ਲੰਡਨ, ਅਪ੍ਰੈਲ 2020 -(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿੰਦਰਪਾਲ ਸਿੰਘ)-
ਕੋਰੋਨਾ ਵਾਇਰਸ ਕਾਰਨ ਹਵਾਈ ਕੰਪਨੀਆਂ ਦੇ 90 ਫ਼ੀਸਦੀ ਉਡਾਨਾਂ ਰੱਦ ਹੋਣ ਕਾਰਨ ਬਿ੍ਟਿਸ਼ ਏਅਰਵੇਜ਼ ਨੇ ਆਪਣੇ 30 ਹਜ਼ਾਰ ਦੇ ਕਰੀਬ ਕਰਮਚਾਰੀਆਂ ਨੂੰ ਅਸਥਾਈ ਤੌਰ 'ਤੇ ਛੁੱਟੀ ਦੇ ਦਿੱਤੀ ਹੈ। ਯੂਨਾਈਟ ਟ੍ਰੇਡ ਯੂਨੀਅਨ, ਬਿ੍ਟਿਸ਼ ਪਾਇਲਟ ਐਸੋਸੀਏਸ਼ਨ ਅਤੇ ਜੀ. ਐਮ. ਬੀ. ਯੂਨੀਅਨ ਨੇ ਕੱਲ ਇਸ ਦਾ ਐਲਾਨ ਕੀਤਾ। ਟ੍ਰੇਡ ਯੂਨੀਅਨਾਂ ਜੋ ਬਿ੍ਟਿਸ਼ ਏਅਰਵੇਜ਼ ਦੇ ਹਜ਼ਾਰਾਂ ਕਰਮਚਾਰੀਆਂ ਦੀ ਨੁਮਾਇੰਦਗੀ ਕਰਦੀਆਂ ਹਨ, ਨੇ ਆਖਿਆ ਕਿ ਕੰਪਨੀ ਦੇ ਨਾਲ ਕਰੀਬ 30 ਹਜ਼ਾਰ ਕਰਮਚਾਰੀਆਂ ਲਈ ਸਰਕਾਰ ਦੇ ਵਪਾਰ ਬਚਾਓ ਪ੍ਰੋਗਰਾਮ ਨਿਯਮਾਂ ਤਹਿਤ ਸਮਝੌਤਾ ਕੀਤਾ ਹੈ ਜਿਸ ਅਨੁਸਾਰ ਕਾਮਿਆਂ ਨੂੰ ਘਰ ਬੈਠਿਆਂ 80 ਫ਼ੀਸਦੀ ਤਨਖ਼ਾਹ ਮਿਲੇਗੀ। ਯੂਨਾਈਟ ਦੀ ਹਵਾਈ ਖੇਤਰ ਦੇ ਰਾਸ਼ਟਰੀ ਅਧਿਕਾਰੀ ਓਲੀਵਰ ਰਿਚਰਡਸਨ ਨੇ ਆਖਿਆ ਕਿ ਪੂਰਾ ਹਵਾਬਾਜ਼ੀ ਖੇਤਰ ਜਿਨ੍ਹਾਂ ਮੌਜੂਦਾ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ, ਉਸ ਨੂੰ ਦੇਖਦੇ ਹੋਏ ਇਹ ਸਾਡੇ ਮੈਂਬਰਾਂ ਲਈ ਚੰਗਾ ਫ਼ੈਸਲਾ ਹੈ |