ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਕਮਿਸ਼ਨ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ-ਕੈਬਨਿਟ ਮੰਤਰੀ ਚੰਨੀ

ਲੁਧਿਆਣਾ ਵਿਖੇ ਰਾਜ ਪੱਧਰੀ 'ਮਾਤ ਭਾਸ਼ਾ ਦਿਵਸ' ਦੌਰਾਨ ਪ੍ਰਮੁੱਖ ਸਖ਼ਸ਼ੀਅਤਾਂ ਦਾ ਸਨਮਾਨ

ਲੁਧਿਆਣਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਦੇ ਤਕਨੀਕੀ ਸਿੱਖਿਆ, ਉਦਯੋਗਿਕ ਸਿਖ਼ਲਾਈ, ਰੋਜ਼ਗਾਰ ਉਤਪਤੀ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮਾਂ ਬੋਲੀ ਪੰਜਾਬੀ ਨੂੰ ਬਣਦਾ ਮਾਣ ਦਿਵਾਉਣ ਲਈ ਪੰਜਾਬੀ ਭਾਸ਼ਾ ਕਮਿਸ਼ਨ ਨੂੰ ਮੁੜ ਸੁਰਜੀਤ ਕਰੇਗੀ। ਇਸ ਸਮਾਗਮ ਵਿੱਚ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਤ ਸਿਖ਼ਲਾਈ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ. ਪੀ. ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਥਾਨਕ ਗੁਰੂ ਨਾਨਕ ਭਵਨ ਵਿਖੇ 'ਮਾਤ ਭਾਸ਼ਾ ਦਿਵਸ' ਸੰਬੰਧੀ ਆਯੋਜਿਤ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ''ਮਾਤ ਭਾਸ਼ਾ ਉਹ ਭਾਸ਼ਾ ਹੁੰਦੀ ਹੈ, ਜੋ ਦਿਲਾਂ 'ਤੇ ਰਾਜ ਕਰਦੀ ਹੈ। ਜਿਸ ਵਿੱਚ ਬੋਲ ਕੇ ਕੋਈ ਆਪਣੇ ਮਨ ਦੇ ਭਾਵ ਵਧੀਆ ਤਰੀਕੇ ਨਾਲ ਪ੍ਰਗਟਾਅ ਸਕਦਾ ਹੈ।'' ਉਨਾਂ ਕਿਹਾ ਕਿ ਪੰਜਾਬੀ ਵਿਸ਼ਵ ਦੀ 10ਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਜੋ ਵੀ ਸਕੂਲ ਪੰਜਾਬੀ ਬੋਲਣ 'ਤੇ ਵਿਦਿਆਰਥੀਆਂ ਨੂੰ ਜੁਰਮਾਨੇ ਆਦਿ ਲਗਾਵੇਗਾ ਉਸ ਨਾਲ ਪੰਜਾਬ ਸਰਕਾਰ ਵੱਲੋਂ ਬੜੀ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਪ੍ਰਸ਼ਾਸ਼ਕੀ ਕਾਰਜਾਂ ਵਿੱਚ ਵੀ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਤੀ 14 ਤੋਂ 21 ਫਰਵਰੀ ਤੱਕ ''ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਉਤਸਵ'' ਦੇ ਸਿਰਲੇਖ ਹੇਠ ਹਫ਼ਤਾ ਭਰ ਚੱਲਣ ਵਾਲੇ ਸਮਾਗਮ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਕਰਵਾਏ ਜਾ ਰਹੇ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਦ੍ਰਿੜ ਵਚਨਬੱਧ ਹੈ। ਇਸੇ ਕਰਕੇ ਹੀ ਇਸ ਦਿਸ਼ਾ ਵਿੱਚ ਕਈ ਉਪਰਾਲੇ ਵੀ ਕੀਤੇ ਜਾ ਰਹੇ ਹਨ। ਸਮਾਗਮ ਦੌਰਾਨ 13 ਪ੍ਰਮੁੱਖ ਸਖ਼ਸ਼ੀਅਤਾਂ ਖੁਸ਼ਦੇਵ ਸਿੰਘ ਗਿੱਲ (ਭੰਗੜਾ), ਹਰਦੀਪ (ਲੋਕ ਗਾਇਕ), ਭੁਪਿੰਦਰ ਬੱਬਲ (ਲੋਕ ਗਾਇਕ), ਸ੍ਰੀਮਤੀ ਡੌਲੀ ਮਲਕੀਅਤ (ਗਿੱਧਾ), ਕਰਮਜੀਤ ਸਿੰਘ ਖਰੜ (ਅਲਗੋਜ਼ਾ ਵਾਦਕ), ਸ੍ਰੀਮਤੀ ਸਰਬਜੀਤ ਕੌਰ ਮਾਂਗਟ (ਗਿੱਧਾ), ਤੇਜਵੰਤ ਕਿੱਟੂ (ਸੰਗੀਤ ਨਿਰਦੇਸ਼ਕ), ਬਲਕਾਰ ਸਿੰਘ (ਭੰਗੜਾ), ਸੁਰਿੰਦਰ ਸਿੰਘ (ਭੰਗੜਾ), ਸ੍ਰੀਮਤੀ ਪ੍ਰਭਸ਼ਰਨ ਕੌਰ (ਗਿੱਧਾ), ਦੇਵ ਰਾਜ (ਢੋਲਕੀ ਵਾਦਕ) ਅਤੇ ਮਾਲੀ ਰਾਮ (ਢੋਲਕੀ ਵਾਦਕ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਪੰਜਾਬੀ ਦੇ ਮਸ਼ਹੂਰ ਲੋਕ ਗਾਇਕ ਸਤਿੰਦਰ ਸਰਤਾਜ ਨੇ ਆਪਣੀਆਂ ਸੰਗੀਤਮਈ ਪੇਸ਼ਕਾਰੀਆਂ ਨਾਲ ਹਾਜ਼ਰ ਦਰਸ਼ਕਾਂ ਦਾ ਭਰਪੂਰ ਸੁਨੇਹਾ ਦਿੱਤਾ ਅਤੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਬਾਰੇ ਕਿਹਾ। ਬਹੁ-ਤਕਨੀਕੀ ਅਤੇ ਉਦਯੋਗਿਕ ਸਿਖ਼ਲਾਈ ਸੰਸਥਾਵਾਂ ਦੀਆਂ ਕਈ ਟੀਮਾਂ ਵੱਲੋਂ ਗਿੱਧਾ ਭੰਗੜਾ ਅਤੇ ਹੋਰ ਵੰਨਗੀਆਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਕੇ. ਕੇ. ਬਾਵਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ, ਕਾਰਜਕਾਰੀ ਡਿਪਟੀ ਕਮਿਸ਼ਨਰ ਇਕਬਾਲ ਸਿੰਘ ਸੰਧੂ, ਐੱਮ. ਐੱਸ. ਜੱਗੀ ਆਈ. ਏ. ਐੱਸ., ਕਰਨੇਸ਼ ਸ਼ਰਮਾ ਆਈ. ਏ. ਐੱਸ. ਅਤੇ ਹੋਰ ਹਾਜ਼ਰ ਸਨ।