ਅਕਾਲੀ ਦਲ ਦੇ ਧਰਨੇ ਦੌਰਾਨ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਹੋਰ ਆਗੂ ਲਏ ਹਿਰਾਸਤ 'ਚ, ਦੇਰ ਰਾਤ ਛੱਡਿਆ, ਪੁਲਿਸ ਵਲੋਂ ਲਾਠੀਚਾਰਜ

ਚੰਡੀਗੜ੍ਹ ,ਅਕਤੂਬਰ  2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅਕਾਲੀ ਦਲ ਵੱਲੋਂ ਤਿੰਨਾਂ ਤਖ਼ਤਾਂ ਤੋਂ ਕੱਢੇ ਗਏ ਕਿਸਾਨ ਮਾਰਚ ਨੂੰ ਚੰਡੀਗੜ੍ਹ ਪੁਲਿਸ ਨੇ ਬਾਰਡਰ 'ਤੇ ਰੋਕ ਲਿਆ।ਮੁੱਲਾਂਪੁਰ ਬੈਰੀਅਰ ਵਿਖੇ ਸੁਖਬੀਰ ਸਿੰਘ ਬਾਦਲ ਨੂੰ ਧਰਨੇ ਦੌਰਾਨ ਹਿਰਾਸਤ ‘ਚ ਲੈ ਲਿਆ ਗਿਆ ਹੈ । ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਸਿੰਘ ਚੀਮਾ ਨੂੰ ਵੀ ਹਿਰਾਸਤ ‘ਚ ਲੈ ਲਿਆ ਗਿਆ ਹੈ ਚੰਡੀਗੜ੍ਹ ਪੁਲਿਸ ਨੇ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹੋਰਨਾਂ ਅਕਾਲੀ ਆਗੂਆਂ ਨੂੰ ਜ਼ੀਰਕਪੁਰ ਸਰਹੱਦ 'ਚ ਧਰਨਾ ਦੇਣ 'ਤੇ ਹਿਰਾਸਤ 'ਚ ਲੈ ਲਿਆ, ਜਿਸ 'ਤੇ ਅਕਾਲੀ ਵਰਕਰ ਭੜਕ ਉੱਠੇ ਤੇ ਉਨ੍ਹਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਮਗਰੋਂ ਪੁਲਿਸ ਨੇ ਹਲਕਾ ਲਾਠੀਚਾਰਜ ਕਰ ਦਿੱਤਾ। ਦਮਦਮਾ ਸਾਹਿਬ ਤੋਂ ਕਿਸਾਨ ਮਾਰਚ ਦੀ ਅਗਵਾਈ ਕਰ ਕੇ ਨਿਕਲੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਰੀਬ 8.45 ਵਜੇ ਜ਼ੀਰਕਪੁਰ-ਚੰਡੀਗੜ੍ਹ ਸਰਹੱਦ 'ਤੇ ਪਹੁੰਚੇ। ਪੁਲਿਸ ਵੱਲੋਂ ਰੋਕੇ ਜਾਣ ਕਾਰਨ ਸਾਬਕਾ ਕੇਂਦਰੀ ਮੰਤਰੀ ਨੇ ਉੱਥੇ ਹੀ ਧਰਨਾ ਲਗਾ ਦਿੱਤਾ। ਹਰਸਿਮਰਤ ਦੇ ਇਲਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਵੀ ਪੁਲਿਸ ਨੇ ਹਿਰਾਸਤ 'ਚ ਲਿਆ ਹੈ। ਚੰਡੀਗੜ੍ਹ-ਜ਼ੀਰਕਪੁਰ ਸਰਹੱਦ ਤੇ ਚੰਡੀਗੜ੍ਹ-ਮੁੱਲਾਂਪੁਰ ਸਰਹੱਦ 'ਤੇ ਸਥਿਤੀ ਤਣਾਅਪੂਰਣ ਬਣੀ ਹੋਈ ਹੈ।

ਉੱਥੇ, ਦੂਜੇ ਪਾਸੇ ਹਰਿਮੰਦਰ ਸਾਹਿਬ ਤੋਂ ਮਾਰਚ ਲੈ ਕੇ ਨਿਕਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਪੁਲਿਸ ਨੇ ਮੁੱਲਾਂਪੁਰ 'ਚ ਬੈਰੀਕੇਡ ਲਗਾ ਕੇ ਰੋਕ ਦਿੱਤਾ।ਅਕਾਲੀ ਦਲ ਨੇ ਕਿਸਾਨ ਕਾਨੂੰਨਾਂ ਦੇ ਖ਼ਿਲਾਫ਼ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਤਿੰਨ ਤਖ਼ਤਾਂ ਤੋਂ ਅਲੱਗ-ਅਲੱਗ ਕਿਸਾਨ ਮਾਰਚ ਕੱਢਿਆ। ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਨਿਕਲੇ ਮਾਰਚ ਦੀ ਅਗਵਾਈ ਜਿੱਥੇ ਹਰਸਿਮਰਤ ਕੌਰ ਬਾਦਲ ਨੇ ਕੀਤੀ, ਉੱਥੇ ਹਰਿਮੰਦਰ ਸਾਹਿਬ ਤੋਂ ਨਿਕਲੇ ਮਾਰਚ ਦੀ ਅਗਵਾਈ ਸੁਖਬੀਰ ਬਾਦਲ ਨੇ ਕੀਤੀ ਜਦਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਨਿਕਲੇ ਮਾਰਚ ਦੀ ਅਗਵਾਈ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕੀਤੀ। ਕਿਸਾਨ ਮਾਰਚ ਨੇ ਸ਼ਾਮ ਪੰਜ ਵਜੇ ਤਕ ਚੰਡੀਗੜ੍ਹ ਪਹੁੰਚਣਾ ਸੀ ਪਰ ਰਸਤੇ 'ਚ ਅਕਾਲੀ ਦਲ ਦੇ ਵਰਕਰਾਂ ਨੇ ਥਾਂ-ਥਾਂ 'ਤੇ ਮਾਰਚ ਦਾ ਸਵਾਗਤ ਕੀਤਾ, ਜਿਸ ਕਾਰਨ ਮਾਰਚ ਦੇਰ ਰਾਤ 8.45 ਵਜੇ ਚੰਡੀਗੜ੍ਹ ਸਰਹੱਦ 'ਤੇ ਪਹੁੰਚਿਆ। ਉੱਥੇ, ਹਰਸਿਮਰਤ ਕੌਰ ਬਾਦਲ ਨੂੰ ਹਿਰਾਸਤ 'ਚ ਲੈਣ ਦੇ ਕਾਰਨ ਅਕਾਲੀ ਨੇਤਾਵਾਂ ਨੇ ਬੈਰੀਗੇਟਸ ਤੋੜਨ ਦੀ ਕੋਸ਼ਿਸ਼ ਕੀਤੀ ਜਿਸ 'ਤੇ ਪੁਲਿਸ ਨੇ ਲਾਠੀਚਾਰਜ ਕੀਤਾ। ਦੇਰ ਰਾਤ ਪੁਲਿਸ ਨੇ ਇਨ੍ਹਾਂ ਸਾਰੇ ਆਗੂਆਂ ਨੂੰ ਰਿਹਾਅ ਕਰ ਦਿੱਤਾ।