ਯੂ.ਕੇ. 'ਚ ਅਪ੍ਰੈਲ ਦੇ ਅਖੀਰ ਤੋਂ ਰੋਜ਼ਾਨਾ 1 ਲੱਖ ਟੈੱਸਟ ਹੋਇਆ ਕਰਨਗੇ– ਸਿਹਤ ਮੰਤਰੀ

ਲੰਡਨ,ਅਪ੍ਰੈਲ 2020 -(ਗਿਆਨੀ ਰਾਵਿਦਾਰਪਾਲ ਸਿੰਘ )-

ਯੂ.ਕੇ. ਵਿਚ ਕੋਰੋਨਾ ਵਾਇਰਸ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ । ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਤੋਂ ਲੋਕ ਸੰਤੁਸ਼ਟ ਹੁੰਦੇ ਨਜ਼ਰ ਨਹੀਂ ਆ ਰਹੇ । ਬੀਤੇ ਕੁਝ ਦਿਨਾਂ ਤੋਂ ਮਰਨ ਵਾਲਿਆਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ ਹੈ, ਜਿਸ ਨੂੰ ਲੈ ਕੇ ਲੋਕ ਚਿੰਤਤ ਹਨ । ਸਰਕਾਰ ਦੀ ਦਿਨੋਂ ਦਿਨ ਵੱਧ ਰਹੀ ਆਲੋਚਨਾ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਰੋਜ਼ਾਨਾ ਦੇਸ਼ ਵਾਸੀਆਂ ਨੂੰ ਦਿੱਤੀ ਜਾਣ ਵਾਲੀ ਜਾਣਕਾਰੀ ਦੌਰਾਨ ਸਿਹਤ ਮੰਤਰੀ ਮੈਟ ਹੁਨਕ ਨੇ ਕਿਹਾ ਕਿ ਅਪ੍ਰੈਲ ਦੇ ਅਖੀਰ ਤੋਂ 1 ਲੱਖ ਕੋਰੋਨਾ ਵਾਇਰਸ ਦੇ ਟੈੱਸਟ ਹੋਣੇ ਸ਼ੁਰੂ ਹੋ ਜਾਣਗੇ, ਜਦਕਿ ਹੁਣ 10 ਹਜ਼ਾਰ ਦੇ ਕਰੀਬ ਟੈੱਸਟ ਹੁੰਦੇ ਹਨ ।ਅਪ੍ਰੈਲ ਦੇ ਮੱਧ ਤੱਕ 25000 ਪ੍ਰਤੀ ਦਿਨ ਟੈੱਸਟ ਸ਼ੁਰੂ ਕਰਨ ਦਾ ਸਰਕਾਰ ਦਾ ਟੀਚਾ ਹੈ । ਇਸ ਦੇ ਨਾਲ ਹੀ ਯੂ. ਕੇ. ਸਰਕਾਰ ਨੇ ਸਿਹਤ ਵਿਭਾਗ ਦਾ 13.4 ਅਰਬ ਪੌਡ ਦਾ ਕਰਜ਼ਾ ਖ਼ਤਮ ਕਰਨ ਦੀ ਗੱਲ ਕਹੀ ਹੈ । ਦੇਸ਼ ਭਰ ਵਿਚ ਕੱਲ੍ਹ ਸ਼ਾਮੀ ਸਿਹਤ ਵਿਭਾਗ ਦੇ ਕਰਮੀਆਂ ਅਤੇ ਮੂਹਰਲੀ ਕਤਾਰ ਵਿਚ ਕੰਮ ਕਰਨ ਵਾਲੇ ਕਾਮਿਆਂ ਦਾ ਤਾੜੀਆਂ ਮਾਰ ਕੇ ਧੰਨਵਾਦ ਕੀਤਾ ਗਿਆ । ਲੋਕਾਂ ਨੇ ਇਸ ਮੌਕੇ ਆਪੋ ਆਪਣੇ ਢੰਗ ਨਾਲ ਤਾੜੀਆਂ, ਥਾਲੀਆਂ ਚਮਚੇ ਅਤੇ ਇੱਥੋਂ ਤੱਕ ਕਿ ਕੁਝ ਲੋਕਾਂ ਨੇ ਵਾਜੇ ਵਜਾ ਕੇ ਐਨ.ਐਚ.ਐਸ. ਦੇ ਕਾਮਿਆਂ ਦੀ ਹੌਸਲਾ ਅਫਜ਼ਾਈ ਕੀਤੀ ।