ਸਰਕਾਰੀ ਮੁਲਾਜਮ ਆਪਣੇ ਬੱਚਿਆ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਾ ਕੇ ਪੇਸ਼ ਕਰ ਰਿਹਾ ਹੈ ਮਿਸਾਲ

ਖੁਦ ਸਾਈਕਲ 'ਤੇ ਸਕੂਲ ਜਾਂਦਾ ਹੈ ਸਰਕਾਰੀ ਸਕੂਲ ਨਾਈਵਾਲਾ ਦਾ ਕਲਰਕ ਗੁਰਪ੍ਰੀਤ ਸਿੰਘ, ਸਿੱਖਿਆ ਸਕੱਤਰ ਵੱਲੋਂ ਵੀ ਦਿੱਤੀ ਗਈ ਸ਼ਾਬਾਸ਼
 ਮਹਿਲ ਕਲਾਂ/ਬਰਨਾਲਾ, ਮਾਰਚ 2020-(ਗੁਰਸੇਵਕ ਸਿੰਘ ਸੋਹੀ)

 
ਅੱਜ ਅੰਗਰੇਜੀ ਭਾਸ਼ਾ ਦੇ ਦਬਦਬੇ ਅੱਗੇ ਜਦ ਸਮਾਜ ਦਾ ਵੱਡੀ ਗਿਣਤੀ ਮੱਧ ਵਰਗ ਸਰਕਾਰੀ ਸਕੂਲਾਂ ਦੇ ਮੁਕਾਵਲੇ ਆਪਣੇ ਬੱਚਿਆ ਨੂੰ ਨਿੱਜੀ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਰਜੀਹ ਦੇ ਰਿਹਾ ਹੈ ਤਾਂ ਕੁੱਝ ਲੋਕ ਅਜਿਹੇ ਵੀ ਅੱਗੇ ਆ ਰਹੇ ਹਨ ਜੋ ਆਪਣੇ ਬੱਚਿਆ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਹਨ।
ਸਰਕਾਰੀ ਹਾਈ ਸਕੂਲ ਨਾਈਵਾਲਾ ਦਾ ਕਲਰਕ ਗੁਰਪ੍ਰੀਤ ਸਿੰਘ ਆਪਣੇ ਤਿੰਨ ਬੱਚਿਆ ਨੂੰ ਸਰਕਾਰੀ ਸਕੂਲ਼ ਵਿੱਚ ਪੜ੍ਹਾ ਕੇ ਇੱਕ ਮਸਾਲ ਪੇਸ਼ ਕਰ ਰਿਹਾ ਹੈ।ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਖੁਦ ਸਾਇੰਸ ਗ੍ਰੈਜੂਏਟ ਹੈ ਅਤੇ ਆਈਏਐਸ ਦੀ ਤਿਆਰੀ ਕਰ ਰਿਹਾ ਹੈ।ਉਸਨੇ ਦੱਸਿਆ ਕਿ ਸਰਕਾਰੀ ਸਕੂਲ ਵਿੱਚ ਬੱਚੇ ਪੜ੍ਹਾਉਣਾ ਉਸਦੀ ਮਜਬੂਰੀ ਨਹੀਂ ਹੈ ਕਿਉਂਕਿ ਉਸ ਕੋਲ ਆਰਥਿਕ ਸੋਮੇ ਤਾਂ ਹਨ ਬਲਕਿ ਉਹ ਸਮਾਜ ਨੂੰ ਬੇਲੋੜੇ ਖਰਚੇ ਘਟਾ ਕੇ ਸਾਦਗੀ ਨਾਲ ਜਿਉਣ ਦਾ ਸੁਨੇਹਾ ਦੇਣਾ ਚਾਹੁੰਦਾ ਹੈ ਇਸੇ ਲਈ ਉਹ ਸਕੂਲ ਵੀ ਸਾਈਕਲ 'ਤੇ ਆਉਂਦਾ ਹੈ ਅਤੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਾਉਂਦਾ ਹੈ।ਗੁਰਪ੍ਰੀਤ ਸਿੰਘ ਦੇ ਸਾਈਕਲ 'ਤੇ ਵੀ ਪੰਜਾਬੀ ਭਾਸ਼ਾ ਵਿੱਚ ਲਿਖਿਆ ਹੋਇਆ ਹੈ ਕਿ 'ਆਓ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈਏ'।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੇ ਬੱਚੇ ਹਰਮਨਵੀਰ ਸਿੰਘ,ਅਰਸ਼ਦੀਪ ਕੌਰ ਅਤੇ ਖੁਸ਼ਦੀਪ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਸੈਦੋ (ਬਰਨਾਲਾ) ਵਿਖੇ ਕ੍ਰਮਵਾਰ ਨਰਸਰੀ,ਤੀਜੀ ਅਤੇ ਪੰਜਵੀਂ ਜਮਾਤ ਵਿੱਚ ਪੜ੍ਹ ਰਹੇ ਹਨ।ਉਸਨੇ ਕਿਹਾ ਕਿ ਨਿੱਜੀ ਸਕੂਲਾਂ ਵਿੱਚ ਸ਼ੋਸ਼ੇਬਾਜੀ ਜਿਆਦਾ ਹੈ ਤੇ ਪੜ੍ਹਾਈ ਦਾ ਪੱਧਰ ਸਰਕਾਰੀ ਮੁਕਾਵਲੇ ਨਹੀਂ ਹੈ,ਜਿਸ ਕਾਰਨ ਉਸਨੇ ਸਰਕਾਰੀ ਸਕੂਲ ਨੂੰ ਤਰਜੀਹ ਦਿੱਤੀ ਹੈ।
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਗੁਰਪ੍ਰੀਤ ਸਿੰਘ ਨੂੰ ਸ਼ੋਸਲ ਮੀਡੀਆ ਰਾਹੀਂ ਸ਼ਾਬਾਸ ਦਿੱਤੀ ਹੈ।ਸਿੱਖਿਆ ਵਿਭਾਗ ਦੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਬਿੰਦਰ ਸਿੰਘ ਖੁੱਡੀ ਅਤੇ ਜਿਲ੍ਹਾ ਸਿੱਖਿਆ ਅਫਸਰ  ਸਰਬਜੀਤ ਸਿੰਘ ਤੂਰ ਨੇ ਗੁਰਪ੍ਰੀਤ ਸਿੰਘ ਦੇ ਇਸ ਕਦਮ ਨੂੰ ਬਾਕੀ ਮੁਲਾਜਮਾਂ ਲਈ ਆਦਰਸ਼ ਦੱਸਦਿਆ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਅਤਿ ਆਧੁਨਿਕ ਤਕਨੀਕਾਂ ਨਾਲ ਕਰਵਾਈ ਜਾ ਰਹੀ ਹੈ ਅਤੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਪੱਧਰ ਨਿੱਜੀ ਸਕੂਲਾਂ ਨਾਲੋਂ ਬਹੁਤ ਬਿਹਤਰ ਹੈ,ਇਸ ਲਈ ਬੱਚਿਆ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਫੋਟੋ ਕੈਪਸ਼ਨ : ਆਪਣੇ ਬੱਚਿਆ ਨਾਲ ਸਰਕਾਰੀ ਮੁਲਾਜਮ ਗੁਰਪ੍ਰੀਤ ਸਿੰਘ।