਵ ਆਈ ਤੇ ਹੁਣ ਉਸ ਦਾ ਪਤੀ ਵੀ ਪਾਜ਼ੇਟਿਵ ਆ ਗਿਆ ਹੈ। ਹਸਪਤਾਲ ਪ੍ਰਸ਼ਾਸਨ ਦੀ ਗਲਤੀ ਦੇ ਕਾਰਨ ਹੁਣ ਪਿੰਡ ਦੇ ਕਈ ਲੋਕਾਂ 'ਚ ਇਨਫੈਕਸ਼ਨ ਫੈਲਣ ਦਾ ਖ਼ਤਰਾ ਹੈ। ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ ਦੇ ਆਦੇਸ਼ ਮੁਤਾਬਕ, ਡਾਕਟਰ ਮਨਦੀਪ ਕੌਰ ਦਾ ਤਬਾਦਲਾ ਡਾਇਰੈਕਟਰ ਹੈਲਥ ਸਰਵਿਸਿਜ਼ ਪੰਜਾਬ ਚੰਡੀਗੜ੍ਹ ਆਫਿਸ 'ਚ ਬਤੌਰ ਡਿਪਟੀ ਡਾਇਰੈਕਟਰ ਕੀਤਾ ਗਿਆ ਹੈ।

ਪੰਜਾਬ ਦੀ ਸਥਿਤੀ 

ਹੁਣ ਤਕ ਪਾਜ਼ੇਟਿਵ ਕੇਸ 198

ਹੁਣ ਤਕ ਮੌਤਾਂ 14

ਠੀਕ ਹੋਏ 29

ਅੱਜ ਨਵੇਂ ਪਾਜ਼ੇਟਿਵ ਮਾਮਲੇ 07

ਅੱਜ ਹੋਈਆਂ ਮੌਤਾਂ 01

ਮੌਜੂਦਾ ਪਾਜ਼ੇਟਿਵ 155

ਜਮਾਤੀ ਪਾਜ਼ੇਟਿਵ 27

ਹੁਣ ਤਕ ਕੁੱਲ ਸ਼ੱਕੀ ਕੇਸ 5524

ਨੈਗੇਟਿਵ ਆਏ 4727

ਰਿਪੋਰਟ ਦਾ ਇੰਤਜ਼ਾਰ 599

 

ਸਾਰੇ ਨਵੇਂ ਮਾਮਲੇ ਪਾਜ਼ੇਟਿਵ ਲੋਕਾਂ ਦੇ ਸੰਪਰਕ 'ਚ ਆਉਣ ਦੇ

ਪਟਿਆਲਾ 'ਚ ਇਕ ਨਵਾਂ ਪਾਜ਼ੇਟਿਵ ਕੇਸ ਸਾਹਮਣੇ ਆਇਆ

ਲਾਪਰਵਾਹੀ ਵਰਤਣ 'ਤੇ ਜਲੰਧਰ ਸਿਵਲ ਹਸਪਤਾਲ ਦੀ ਐੱਮਐੱਸ ਦਾ ਤਬਾਦਲਾ

ਗੁਰਦਾਸਪੁਰ 'ਚ ਅਧਿਆਪਕ ਦੇ ਸੰਪਰਕ ਵਿਚ ਆਏ 46 ਲੋਕਾਂ 'ਚੋਂ 44 ਦੀ ਰਿਪੋਰਟ ਨੈਗੇਟਿਵ