ਸਨਅਤੀ ਵੇਸਟ ਅਤੇ ਗੰਦੇ ਪਾਣੀ ਦੇ ਉਚਿਤ ਪ੍ਰਬੰਧਨ ਲਈ ਰਿਕਾਰਡ ਨੂੰ ਸਾਂਭਣ ਅਤੇ ਤਕਨੀਕੀ ਹੁਨਰ ਵਿਕਾਸ ਦੀ ਲੋੜ

ਸਨਅਤੀ ਵੇਸਟ ਅਤੇ ਵੇਸਟ ਵਾਟਰ ਮੈਨੇਜਮੈਂਟ ਬਾਰੇ ਪੀ. ਐÎਚ. ਡੀ. ਚੈਂਬਰ ਵੱਲੋਂ ਸੈਮੀਨਾਰ ਦਾ ਆਯੋਜਨ
ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸਨਅਤੀ ਵੇਸਟ ਅਤੇ ਵੇਸਟ ਵਾਟਰ ਮੈਨੇਜਮੈਂਟ ਬਾਰੇ ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਰਾਹੀਂ ਉਕਤ ਵਿਸ਼ੇ ਸੰਬੰਧੀ ਸਾਰੀਆਂ ਧਿਰਾਂ ਨੂੰ ਇੱਕ ਮੰਚ 'ਤੇ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੈਮੀਨਾਰ ਦੌਰਾਨ ਵੇਸਟ ਅਤੇ ਵਾਟਰ ਵੇਸਟ ਮੈਨੇਜਮੈਂਟ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਐੱਸ. ਐੱਸ. ਮਰਵਾਹਾ ਨੇ ਦੱਸਿਆ ਕਿ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਲੋੜ ਹੈ ਕਿ ਵਾਤਾਵਰਣ ਦੀ ਸੁਰੱਖਿਆ ਲਈ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਕੰਮ ਕਰਨ। ਉਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਾਡਾ ਧਿਆਨ ਵਾਤਾਵਰਣ ਸੰਭਾਲ ਨਾਲੋਂ ਘਟ ਕੇ ਖੇਤੀ ਉਤਪਾਦਨ ਵਧਾਉਣ ਅਤੇ ਖੁਰਾਕ ਸੁਰੱਖਿਆ 'ਤੇ ਵਧ ਗਿਆ ਹੈ, ਜਿਸ ਨਾਲ ਵਾਤਾਵਰਣ ਵਿੱਚ ਅਸਾਵਾਂਪਨ ਆ ਗਿਆ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਪੀ. ਐੱਚ. ਡੀ. ਚੈਂਬਰ ਵੱਲੋਂ ਵਾਟਰ ਅਤੇ ਸਾਲਿਡ ਵੇਸਟ ਕਮੇਟੀ ਦੇ ਚੇਅਰਮੈਨ ਵਿਕਰਮ ਸਿੰਘ ਮਹਿਤਾ ਨੇ ਕਿਹਾ ਕਿ ਵਿਸ਼ਾ ਅੰਕਿਤ ਸਮੱਸਿਆ ਨਾਲ ਨਜਿੱਠਣ ਲਈ ਭਾਰਤ ਸਰਕਾਰ, ਪੰਜਾਬ ਸਰਕਾਰ, ਯੋਜਨਾ ਕਮਿਸ਼ਨ ਅਤੇ ਨੈਸ਼ਨਲ ਇੰਸਟੀਚਿਊਟ ਫਾਰ ਅਰਬਨ ਅਫੇਅਰ ਵੱਲੋਂ ਇੱਕ ਮੰਚ 'ਤੇ ਕੰਮ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਵੱਲੋਂ ਸਮਾਰਟ ਸਿਟੀ ਪ੍ਰੋਜੈਕਟ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਇਸ ਸਮੱਸਿਆ ਨਾਲ ਨਜਿੱਠਣ 'ਤੇ ਸਭ ਤੋਂ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ। ਸੈਮੀਨਾਰ ਨੂੰ ਪੰਜਾਬ ਰਾਜ ਚੈਪਟਰ ਦੇ ਮੈਂਟਰ ਆਰ. ਸੀ. ਸਚਦੇਵਾ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐੱਸ. ਈ. ਸੰਦੀਪ ਬਹਿਲ. ਮਨੋਜ ਕੁਮਾਰ ਸਿਨਹਾ, ਸ੍ਰੀਮਤੀ ਰੀਨਾ ਚੱਢਾ, ਅਸ਼ੋਕ ਕੁਮਾਰ, ਜਗੀਰ ਸਿੰਘ ਕੋਚਰ, ਅਭਿਨਵ ਸ਼ਰਮਾ, ਮਿਸ ਸ਼ਾਲਿਨੀ ਗੋਇਲ ਭੱਲਾ, ਸਨਅਤਕਾਰ ਗੁਰਮੀਤ ਸਿੰਘ ਕੁਲਾਰ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ।