ਜ਼ਿਲਾ ਲੁਧਿਆਣਾ ਵਿੱਚ ਲੋੜਵੰਦਾਂ ਨੂੰ ਜ਼ਰੂਰੀ ਵਸਤਾਂ ਅਤੇ ਭੋਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੁਲੀਸ ਵੱਲੋਂ ਕੇਂਦਰੀ ਖੁਰਾਕ ਪੂਲ ਤਿਆਰ

ਲੁਧਿਆਣਾ,ਅਪ੍ਰੈੱਲ 2020 -(ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-ਤਾਲਾਬੰਦੀ ਦੌਰਾਨ ਸਾਰੇ ਲੋੜਵੰਦ ਵਿਅਕਤੀਆਂ ਨੂੰ ਭੋਜਨ ਅਤੇ ਜ਼ਰੂਰੀ ਵਸਤਾਂ ਦੀ ਢੁੱਕਵੀਂ  ਸਪਲਾਈ ਅਤੇ ਵੰਡ ਯਕੀਨੀ ਬਣਾਉਣ ਲਈ, ਜ਼ਿਲਾ ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰੇਟ ਲੁਧਿਆਣਾ, ਪੁਲਿਸ ਜ਼ਿਲਾ ਖੰਨਾ ਅਤੇ ਲੁਧਿਆਣਾ ਦਿਹਾਤੀ ਨੇ ਕੇਂਦਰੀ ਖੁਰਾਕ ਪੂਲ ਤਿਆਰ ਕੀਤੇ ਹਨ। ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੂਲ ਪ੍ਰਣਾਲੀ ਵਿਚ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਲਈ ਪਿੰਡ ਦੇ ਪੁਲਿਸ ਅਧਿਕਾਰੀ (ਵੀਪੀਓਜ਼), ਐਨਜੀਓਜ਼, ਦਾਨੀ, ਵਲੰਟੀਅਰਾਂ ਤੋਂ ਇਲਾਵਾ ਧਾਰਮਿਕ ਸੰਸਥਾਵਾਂ ਅਤੇ ਸਮਾਜ ਭਲਾਈ ਗਰੁੱਪਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪੂਲ ਨੂੰ ਫੀਲਡ ਅਧਿਕਾਰੀਆਂ ਤੋਂ ਇਨਪੁਟਸ ਮਿਲਦੀਆਂ ਹਨ ਜੋ ਰਿਸੋਰਸ ਪੂਲਿੰਗ ਅਤੇ ਡਿਸਟ੍ਰੀਬਿਊਸ਼ਨ ਪ੍ਰਣਾਲੀ ਨਾਲ ਮੰਗ ਅਤੇ ਸਪਲਾਈ ਖੇਤਰਾਂ ਦਾ ਨਿਯਮਤ ਰਿਕਾਰਡ ਰੱਖਦੇ ਹਨ। ਦਾਨੀਆਂ ਨਾਲ ਤਾਲਮੇਲ ਕਰਨ ਲਈ ਵੀ.ਪੀ.ਓਜ਼ ਵੱਲੋਂ ਵਟਸਐਪ ਗਰੁੱਪਾਂ ਬਣਾਏ ਗਏ ਹਨ ਤਾਂ ਜੋ ਭੋਜਨ ਸਮੱਗਰੀ ਦੀ ਵੰਡ ਵਿਚ ਕਿਸੇ ਕਿਸਮ ਦੀ ਡੁਪਲੀਕੇਸ਼ਨ (ਦੁਹਰਾਉਣਾ) ਤੋਂ ਬਚਿਆ ਜਾ ਸਕੇ। ਭੋਜਨ, ਦਵਾਈਆਂ, ਸੈਨੇਟਰੀ ਪੈਡ, ਸੈਨੇਟਾਈਜ਼ਰ, ਮਾਸਕ ਅਤੇ ਸਾਬਣ ਆਦਿ ਵਸਤਾਂ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਹਰੇਕ ਸਮੂਹ ਵਿੱਚ ਸਬੰਧਤ ਖੇਤਰਾਂ ਦੇ ਔਸਤਨ 60/70 ਵਿਅਕਤੀ ਹਨ। ਪਿੰਡ ਜਾਂ ਵਾਰਡ-ਵਾਰ ਜ਼ਰੂਰਤਾਂ ਦਾ ਮੁਲਾਂਕਣ ਇਕ ਦਿਨ ਪਹਿਲਾਂ ਕੀਤਾ ਜਾਂਦਾ ਹੈ ਜਿਸ ਨੂੰ ਫਿਰ ਡੀ.ਐਸ.ਪੀ. ਪੱਧਰ 'ਤੇ ਇਕਸਾਰ ਕੀਤਾ ਜਾਂਦਾ ਹੈ। ਸਾਰੇ ਦਾਨੀਆਂ ਤੋਂ ਪ੍ਰਾਪਤ ਰਾਸ਼ਨ ਦੀ ਵੰਡ ਐਨ.ਜੀ.ਓਜ਼ ਅਤੇ ਸਬੰਧਤ ਵੀਪੀਓਜ਼ ਦੁਆਰਾ ਕੀਤੀ ਜਾਂਦੀ ਹੈ, ਜੋ ਸਮਾਜਿਕ ਵਿੱਥ ਬਣਾਏ ਰੱਖਣ ਸਬੰਧੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹਨ। ਲੁਧਿਆਣਾ ਵਿੱਚ, ਸਾਰੀਆਂ 125 ਐਨਜੀਓਜ ਨੂੰ ਇੱਕ ਵਟਸਐਪ ਗਰੁੱਪ 'ਤੇ ਲਿਆਂਦਾ ਗਿਆ ਹੈ। ਉਹ ਜ਼ਰੂਰਤ ਦੇ ਅਧਾਰ 'ਤੇ ਲੰਗਰ ਤਿਆਰ ਕਰਦੇ ਹਨ ਅਤੇ ਫਿਰ ਪੁਲਿਸ ਦੀ ਸਹਾਇਤਾ ਨਾਲ ਲੰਗਰ ਵਰਤਾਇਆ ਜਾਂਦਾ ਹੈ। ਐਸ.ਐਚ.ਓਜ਼ ਅਤੇ ਵਲੰਟੀਅਰਾਂ ਦੁਆਰਾ ਲੁਧਿਆਣਾ ਦੇ 400 ਵੱਖ-ਵੱਖ ਇਲਾਕਿਆਂ ਤੋਂ ਜ਼ਰੂਰੀ ਵਸਤਾਂ ਇਕੱਤਰ ਕੀਤੀਆਂ ਜਾਂਦੀਆਂ ਹਨ, ਜਿੱਥੇ ਗਰੀਬ ਲੋਕ ਰਹਿੰਦੇ ਹਨ। ਖੰਨਾ ਨੂੰ ਵੱਖ ਵੱਖ ਜ਼ੋਨਾਂ ਵਿਚ ਵੰਡਿਆ ਗਿਆ ਹੈ। ਵੱਖ-ਵੱਖ ਦਾਨੀ ਅਤੇ ਸਮਾਜ ਭਲਾਈ ਸੰਸਥਾਵਾਂ ਲੋੜਵੰਦ ਲੋਕਾਂ ਨੂੰ ਭੋਜਨ ਅਤੇ ਜ਼ਰੂਰੀ ਸਮਾਨ ਦਾਨ ਕਰਨ ਲਈ ਅੱਗੇ ਆ ਰਹੀਆਂ ਹਨ। ਤਾਰੀਖ/ਸਮਾਂ ਸੂਚੀ ਬਣਾਈ ਗਈ ਹੈ ਅਤੇ ਲੋੜਵੰਦਾਂ ਨੂੰ ਜ਼ਰੂਰੀ ਵਸਤਾਂ ਅਤੇ ਪਕਾਇਆ ਭੋਜਨ ਦਾਨ ਕਰਨ ਲਈ ਵਿਸ਼ੇਸ਼ ਸਮਾਜ ਭਲਾਈ ਸੰਸਥਾਵਾਂ ਨੂੰ ਚੋਣਵੇਂ ਖੇਤਰ ਦਿੱਤੇ ਗਏ ਹਨ ਤਾਂ ਜੋ ਖਾਣੇ ਦੀ ਬਰਬਾਦੀ ਤੋਂ ਬਚਿਆ ਜਾ ਸਕੇ। ਇਸੇ ਤਰਾਂ ਲੁਧਿਆਣਾ ਦਿਹਾਤੀ ਵਿੱਚ ਵੀ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਅਤੇ ਜਥੇਬੰਦੀਆਂ ਦੀ ਸਹਾਇਤਾ ਨਾਲ ਲੋੜਵੰਦ ਲੋਕਾਂ ਤੱਕ ਤਿਆਰ ਭੋਜਨ ਅਤੇ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ।