ਪੰਜਾਬ ਸਰਕਾਰ ਦਾ ਨਵਾਂ ਫੁਰਮਾਨ : ਇੱਕ ਬੀਡੀਪੀਓ ਹੈ ਕੋਲ ਪੂਰੇ ਬਰਨਾਲਾ ਜਿਲ੍ਹੇ ਦਾ ਚਾਰਜ

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਸਰਕਾਰ ਦੀ ਡੰਗ ਟਪਾਊ ਨੀਤੀ ਖਿਲਾਫ ਨਾਅਰੇਬਾਜੀ, ਲੋਕਾਂ ਦੀ ਖੱਜਲ ਖੁਆਰੀ ਨੂੰ ਵੇਖਦਿਆ ਖਾਲੀ ਅਸਾਮੀਆ ਭਰਨ ਦੀ ਮੰਗ 

ਮਹਿਲ ਕਲਾਂ/ਬਰਨਾਲਾ, ਮਾਰਚ 2020-(ਗੁਰਸੇਵਕ ਸਿੰਘ ਸੋਹੀ)-
ਪੰਜਾਬ ਸਰਕਾਰ ਵੱਲੋਂ ਡੰਗ ਟਪਾਊ ਨੀਤੀ ਦੇ ਚੱਲਦਿਆ ਬੀਡੀਪੀਓ ਮਹਿਲ ਕਲਾਂ ਨੂੰ ਪੂਰੇ ਬਰਨਾਲਾ ਜਿਲ੍ਹੇ ਦਾ ਚਾਰਜ ਦੇ ਦਿੱਤਾ ਗਿਆ ਹੈ ਜਿਸ ਨਾਲ ਜਿੱਥੇ ਬਲਾਕ ਦਫਤਰਾਂ ਵਿੱਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕ ਖੱਜਲ ਖੁਆਰ ਹੋ ਰਹੇ ਹਨ ਉੱਥੇ ਸਬੰਧਤ ਬੀਡੀਪੀਓ ਵੀ ਪੂਰਾ ਦਿਨ ਇੱਕ ਦਫਤਰ ਤੋਂ ਦੂਜੇ ਦਫਤਰ ਜਾਣ ਲਈ ਮਜਬੂਰ ਹੈ।
ਪੰਜਾਬ ਸਰਕਾਰ ਵੱਲੋਂ ਹਰ ਜਿਲ੍ਹੇ ਵਿੱਚ ਰੁਜਗਾਰ ਮੇਲੇ ਲਗਾ ਕੇ ਭਾਵੇਂ ਨਿੱਜੀ ਕੰਪਨੀਆ ਨੂੰ ਤਾਂ ਮਾਮੂਲੀ ਤਨਖਾਹਾਂ 'ਤੇ ਬੇਰੁਜਗਾਰ ਨੌਜਵਾਨ ਮੁਹੱਈਆ ਕਰ ਦਿੱਤੇ ਗਏ ਹਨ ਪਰ ਆਪਣਾ ਅੱਧਿਓਂ ਵੱਧ ਕਾਰਜਕਾਲ ਪੂਰਾ ਕਰ ਚੁੱਕੀ ਸਰਕਾਰ ਸਰਕਾਰੀ ਦਫਤਰਾਂ ਵਿੱਚ ਮੁਲਾਜਮ ਪੂਰੇ ਨਹੀਂ ਕਰ ਸਕੀ।ਬਲਾਕ ਦਫਤਰ ਮਹਿਲ ਕਲਾਂ ਦੀ ਸਥਿਤੀ ਇਹ ਬਣੀ ਹੋਈ ਹੈ ਕਿ ਇਸ ਦਫਤਰ ਵਿੱਚ ਪੰਚਾਇਤ ਅਫਸਰ ਸਮੇਤ ਅੱਧੀ ਦਰਜਨ ਦੇ ਕਰੀਬ ਹੋਰ ਵੀ ਮਹੱਤਵਪੂਰਨ ਅਸਾਮੀਆ ਖਾਲੀ ਪਈਆ ਹਨ ਜਿਸ ਕਾਰਨ ਆਮ ਲੋਕ ਅਤੇ ਪੰਚਾਇਤਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਖਾਲੀ ਅਸਾਮੀਆਂ ਭਰਨ ਦੀ ਮੰਗ ਲਈ ਅੱਜ ਸਥਾਨਕ ਬੀਡੀਪੀਓ ਦਫਤਰ ਅੱਗੇ ਨਾਅਰੇਬਾਜੀ ਕਰਦਿਆ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ,ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ,ਦਰਬਾਰਾ ਸਿੰਘ ਗਹਿਲ ਅਤੇ ਸੁਖਚੈਨ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ 'ਘਰ ਘਰ ਰੁਜਗਾਰ' ਦੇਣ ਦਾ ਵਾਅਦਾ ਤਾਂ ਆਪਣੇ ਚੋਣ ਮੈਨੀਫੇਸਟੋ ਵਿੱਚ ਕਰ ਲਿਆ ਸੀ ਪਰ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ ਵੀ ਸਥਿਤੀ ਇਹ ਹੈ ਕਿ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਰੁਜਗਾਰ ਮੰਗ ਰਹੇ ਹਨ ਤੇ ਸਰਕਾਰ ਰੁਜਗਾਰ ਦੇਣ ਦੀ ਬਜਾਏ ਪੁਰਾਣੇ ਮੁਲਾਜਮਾਂ ਨੂੰ ਵਾਧੂ ਚਾਰਜ ਦੇ ਕੇ ਬੁੱਤਾ ਸਾਰ ਰਹੀ ਹੈ।ਉਨ੍ਹਾਂ ਦਲੀਲ ਦਿੱਤੀ ਕਿ ਬੀਡੀਪੀਓ ਮਹਿਲ ਕਲਾਂ ਨੂੰ ਬੀਡੀਪੀਓ ਦਫਤਰ ਬਰਨਾਲਾ ਅਤੇ ਬੀਡੀਪੀਓ ਦਫ਼ਤਰ ਸ਼ਹਿਣਾ ਦਾ ਚਾਰਜ ਦੇ ਦਿੱਤਾ ਗਿਆ ਹੈ ਪਰ ਇੱਕ ਵਿਅਕਤੀ ਹਾਜ਼ਰ ਤਾਂ ਇੱਕ ਦਫਤਰ ਵਿੱਚ ਹੀ ਰਹਿ ਸਕਦਾ ਹੈ ਜਿਸ ਨਾਲ ਪਿੰਡਾਂ ਵਿੱਚੋਂ ਆਪਣੇ ਕੰਮ ਧੰਦੇ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਵਾਪਸ ਪਿੰਡਾਂ ਨੂੰ ਜਾਣਾ ਪੈਂਦਾ ਹੈ।ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜਿਲ੍ਹੇ ਵਿੱਚ ਦੋ ਨਵੇਂ ਬੀਡੀਪੀਓ ਤਾਇਨਾਤ ਕਰੇ।
ਇਸ ਮਸਲੇ ਸਬੰਧੀ ਬੀਡੀਪੀਓ ਮਹਿਲ ਕਲਾਂ ਭੂਸ਼ਣ ਕੁਮਾਰ ਨੇ ਕਿਹਾ ਕਿ ਜ਼ਿਲ੍ਹੇ 'ਚ ਬੀਡੀਪੀਓ ਦੀਆਂ ਦੋ ਅਸਾਮੀਆਂ ਖ਼ਾਲੀ ਹੋਣ ਕਾਰਨ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਮੈਨੂੰ ਬਲਾਕ ਬਰਨਾਲਾ ਅਤੇ ਬਲਾਕ ਸ਼ਹਿਣਾ ਦਾ ਵਾਧੂ ਚਾਰਜ ਦੇ ਦਿੱਤਾ ਗਿਆ ਹੈ।
ਫੋਟੋ ਕੈਪਸ਼ਨ : ਬੀਡੀਪੀਓ ਦਫਤਰ ਮਹਿਲ ਕਲਾਂ ਅੱਗੇ ਨਾਅਰੇਬਾਜੀ ਕਰਦੇ ਬੀਕੇਯੂ (ਰਾਜੇਵਾਲ) ਦੇ ਆਗੂ।