You are here

ਲੋਕ ਹਿੱਤ ਨੂੰ ਮੁੱਖ ਰੱਖਦਿਆਂ ਜ਼ਿਲਾ ਮੈਜਿਸਟ੍ਰੇਟ ਨੇ ਕਰਫਿਊ ਦੌਰਾਨ ਦਿੱਤੇ ਕੁਝ ਛੋਟ ਦੇ ਹੁਕਮ

ਕਪੂਰਥਲਾ ,ਮਾਰਚ 2020 -(ਹਰਜੀਤ ਸਿੰਘ ਵਿਰਕ)-
ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਵਿਚ ਮਿਤੀ 23 ਮਾਰਚ 2020 ਨੂੰ ਜ਼ਿਲੇ ਵਿਚ ਅਗਲੇ ਹੁਕਮਾਂ ਤੱਕ ਕਰਫਿੳੂ ਲਗਾਏ ਜਾਣ ਦੇ ਹੁਕਮ ਜਾਰੀ ਕੀਤੇ ਸਨ, ਜਿਸ ਵਿਚ ਕੋਈ ਵੀ ਦੁਕਾਨ ਖੋਲਣ ਅਤੇ ਕਿਸੇ ਵੀ ਵਿਅਕਤੀ ਦੇ ਘਰਾਂ ਤੋਂ ਬਾਹਰ ਚੱਲਣ-ਫਿਰਨ ’ਤੇ ਮਨਾਹੀ ਹੈ। ਜ਼ਿਲਾ ਮੈਜਿਸਟ੍ਰੇਟ ਵੱਲੋਂ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਕਰਫਿੳੂ ਦੌਰਾਨ ਕੁਝ ਛੋਟ ਦੇ ਹੁਕਮ ਦਿੱਤੇ ਹਨ। 
  ਇਨਾਂ ਹੁਕਮਾਂ ਅਨੁਸਾਰ ਡੇਅਰੀਆਂ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਖੋਲੀਆਂ ਜਾਣਗੀਆਂ ਅਤੇ ਦੋਧੀਆਂ ਵੱਲੋਂ ਘਰ-ਘਰ ਜਾ ਕੇ ਦੁੱਧ ਦੀ ਸਪਲਾਈ ਦਾ ਕੰਮ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਕੀਤਾ ਜਾਵੇਗਾ। ਸਵੇਰੇ 8 ਵਜੇ ਤੋਂ ਬਾਅਦ ਦੋਧੀਆਂ ਦੇ ਚੱਲਣ-ਫਿਰਨ ’ਤੇ ਮਨਾਹੀ ਹੋਵੇਗੀ। ਇਸੇ ਤਰਾਂ ਹਾਕਰਜ਼ ਵੱਲੋਂ ਅਖ਼ਬਾਰਾਂ ਵੰਡਣ ਦਾ ਕੰਮ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਕੀਤਾ ਜਾਵੇਗਾ। ਸਵੇਰੇ 8 ਵਜੇ ਤੋਂ ਬਾਅਦ ਹਾਕਰਜ਼ ਦੇ ਚੱਲਣ-ਫਿਰਨ ’ਤੇ ਮਨਾਹੀ ਹੋਵੇਗੀ। ਕੈਮਿਸਟ ਸ਼ਾਪ ਅਤੇ ਪੈਟਰੋਲ ਪੰਪ ਰੋਜ਼ਾਨਾ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਖੋਲੇ ਜਾਣਗੇ। ਸਬਜ਼ੀਆਂ ਅਤੇ ਫਲ਼ਾਂ ਦੀ ਵਿਕਰੀ ਸਮੂਹ ਉੱਪ ਮੰਡਲ ਮੈਜਿਸਟਰੇਟਸ ਵੱਲੋਂ ਸ਼ਨਾਖ਼ਤ ਕੀਤੇ ਗਏ ਰੇਹੜੀ ਵਿਕਰੇਤਾ ਵੱਲੋਂ ਮੁਹੱਲਿਆਂ ਵਿਚ ਰੋਜ਼ਾਨਾ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਜਾ ਕੇ ਕੀਤੀ ਜਾਵੇਗੀ। ਇਸੇ ਤਰਾਂ ਕਰਿਆਨਾ ਅਤੇ ਬੇਕਰੀ ਦੀ ਸਪਲਾਈ ਸਬੰਧੀ ਆਮ ਜਨਤਾ ਵੱਲੋਂ ਲੋੜ ਪੈਣ ’ਤੇ ਸਬੰਧਤ ਸ਼ਾਪਕੀਪਰ ਨਾਲ ਫੋਨ ’ਤੇ ਸੰਪਰਕ ਕੀਤਾ ਜਾਵੇ, ਜਿਨਾਂ ਵੱਲੋਂ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਇਨਾਂ ਸੁਵਿਧਾਵਾਂ ਦੀ ‘ਹੋਮ ਡਿਲੀਵਰੀ’ ਕੀਤੀ ਜਾਵੇਗੀ। 
     ਸਮੂਹ ਗੈਸ ਏਜੰਸੀਆਂ ਵੱਲੋਂ ਕਰਫਿੳੂ ਦੌਰਾਨ ਰੋਜ਼ਾਨਾ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਗੈਸ ਦੀ ਸਪਲਾਈ ਘਰ-ਘਰ ਕੀਤੀ ਜਾਵੇਗੀ ਅਤੇ ਬਾਅਦ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤੀ ਜਾ ਰਹੀ ਸਪਲਾਈ ਵੀ ਜਾਰੀ ਰਹੇਗੀ।  ਪਸ਼ੂਆਂ ਲਈ ਤੂੜੀ ਅਤੇ ਚਾਰੇ ਸਬੰਧੀ ਸਾਰੀ ਕਾਰਵਾਈ (ਢੋਆ-ਢੁਆਈ ਲੋਡਿੰਗ/ਅਨਲੋਡਿੰਗ) ਟਾਲ ਅਤੇ ਦੁਕਾਨਾਂ ਰੋਜ਼ਾਨਾ ਸਵੇਰੇ 2 ਵਜੇ ਤੋਂ ਸਵੇਰੇ 8 ਵਜੇ (6 ਘੰਟੇ) ਤੱਕ ਖੁੱਲਣਗੀਆਂ। ਪੋਲਟਰੀ ਫੀਡ/ਕੈਟਲ ਫੀਡ ਦੀਆਂ ਦੁਕਾਨਾਂ ਹਫ਼ਤੇ ਵਿਚ ਦੋ ਵਾਰ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸਵੇਰੇ 2 ਵਜੇ ਤੋਂ ਸਵੇਰੇ 8 ਵਜੇ (6 ਘੰਟੇ) ਤੱਕ ਖੁੱਲਣਗੀਆਂ। ਜ਼ਿਲਾ ਕਪੂਰਥਲਾ ਦੇ ਸਾਰੇ ਪ੍ਰਾਈਵੇਟ ਹਸਪਤਾਲ/ਕਲੀਨਿਕ ਕੇਵਲ ਐਮਰਜੈਂਸੀ ਸੇਵਾਵਾਂ ਲਈ ਖੁੱਲੇ ਰਹਿਣਗੇ। ਸਮੂਹ ਧਾਰਮਿਕ ਜਥੇਬੰਦੀਆਂ/ਸੰਸਥਾਵਾਂ ਨੂੰ ਦੱਸਿਆ ਜਾਂਦਾ ਹੈ ਕਿ ਮੰਦਿਰ, ਗੁਰਦੁਆਰਾ, ਮਸਜਿਦ, ਚਰਚ ਵਿਚ ਮੁੱਖ ਪੁਜਾਰੀ, ਗ੍ਰੰਥੀ, ਮੌਲਵੀ, ਪਾਦਰੀ ਵੱਲੋਂ ਹੀ ਧਾਰਮਿਕ ਕਾਰਜ ਕੀਤਾ ਜਾਵੇ ਅਤੇ ਧਾਰਮਿਕ ਸਥਾਨਾਂ ਦੇ ਮੁੱਖ ਦਵਾਰ ਬੰਦ ਰੱਖੇ ਜਾਣ ਤਾਂ ਜੋ ਆਮ ਪਬਲਿਕ ਦੇ ਇਕੱਠ ਨੂੰ ਰੋਕਿਆ ਜਾ ਸਕੇ। ਮੁੱਖ ਖੇਤੀਬਾੜੀ ਅਫ਼ਸਰ ਨੂੰ ਹਦਾਇਤ ਕੀਤੀ ਗਈ ਹੈ ਕਿ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਖੋਲੀਆਂ ਜਾਣ। ਵੇਰਕਾ ਵੱਲੋਂ ਘਰ-ਘਰ ਦੁੱਧ ਦੀ ਸਪਲਾਈ ਮੋਬਾਈਲ ਵੈਨ ਰਾਹੀਂ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਕੀਤੀ ਜਾਵੇਗੀ। 
     ਲੀਡ ਬੈਂਕ ਮੈਨੇਜਰ ਕਪੂਰਥਲਾ ਨੂੰ ਹਦਾਇਤ ਕੀਤੀ ਗਈ ਹੈ ਕਿ ਸ਼ਹਿਰੀ ਖੇਤਰ ਵਿਚ (ਨਗਰ ਨਿਗਮ ਕਪੂਰਥਲਾ, ਫਗਵਾੜਾ, ਨਗਰ ਕੋਂਸਲ ਸੁਲਤਾਨਪੁਰ ਲੋਧੀ, ਨਗਰ ਪੰਚਾਇਤ ਬੇਗੋਵਾਲ, ਭੁਲੱਥ ਢਿਲਵਾਂ ਅਤੇ ਨਡਾਲਾ) ਦੀ ਹਦੂਦ ਅੰਦਰ ਸਾਰੇ ਬੈਂਕਾਂ ਦੀ ਕੇਵਲ ਇਕ ਬ੍ਰਾਂਚ ਰੋਜ਼ਾਨਾ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੀ ਰਹੇਗੀ। ਪੇਂਡੂ ਖੇਤਰ ਵਿਚ ਪੰਜਾਬ ਨੈਸ਼ਨਲ ਬੈਂਕ (ਰਿਹਾਣਾ ਜੱਟਾਂ, ਕਾਲਾ ਸੰਘਿਆਂ, ਤਲਵੰਡੀ ਚੌਧਰੀਆਂ ਅਤੇ ਰਾਮਗੜ) ਪੰਜਾਬ ਐਂਡ ਸਿੰਘ ਬੈਂਕ (ਚਾਚੋਕੀ, ਭਵਾਨੀਪੁਰ, ਮੋਠਾਂਵਾਲਾ ਅਤੇ ਇਬਰਾਹੀਮਵਾਲ), ਪੰਜਾਬ ਗ੍ਰਾਮੀਣ ਬੈਂਕ (ਨੰਗਲ ਮੱਝਾ, ਇੱਬਣ, ਖਾਲੂ ਅਤੇ ਬਜਾਜ), ਕਪੂਰਥਲਾ ਸੈਂਟਰਲ ਕੋਆਪ੍ਰੇਟਿਵ ਬੈਂਕ (ਕਬੀਰਪੁਰ, ਖੱਸਣ, ਲੱਖਣ ਕੇ ਪੱਡੇ ਅਤੇ ਜਗਤਪੁਰ ਜੱਟਾਂ) ਅਗਲੇ ਹੁਕਮਾਂ ਤੱਕ ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੀਆਂ ਰਹਿਣਗੀਆਂ। ਬ੍ਰਾਂਚ ਮੈਨੇਜਰ ਇਹ ਯਕੀਨੀ ਬਣਾਉਣਗੇ ਕਿ ਰੋਜ਼ਾਨਾ ਕੇਵਲ 50 ਫੀਸਦੀ ਸਟਾਫ ਹਾਜ਼ਰ ਹੋਵੇ। 
     ਸਬ-ਡਵੀਜ਼ਨ ਕਪੂਰਥਲਾ ਦੇ ਸਟਾਫ ਦੇ ਸ਼ਨਾਖ਼ਤੀ ਕਾਰਡ ਡਿਪਟੀ ਕਮਿਸ਼ਨਰ ਦਫ਼ਤਰ ਕਪੂਰਥਲਾ ਵੱਲੋਂ ਅਤੇ ਬਾਕੀ ਸਬ-ਡਵੀਜ਼ਨਾਂ ਨਾਲ ਸਬੰਧਤ ਸ਼ਨਾਖਤੀ ਕਾਰਡ ਸਬੰਧਤ ਉੱਪ ਮੰਡਲ ਮੈਜਿਸਟਰੇਟ ਵੱਲੋਂ ਜਾਰੀ ਕਰਵਾਏ ਜਾਣੇ ਯਕੀਨੀ ਬਣਾਏ ਜਾਣ। ਇਨਾਂ ਬੈਂਕਾਂ ਵਿਚ ਕੇਲ ਜ਼ਰੂਰੀ ਟ੍ਰਾਂਜ਼ੈਕਸ਼ਨਸ, ਜਿਵੇਂ ਕਿ ਕੈਸ਼ ਟ੍ਰਾਂਸਜ਼ੈਕਸ਼ਨਸ, ਰਿਮਿਟਟੈਂਸਸ, ਸਰਕਾਰੀ ਟ੍ਰਾਂਜ਼ੈਕਸ਼ਨਸ, ਕਲੀਅਰਿੰਗ ਹੀ ਕੀਤੇ ਜਾਣਗੇ। ਸਾਰੇ ਬੈਂਕਾਂ ਦੀਆਂ ਟਰੱਜ਼ਰੀ ਅਤੇ ਕਰੰਸੀ ਚੈਸਟ ਦੁਪਹਿਰ 1 ਵਜਤੇ ਤੋਂ ਸ਼ਾਮ 5 ਵਜੇ ਤੱਕ ਬੁੱਧਵਾਰ ਅਤੇ ਸ਼ੁੱਕਰਵਾਰ ਖੁੱਲੀਆਂ ਰਹਿਣਗੀਆਂ। ਸਾਰੇ ਬੈਂਕਾਂ ਦੇ ਏ. ਟੀ. ਐਮ ਸਵੇਰੇ 5 ਵਜੇ ਤੋਂ ਸਵੇਰੇ 8 ਵਜਤੇ ਤੱਕ ਖੁੱਲਣਗੇ ਅਤੇ ਏ. ਟੀ. ਐਮ ਵਿਚ ਕੈਸ਼ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਪਾਇਆ ਜਾਵੇਗਾ। ਸਾਰੇ ਬੈਂਕ ਮੈਨੇਜਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੇ-ਆਪਣੇ ਬੈਂਕ ਵਿਚ ਸਟਾਫ/ਪਬਲਿਕ ਨੂੰ ਕੋਵਿਡ-19 ਤੋਂ ਬਚਣ ਲਈ ਇਹਤਿਆਤ, ਜਿਵੇਂ ਕਿ ਆਪਸ ਵਿਚ 3 ਫੁੱਟ ਦੀ ਪੂਰੀ, ਸੈਨੀਟਾਈਜ਼ਰ ਮਾਸਕ ਅਤੇ ਗਲੱਵਜ਼ ਆਦਿ ਦਾ ਇਸਤੇਮਾਲ ਕਰਨ ਨੂੰ ਯਕੀਨੀ ਬਣਾਉਣਗੇ। 
ਜ਼ਿਲੇ ਦੇ ਸਮੂਹ ਆਲੂ ਉਤਪਾਦਕ ਕਿਸਾਨ ਆਲੂ ਦੀ ਪੁਟਾਈ ਅਤੇ ਸਾਂਭ-ਸੰਭਾਲ (ਗਰੇਡਿੰਗ ਪੈਕਿੰਗ ਅਤੇ ਕੋਲਡ ਸਟੋਰ ਵਿਚ ਰੱਖਣਾ ਆਦਿ) ਲਈ ਕੰਮ ਕਰਦੇ ਸਮੇਂ ਲੇਬਰ ਵਿਚ ਇਕ-ਦੂਜੇ ਤੋਂ ਇਕ ਮੀਟਰ ਤੋਂ ਵੱਧ ਦੀ ਦੂਰੀ ਬਣਾ ਕੇ ਰੱਖਣ, ਲੇਬਰ ਲਈ ਮਾਸਕ, ਦਸਤਾਨੇ, ਸੈਨੀਟਾਈਜ਼ਰ ਆਦਿ ਮੁਹੱਈਆ ਕਰਵਾਉਣ ਲਈ ਜਿੰਮੇਵਾਰ ਹੋਣਗੇ। ਲੇਬਰ ਨੂੰ ਕੰਮ ਕਰਨ ਵਾਲੀ ਜਗਾ ਤੱਕ ਲਿਜਾਣ/ਛੱਡਣ ਦੀ ਜਿੰਮੇਵਾਰੀ ਵੀ ਕਿਸਾਨ ਦੀ ਹੋਵੇਗੀ। ਟਰਾਲੀ/ਹੋਰ ਸਾਧਨ ਦੀ ਵਰਤੋਂ ਕਰਦੇ ਹੋਏ ਲੇਬਰ ਨੂੰ ਲਿਜਾਣ/ਛੱਡਣ ਸਮੇਂ 10 ਤੋਂ ਵੱਧ ਲੇਬਰ ਨਾ ਬਿਠਾਉਣਾ ਯਕੀਨੀ ਬਣਾਉਣ ਦੀ ਵੀ ਹਦਾਇਤ ਕੀਤੀ ਗਈ ਹੈ।
ਆਮ ਜਨਤਾ ਲਈ ਪਾਸ ਵਧੀਕ ਡਿਪਟੀ ਕਮਿਸ਼ਨਰ (ਜ) ਕਪੂਰਥਲਾ ਵੱਲੋਂ, ਸਰਕਾਰੀ ਕਰਮਚਾਰੀਆਂ ਲਈ ਸੁਪਰਡੈਂਟ ਗਰੇਡ-1 ਦਫ਼ਤਰ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ, ਫੂਡ ਗਰੇਨ ਅਤੇ ਕਰਿਆਨਾ ਸਟੋਰਾਂ ਲਈ ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਕਪੂਰਥਲਾ ਵੱਲੋਂ, ਖੇਤੀ ਨਾਲ ਸਬੰਧਤ ਖਾਦਾਂ ਅਤੇ ਦਵਾਈਆਂ ਅਤੇ ਲੇਬਰ ਦੇ ਪਾਸ ਡਿਪਟੀ ਡਾਇਰੈਕਟਰ ਬਾਗਬਾਨੀ ਅਤੇ ਮੁੰਖ ਖੇਤੀਬਾੜੀ ਅਫ਼ਸਰ ਵੱਲੋਂ, ਸਬਜ਼ੀਆਂ ਅਤੇ ਫਲਾਂ ਦੀਆਂ ਰੇਹੜੀਆਂ ਸਬੰਧੀ ਡਿਪਟੀ ਡੀ. ਐਮ. ਓ ਕਪੂਰਥਲਾ ਵੱਲੋਂ ਅਤੇ ਇਸ ਤੋਂ ਇਲਾਵਾ ਫਗਵਾੜਾ/ਸੁਲਤਾਨਪੁਰ ਲੋਧੀ ਅਤੇ ਭੁਲੱਥ ਨਾਲ ਸਬੰਧਤ ਪਾਸ ਸਬੰਧਤ ਉੱਪ ਮੰਡਲ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਜਾਣਗੇ। 
ਉਪਰੋਕਤ ਸੁਵਿਧਾਵਾਂ ਲਈ ਕੇਵਲ ਇਕ ਹੀ ਵਿਅਕਤੀ ਘਰ ਤੋਂ ਬਾਹਰ ਆਵੇਗਾ। ਜੇਕਰ ਉਪਰੋਕਤ ਸੁਵਿਧਾਵਾਂ ਲੈਣ ਵਿਚ ਕਿਸੇ ਵਿਅਕਤੀ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਕੰਟਰੋਲ ਰੂਮ ਦੇ ਨੰਬਰਾਂ ’ਤੇ ਸੰਪਰਕ ਕਰ ਸਕਦਾ ਹੈ। ਇਨਾਂ ਵਿਚ ਪੁਲਿਸ ਕੰਟਰੋਲ ਰੂਮ ਦੇ ਨੰਬਰਾਂ 81948-00091, 95929-14519, 01822-233768 ਜਾਂ 100 ਅਤੇ 112 ਉੱਤੇ ਕਾਲ ਕੀਤੀ ਜਾ ਸਕਦੀ ਹੈ। ਇਸੇ ਤਰਾਂ ਸਬ-ਡਵੀਜ਼ਨ ਪੱਧਰ ’ਤੇ ਸਬ-ਡਵੀਜ਼ਨ ਕਪੂਰਥਲਾ ਦੇ ਕੰਟਰੋਲ ਰੂਮ ਨੰਬਰ 88724-31200, ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ 98725-74175, ਸਬ-ਡਵੀਜ਼ਨ ਭੁਲੱਥ ਦੇ 01822-244202 ਅਤੇ ਸਬ-ਡਵੀਜ਼ਨ ਫਗਵਾੜਾ ਦੇ 01824-260201 ਅਤੇ 62397-45143 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।  
ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।