7 ਮਾਰਚ ਨੂੰ ਫੈਲੋਸ਼ਿਪ ਤੇ ਪ੍ਰੋ: ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਸਮਾਰੋਹ

ਪੰਜਾਬੀ ਸਾਹਿੱਤ ਅਕਾਡਮੀ ਵੱਲੋਂ 7 ਮਾਰਚ ਨੂੰ ਫੈਲੋਸ਼ਿਪ ਤੇ ਪ੍ਰੋ: ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਸਮਾਰੋਹ ਰਾਮਗੜ੍ਹੀਆ ਗਰਲਜ਼ ਕਾਲਿਜ ‘ਚ 

ਲੁਧਿਆਣਾ, ਮਾਰਚ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ 7 ਮਾਰਚ ਨੂੰ ਸਵੇਰੇ 11 ਵਜੇ ਰਾਮਗੜ੍ਹੀਆ ਗਰਲਜ਼ ਕਾਲਿਜ ਮਿੱਲਰ ਗੰਜ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਸਨਮਾਨ ਸਮਾਗਮ ਵਿੱਚ ਅਕਾਡਮੀ ਦਾ ਸਰਵੋਤਮ ਸਨਮਾਨ ਫੈਲੋਸ਼ਿਪ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ: ਸੁਖਦੇਵ ਸਿੰਘ ਸਿਰਸਾ ਨੂੰ ਪ੍ਰਦਾਨ ਕੀਤਾ ਜਾਵੇਗਾ। ਡਾ: ਸੁਖਦੇਵ ਸਿੰਘ  ਬਾਰੇ ਜਾਣ ਪਛਾਣ ਡਾ: ਸਰਬਜੀਤ ਸਿੰਘ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਕਰਵਾਉਣਗੇ। ਇਹ ਜਾਣਕਾਰੀ ਦਿੰਦਿਆਂ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਤੇ ਜਨਰਲ ਸਕੱਤਰ ਡਾ:ਸੁਰਜੀਤ ਸਿੰਘ ਨੇ ਦੱਸਿਆ ਕਿ ਇਸੇ ਸਮਾਗਮ ਵਿੱਚ ਪੰਜਾਬੀ ਸਾਹਿੱਤ ਅਧਿਆਪਕਾਂ ਸ੍ਵ: ਪ੍ਰੋ: ਕੰਵਲਜੀਤ ਕੌਰ ਸਾਬਕਾ ਪ੍ਰੋਫੈਸਰ, ਗੌਰਮਿੰਟ ਮਹਿਲਾ ਕਾਲਿਜ ਲੁਧਿਆਣਾ, ਡਾ: ਰਮੇਸ਼ ਇੰਦਰ ਕੌਰ ਬੱਲ ਡਾਇਰੈਕਟਰ,ਪਰਤਾਪ ਵਿਦਿਅਕ ਸੰਸਥਾਵਾਂ, ਲੁਧਿਆਣਾ,ਡਾ: ਜਸਬੀਰ ਕੌਰ ਕੇਸਰ ਚੰਡੀਗੜ੍ਹ ਤੇ ਡਾ: ਗਰਨਾਮ ਕੌਰ ਬੇਦੀ ਜੀ ਨੂੰ ਅਕਾਡਮੀ ਵੱਲੋਂ ਸਥਾਪਿਤ ਤੇ ਪ੍ਰੋ: ਗੁਰਭਜਨ ਸਿੰਘ ਗਿੱਲ ਪਰਿਵਾਰ ਵੱਲੋਂ ਪ੍ਰਾਯੋਜਿਤ ਪ੍ਰੋ: ਨਿਰਪਜੀਤ ਕੌਰ ਗਿੱਲ ਪੁਰਸਕਾਰ  ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਪੁਰਸਕਾਰ ਵਿੱਚ ਚਹੁੰ ਅਧਿਆਪਕਾਂ ਨੂੰ ਸਨਮਾਨ ਪੱਤਰ, ਦੋਸ਼ਾਲਾ ਅਤੇ ਇੱਕੀ ਇੱਕੀ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਵੀ ਪ੍ਰਦਾਨ ਕੀਤੀ ਜਾਵੇਗੀ। ਪ੍ਰੋ: ਨਿਰਪਜੀਤ ਕੌਰ ਗਿੱਲ ਰਾਮਗੜ੍ਹੀਆ ਗਰਲਜ਼ ਕਾਲਿਜ ਲੁਧਿਆਣਾ ਵਿੱਚ ਹੀ 1983 ਤੋਂ 1993 ਤੀਕ ਪੰਜਾਬੀ ਪੜ੍ਹਾਉਂਦੇ ਸਨ। ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ ਕਰਨਗੇ ਜਦ ਕਿ ਸੈਂਟਰਲ ਐਕਸਾਈਜ਼ ਤੇ ਕਸਟਮਜ਼ ਦੇ ਕਮਿਸ਼ਨਰ ਸ: ਅਰਵਿੰਦਰ ਸਿੰਘ ਰੰਗਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਵਿਸ਼ੇਸ਼ ਮਹਿਮਾਨ ਵਜੋਂ ਰਾਮਗੜ੍ਹੀਆ ਵਿਦਿਅਕ ਅਦਾਰਿਆਂ ਦੇ ਪ੍ਰਧਾਨ ਸ: ਰਣਜੋਧ ਸਿੰਘ ਤੇ ਪ੍ਰੋ:,ਗੁਰਭਜਨ ਸਿੰਘ ਗਿੱਲ ਸਾਬਕਾ ਪ੍ਰਧਾਨ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਸ਼ਾਮਿਲ ਹੋਣਗੇ। ਰਾਮਗੜ੍ਹੀਆ ਗਰਲਜ਼ ਕਾਲਿਜ ਦੀ ਪ੍ਰਿੰਸੀਪਲ ਡਾ: ਇੰਦਰਜੀਤ ਕੌਰ ਨੇ ਸਮੂਹ ਸਾਹਿੱਤ ਪ੍ਰੇਮੀਆਂ ਨੂੰ ਬੁਲਾਵਾ ਦਿੰਦਿਆਂ ਕਿਹਾ ਹੈ ਕਿ ਉਹ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨ।