ਭਾਈ ਘਨ੍ਹੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਬਰਨਾਲਾ ਵੱਲੋਂ ਗਰੀਬ ਲੜਕੀ ਦੀ ਸ਼ਾਦੀ ਕੀਤੀ 

ਸੁਸਾਇਟੀ ਨੇ ਹੁਣ ਤੱਕ 37 ਵਿਆਹ ਤੇ ਹੋਰ ਲੋਕ ਭਲਾਈ ਕੰਮ ਕੀਤੇ - ਪ੍ਰਧਾਨ ਪੰਮਾ                        

ਮਹਿਲ ਕਲਾਂ/ਬਰਨਾਲਾ, ਮਾਰਚ 2020-(ਗੁਰਸੇਵਕ ਸਿੰਘ ਸੋਹੀ)- 

ਭਾਈ ਘਨ੍ਹੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਰਜਿਸਟਰ ਬਰਨਾਲਾ ਵੱਲੋਂ ਐਨ .ਆਰ .ਆਈਜ਼ ਰੁਪਿੰਦਰ ਸਿੰਘ ਕੈਲੇਫੋਰਨੀਆ, ਗੁਰਪ੍ਰੀਤ ਸਿੰਘ ਸਮੰਗ ਯੂ ਐੱਸ ਏ, ਜਸਪ੍ਰੀਤ ਸਿੰਘ ਸੰਧੂ ਯੂ ਐੱਸ ਏ ,ਲਵੀ ਕਪੂਰ ਲੁਧਿਆਣਾ ,ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ,ਜਗਦੀਪ ਸਿੰਘ ਯੂ ਐੱਸ ਏ, ਮਨਜੀਤ ਸਿੰਘ ਇਟਲੀ, ਦੀਪੂ ਸਿੰਘ ਬਰਨਾਲਾ ਅਤੇ ਸੁਖਮਨੀ ਸੇਵਾ ਸੁਸਾਇਟੀ ਸੇਖਾ ਤੋਂ ਇਲਾਵਾ ਹੋਰ ਦਾਨੀ ਸੱਜਣਾਂ ਦੇ ਵਿਸ਼ੇਸ਼ ਸਹਿਯੋਗ  ਸਦਕਾ ਗ਼ਰੀਬ ਪਰਿਵਾਰ ਨਾਲ ਸਬੰਧਿਤ ਲੜਕੀ ਜਤਿੰਦਰ ਕੌਰ ਪੁੱਤਰੀ ਸੁਰਿੰਦਰ ਸਿੰਘ ਦਰਜੀ ਵਾਸੀ ਵਜੀਦਕੇ ਕਲਾਂ ਅਤੇ ਲੜਕਾ ਸੁਖਪਾਲ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਹਮੀਦੀ ਦੀ ਸ਼ਾਦੀ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਸੇਖਾ ਵਿਖੇ ਗੁਰ ਮਰਿਆਦਾ ਅਨੁਸਾਰ ਕੀਤੀ ਗਈ। ਭਾਈ ਘਨ੍ਹੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਬਰਨਾਲਾ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ, ਸਲਾਹਕਾਰ ਅੰਮ੍ਰਿਤਪਾਲ ਸਿੰਘ ਜੋਧਪੁਰੀ ਅਤੇ ਖ਼ਜ਼ਾਨਚੀ ਪਰਮਿੰਦਰ ਸਿੰਘ ਕੈਰੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੜਕੀ ਨੂੰ ਪੇਟੀ ਬੈੱਡ ,ਵੱਡੀ ਪੇਟੀ, ਅਲਮਾਰੀ, ਪੱਖਾ ,ਮਸ਼ੀਨ, ਗਿਆਰਾਂ ਬਿਸਤਰੇ, ਡ੍ਰੈਸਿੰਗ ਟੇਬਲ ,ਮੇਜ ਕੁਰਸੀਆਂ, 51 ਭਾਂਡੇ ਤੇ ਦੋ ਘੜੀਆਂ ਅਤੇ ਹੋਰ ਵਰਤੋਂ ਵਾਲਾ ਸਾਮਾਨ ਦਿੱਤਾ ਗਿਆ । ਉਨ੍ਹਾਂ ਨੇ ਕਿਹਾ ਕਿ ਸੁਸਾਇਟੀ ਚਾਰ ਸਾਲਾਂ ਤੋਂ ਗਰੀਬ ਪਰਿਵਾਰਾਂ ਦੀ ਨਿਰੰਤਰ ਸੇਵਾ ਕਰਦੀ ਆ ਰਹੀ ਹੈ ਤੇ ਹੁਣ ਤੱਕ ਗਰੀਬ ਲੜਕੀਆਂ ਦੇ 37 ਵਿਆਹ ਕੀਤੇ ਗਏ ਹਨ ਅਤੇ  ਸੁਸਾਇਟੀ ਵੱਲੋਂ ਚੌਵੀ ਘੰਟੇ ਐਂਬੂਲੈਂਸ ਸੇਵਾ, ਲੋੜਵੰਦ ਲੜਕੀਆਂ ਦੇ ਵਿਆਹ ,ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਗਰੀਬ ਪਰਿਵਾਰਾਂ ਦਾ ਇਲਾਜ, ਦੁਰਘਟਨਾ ਗ੍ਰਸਤ ਵਿਅਕਤੀ ਨੂੰ ਹਸਪਤਾਲ ਪਹੁੰਚਾਉਣਾ ,ਖੂਨਦਾਨ ਦੀ ਸੇਵਾ, ਮੁਫ਼ਤ ਮੈਡੀਕਲ ਕੈਂਪ ਤੇ ਸਿਹਤ ਸੇਵਾਵਾਂ ਅਤੇ ਸਮੇਂ ਸਮੇਂ ਤੇ ਗੁਰੂਆਂ ਭਗਤਾਂ ਦੇ ਜਨਮ ਅਤੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਹਨ