ਬਜ਼ੁਰਗਾਂ ਨੂੰ ਘਰ ਬੈਠੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਲੋੜੀਂਦੀਆਂ ਵਸਤਾਂ ਤੇ ਦਵਾਈਆਂ

ਕਪੂਰਥਲਾ ,ਮਾਰਚ 2020- (ਹਰਜੀਤ ਸਿੰਘ ਵਿਰਕ)-
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਕਰਫਿੳੂ ਦੌਰਾਨ ਜ਼ਿਲੇ ਦੇ 60 ਸਾਲ ਤੋਂ ਉੱਪਰ ਉਮਰ ਵਾਲੇ ਬਜ਼ੁਰਗਾਂ ਨੂੰ ਜ਼ਰੂਰੀ ਸਾਮਾਨ ਘਰ ਬੈਠੇ ਮੁਹੱਈਆ ਕਰਵਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਬਜ਼ੁਰਗਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਨਾਂ ਨੂੰ ਜੇਕਰ ਕਰਫਿੳੂ ਦੌਰਾਨ ਕਿਸੇ ਕਰਿਆਨਾ, ਸਬਜ਼ੀਆਂ, ਫਲ ਜਾਂ ਦਵਾਈਆਂ ਆਦਿ ਦੀ ਲੋੜ ਹੈ ਤਾਂ ਉਨਾਂ ਨੂੰ ਇਹ ਸਾਮਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਘਰ ਬੈਠੇ ਮੁਹੱਈਆ ਕਰਵਾਇਆ ਜਾਵੇਗਾ। ਇਸ ਸਬੰਧੀ ਸਬ-ਡਵੀਜ਼ਨ ਪੱਧਰ ’ਤੇ ਨੰਬਰ ਜਾਰੀ ਕੀਤੇ ਗਏ ਹਨ, ਜਿਨਾਂ ’ਤੇ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਫੋਨ ਕਰਕੇ ਬਜ਼ੁਰਗ ਆਪਣਾ ਨਾਂਅ, ਉਮਰ, ਪੂਰਾ ਪਤਾ ਅਤੇ ਮੰਗਵਾਈਆਂ ਜਾਣ ਵਾਲੀਆਂ ਵਸਤਾਂ ਦਾ ਵੇਰਵਾ ਦੇ ਕੇ ਇਹ ਸਹੂਲਤ ਲੈ ਰਹੇ ਹਨ। ਮੰਗਵਾਏ ਗਏ ਸਾਮਾਨ ਦੇ ਕੇਵਲ ਬਿੱਲ ਦੀ ਅਦਾਇਗੀ ਹੀ ਉਨਾਂ ਵੱਲੋਂ ਕੀਤੀ ਜਾ ਰਹੀ ਹੈ। ਇਸ ਤਹਿਤ 1000 ਰੁਪਏ ਤੱਕ ਦਾ ਸਾਮਾਨ ਮੰਗਵਾਇਆ ਜਾ ਸਕਦਾ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਸਬ-ਡਵੀਜ਼ਨ ਪੱਧਰ ’ਤੇ ਸਮਾਜ ਸੇਵੀ ਸੰਸਥਾਵਾਂ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਔਖੀ ਘੜੀ ਵਿਚ ਜ਼ਿਲਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਜ਼ਿਲੇ ਦੀਆਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ, ਜੋ ਕਿ ਮਨੁੱਖਤਾ ਦੇ ਭਲੇ ਵਾਲੇ ਇਸ ਕੰਮ ਲਈ ਜੀਅ-ਜਾਨ ਨਾਲ ਜੁੱਟੀਆਂ ਹੋਈਆਂ ਹਨ। ਜ਼ਿਲਾ ਵਾਸੀਆਂ ਵੱਲੋਂ ਪ੍ਰਸ਼ਾਸਨ ਦੇ ਇਸ ਕੰਮ ਦੀ ਭਾਰੀ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਬੇਹੱਦ ਔਖੀ ਘੜੀ ਵਿਚ ਵੀ ਉਨਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਅਤੇ ਉਨਾਂ ਦੇ ਦਰਾਂ ’ਤੇ ਸਾਰਾ ਲੋੜੀਂਦਾ ਸਾਮਾਨ ਪੁਹੁੰਚ ਰਿਹਾ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਸਮਾਜ ਸੇਵੀ ਸੰਸਥਾਵਾਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਹੈ ਕਿ ਇਸ ਮੌਕੇ ਇਹੀ ਅਸਲੀ ਮਨੁੱਖਤਾ ਦੀ ਸੇਵਾ ਹੈ।