ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਲਗਾਏ ਜਾਣਗੇ ਮੁਫ਼ਤ 'ਮਲਟੀ ਸਪੈਸ਼ਿਲਟੀ ਮੈਡੀਕਲ ਕੈਂਪ'

ਜ਼ਿਲਾ ਲੁਧਿਆਣਾ ਦੇ ਪਿੰਡ ਚੌਕੀਮਾਨ ਵਿੱਚ 13 ਮਾਰਚ ਅਤੇ ਪੱਖੋਵਾਲ ਵਿੱਚ 23 ਮਾਰਚ ਨੂੰ ਲੱਗਣਗੇ ਕੈਂਪ

ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੇ ਗਏ ਯਤਨਾਂ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਥਾਂ-ਥਾਂ 'ਤੇ ਮੁਫ਼ਤ 'ਮਲਟੀ ਸਪੈਸ਼ਿਲਟੀ ਮੈਡੀਕਲ ਕੈਂਪ' ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਕੈਂਪ 13 ਮਾਰਚ ਤੋਂ 28 ਮਾਰਚ, 2020 ਤੱਕ ਵੱਖ-ਵੱਖ ਜ਼ਿਲਿਆਂ ਦੇ ਪੇਂਡੂ ਖੇਤਰਾਂ ਵਿੱਚ ਲਗਾਏ ਜਾਣਗੇ। ਪੰਜਾਬ ਸਰਕਾਰ ਵੱਲੋਂ ਇਨਾਂ ਕੈਂਪਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਦਿਵਾਉਣ ਲਈ ਜ਼ਿਲਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਨੂੰ ਆਦੇਸ਼ ਦਿੱਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਮਿਤੀ 13 ਮਾਰਚ ਨੂੰ ਪਿੰਡ ਚੌਕੀਮਾਨ ਅਤੇ 23 ਮਾਰਚ ਨੂੰ ਪੱਖੋਵਾਲ ਵਿਖੇ ਇਹ ਕੈਂਪ ਲਗਾਏ ਜਾਣਗੇ। ਕੈਂਪਾਂ ਲਈ ਸਹੀ ਜਗਾ ਦੀ ਚੋਣ ਕਰਨ ਲਈ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ। ਇਨਾਂ ਕੈਂਪਾਂ ਵਿੱਚ ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਮਾਹਿਰ ਡਾਕਟਰ ਮਰੀਜ਼ਾਂ ਦੀ ਸਿਹਤ ਜਾਂਚ ਲਈ ਪਹੁੰਚ ਰਹੇ ਹਨ। ਉਨਾਂ ਦੱਸਿਆ ਕਿ ਇਨਾਂ ਕੈਂਪਾਂ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਐਂਬੂਲੈਂਸ, ਲੋੜੀਂਦੀ ਗਿਣਤੀ ਵਿੱਚ ਡਾਕਟਰ ਅਤੇ ਹੋਰ ਪੈਰਾਮੈਡੀਕਲ ਸਟਾਫ਼ ਲਗਾਇਆ ਜਾ ਰਿਹਾ ਹੈ ਤਾਂ ਜੋ ਇਨਾਂ ਕੈਂਪਾਂ ਦਾ ਵੱਧ ਤੋਂ ਵੱਧ ਲੋੜਵੰਦ ਲੋਕ ਲਾਭ ਲੈ ਸਕਣ। ਉਨਾਂ ਦੱਸਿਆ ਕਿ ਕੈਂਪਾਂ ਵਿੱਚ ਲੋਕਾਂ ਦੀ ਸ਼ੂਗਰ ਜਾਂਚ, ਲਿਪਿਡ ਪ੍ਰੋਫਾਈਲ ਟੈਸਟ, ਈ. ਸੀ. ਜੀ., ਬਲੱਡ ਪ੍ਰੈਸ਼ਰ ਜਾਂਚ, ਦਿਲ ਦੀਆਂ ਬਿਮਾਰੀਆਂ ਸੰਬੰਧੀ ਜਾਂਚ ਅਤੇ ਟੈਸਟ ਕੀਤੇ ਜਾਣਗੇ। ਜੋ ਮਰੀਜਾਂ ਨੂੰ ਇਲਾਜ ਦੀ ਜ਼ਰੂਰਤ ਪਵੇਗੀ ਤਾਂ ਉਨਾਂ ਦਾ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਇਲਾਜ ਵੀ ਕਰਵਾਇਆ ਜਾਵੇਗਾ। ਕੈਂਪ ਦੌਰਾਨ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਤਿੰਨ ਮਹੀਨੇ ਤੱਕ ਲਗਾਤਾਰ ਫਾਲੋਅੱਪ ਵੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਉਪਰੋਕਤ ਤੋਂ ਇਲਾਵਾ 14 ਮਾਰਚ ਨੂੰ ਢੇਸੀਆਂ ਕਾਹਨਾਂ (ਜਲੰਧਰ), 15 ਮਾਰਚ ਨੂੰ ਪਿੰਡ ਚੱਠਾ ਸ਼ੇਖਵਾਂ (ਸੰਗਰੂਰ), 16 ਅਤੇ 17 ਮਾਰਚ ਨੂੰ ਕਰਮਵਾਰ ਕਰਤਾਰਪੁਰ ਅਤੇ ਕੋਟਲੀ ਅਰਾਈਆਂ (ਜਲੰਧਰ), 18 ਮਾਰਚ ਨੂੰ ਖਡੂਰ ਸਾਹਿਬ (ਤਰਨਤਾਰਨ), 19 ਅਤੇ 20 ਮਾਰਚ ਨੂੰ ਕਰਮਵਾਰੀ ਕੰਗ ਅਤੇ ਸ਼ਿਕਰ (ਗੁਰਦਾਸਪੁਰ), 21 ਮਾਰਚ ਨੂੰ ਸੁਰਸਿੰਘ (ਤਰਨਤਾਰਨ), 22 ਮਾਰਚ ਨੂੰ ਸੁਲਤਾਨਪੁਰ ਲੋਧੀ (ਕਪੂਰਥਲਾ), 24 ਮਾਰਚ ਨੂੰ ਬੱਡੂਵਾਲ (ਮੋਗਾ), 25 ਮਾਰਚ ਨੂੰ ਤਰਨਤਾਰਨ, 26 ਮਾਰਚ ਨੂੰ ਪਲਾਸੌਰ, 27 ਮਾਰਚ ਨੂੰ ਸਰਹਾਲੀ ਅਤੇ 28 ਮਾਰਚ ਨੂੰ ਕੋਟ (ਸਾਰੇ ਜ਼ਿਲਾ ਤਰਨਤਾਰਨ) ਵਿਖੇ ਕੈਂਪ ਲਗਾਏ ਜਾਣਗੇ।