ਪਿੰਡ ਨੱਥੋਵਾਲ ਵਿਖੇ ਡੀ. ਆਰ. ਡੀ. ਏ. ਸਿਲਾਈ ਸੈਂਟਰ ਦੀ ਸ਼ੁਰੂਆਤ

ਜ਼ਿਲਾ ਦਿਹਾਤੀ ਵਿਕਾਸ ਏਜੰਸੀ ਪੇਂਡੂ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਤਤਪਰ-ਸਹਾਇਕ ਪ੍ਰੋਜੈਕਟ ਅਫ਼ਸਰ ਲੁਧਿਆਣਾ

ਲੁਧਿਆਣਾ, ਫਰਵਰੀ 2020-(ਗੁਰਸੇਵਕ ਸਿੰਘ ਸੋਹੀ)- 

ਪੇਂਡੂ ਖੇਤਰਾਂ ਦੀਆਂ ਲੜਕੀਆਂ ਅਤੇ ਔਰਤਾਂ ਨੂੰ ਹੁਨਰਮੰਦ ਕਰਕੇ ਉਨਾਂ ਦਾ ਸਹੀ ਅਰਥਾਂ ਵਿੱਚ ਸਸ਼ਕਤੀਕਰਨ ਲਈ ਪਿੰਡ ਨੱਥੋਵਾਲ ਵਿਖੇ ਜ਼ਿਲਾ ਪ੍ਰਸਾਸ਼ਨ ਵੱਲੋਂ ਡੀ. ਆਰ. ਡੀ. ਏ. ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸੈਂਟਰ ਦਾ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀਮਤੀ ਰੁਪਿੰਦਰਜੀਤ ਕੌਰ ਅਤੇ ਜ਼ਿਲਾ ਦਿਹਾਤੀ ਵਿਕਾਸ ਏਜੰਸੀ ਦੇ ਸਹਾਇਕ ਪ੍ਰੋਜੈਕਟ ਅਫ਼ਸਰ ਅਵਤਾਰ ਸਿੰਘ ਨੇ ਉਦਘਾਟਨ ਕੀਤਾ। ਇਸ ਮੌਕੇ ਰੱਖੇ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰਾਏਕੋਟ ਸ੍ਰੀਮਤੀ ਰੁਪਿੰਦਰਜੀਤ ਕੌਰ ਨੇ ਦੱਸਿਆ ਕਿ ਲੜਕੀਆਂ ਅਤੇ ਔਰਤਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰਨਾ ਹੀ ਅਸਲ ਅਰਥਾਂ ਵਿੱਚ ਸਸ਼ਕਤੀਕਰਨ ਹੈ। ਜ਼ਿਲਾ ਪ੍ਰਸਾਸ਼ਨ ਵੱਲੋਂ ਇਸ ਦਿਸ਼ਾ ਵਿੱਚ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਇਥੋਂ ਸਿਖ਼ਲਾਈ ਲੈਣ ਵਾਲੀਆਂ ਸਿੱਖਿਆਰਥਣਾਂ ਨੂੰ ਆਪਣੀ ਆਰਥਿਕਤਾ ਨੂੰ ਅੱਗੇ ਲਿਜਾਣ ਲਈ ਬਹੁਤ ਸਹਾਇਤਾ ਮਿਲੇਗੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸਹਾਇਕ ਪ੍ਰੋਜੈਕਟ ਅਫ਼ਸਰ ਅਵਤਾਰ ਸਿੰਘ ਨੇ ਕਿਹਾ ਕਿ ਜ਼ਿਲਾ ਦਿਹਾਤੀ ਵਿਕਾਸ ਏਜੰਸੀ ਪੇਂਡੂ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਲਗਾਤਾਰ ਤਤਪਰ ਰਹਿੰਦੀ ਹੈ। ਉਨਾਂ ਇਸ ਮੌਕੇ ਸਰਕਾਰੀ ਯੋਜਨਾਵਾਂ ਦਾ ਵੇਰਵੇ ਸਹਿਤ ਵਰਨਣ ਕੀਤਾ। ਉਨਾਂ ਭਰੋਸਾ ਕਿ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀਮਤੀ ਅੰਮ੍ਰਿਤ ਸਿੰਘ ਦੀ ਅਗਵਾਈ ਵਿੱਚ ਪਿੰਡ ਵਿੱਚ ਹੋਰ ਵੀ ਪ੍ਰੋਜੈਕਟ ਜਲਦ ਹੀ ਲਿਆਂਦੇ ਜਾਣਗੇ ਤਾਂ ਜੋ ਸਰਕਾਰੀ ਯੋਜਨਾਵਾਂ ਦਾ ਪਿੰਡ ਵਾਸੀ ਵੱਧ ਤੋਂ ਵੱਧ ਲਾਭ ਲੈ ਸਕਣ। ਇਸ ਮੌਕੇ ਹਾਜ਼ਰ ਬਲਾਕ ਸੰਮਤੀ ਰਾਏਕੋਟ ਦੇ ਚੇਅਰਮੈਨ ਕ੍ਰਿਪਾਲ ਸਿੰਘ ਬੁੱਟਰ ਅਤੇ ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲਾ ਲੋਕ ਸੰਪਰਕ ਅਫ਼ਸਰ ਲੁਧਿਆਣਾ ਨੇ ਪਿੰਡ ਵਿੱਚ ਗਰਾਮ ਪੰਚਾਇਤ, ਨੱਥੋਵਾਲ ਵੈੱਲਫੇਅਰ ਸੁਸਾਇਟੀ, ਕਲੱਬਾਂ ਅਤੇ ਪ੍ਰਵਾਸੀ ਵੀਰਾਂ ਦੀ ਸਹਾਇਤਾ ਨਾਲ ਚਲਾਏ ਜਾ ਰਹੇ ਵਿਕਾਸ ਕਾਰਜਾਂ ਦਾ ਵੇਰਵਾ ਪੇਸ਼ ਕੀਤਾ ਅਤੇ ਪਿੰਡ ਦੀਆਂ ਲੋੜਾਂ ਬਾਰੇ ਪ੍ਰਸਾਸ਼ਨ ਦੇ ਧਿਆਨ ਵਿੱਚ ਲਿਆਂਦਾ। ਉਨਾਂ ਕਿਹਾ ਕਿ ਪਿੰਡ ਦੇ ਵਿਕਾਸ ਲਈ ਲੋਕਾਂ ਦੇ ਸਹਿਯੋਗ ਨਾਲ ਉਪਰਾਲੇ ਜਾਰੀ ਰੱਖੇ ਜਾਣਗੇ। ਦੱਸਣਯੋਗ ਹੈ ਕਿ ਇਹ ਕੋਰਸ 6 ਮਹੀਨੇ ਦਾ ਅਤੇ ਬਿਲਕੁਲ ਮੁਫ਼ਤ ਹੋਵੇਗਾ, ਜਿਸ ਨੂੰ ਕਰਨ ਉਪਰੰਤ ਸਾਰੀਆਂ ਸਿੱਖਿਆਰਥਣਾਂ ਨੂੰ ਜ਼ਿਲਾ ਪ੍ਰਸਾਸ਼ਨ ਵੱਲੋਂ ਸਰਟੀਫਿਕੇਟ ਦਿੱਤੇ ਜਾਣਗੇ। ਇਹ ਸਰਟੀਫਿਕੇਟ ਨੌਕਰੀ ਲਈ ਵੀ ਮਾਨਤਾ ਪ੍ਰਾਪਤ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਗਨਰੇਗਾ ਦੇ ਜ਼ਿਲਾ ਕੋਆਰਡੀਨੇਟਰ ਸ੍ਰੀਮਤੀ ਸੋਨੀਆ, ਸਰਪੰਚ ਜਸਵੀਰ ਕੌਰ, ਸਾਬਕਾ ਸਰਪੰਚ ਗੁਰਪ੍ਰੀਤ ਕੌਰ, ਜਗਪ੍ਰੀਤ ਸਿੰਘ ਬੁੱਟਰ, ਕੁਲਵੰਤ ਸਿੰਘ, ਮਨਪ੍ਰੀਤ ਸਿੰਘ ਬੁੱਟਰ, ਅਮਰਜੀਤ ਸਿੰਘ ਸੇਵਾਮੁਕਤ ਏ. ਐੱਸ. ਆਈ., ਪਿਆਰਾ ਸਿੰਘ, ਸਵਰਨ ਸਿੰਘ ਅਤੇ ਵੱਡੀ ਗਿਣਤੀ ਵਿੱਚ ਸਿੱਖਿਆਰਥਣਾਂ ਹਾਜ਼ਰ ਸਨ।