ਬ੍ਰਿਟਿਸ਼ ਸੰਸਦ ਮੈਂਬਰ ਡੈਬੀ ਅਬਰਾਹਮਜ਼ ਨੂੰ ਭਾਰਤ ਨੇ ਜਾਇਜ਼ ਵੀਜ਼ਾ ਹੋਣ ਦੇ ਬਾਵਜੂਦ ਮੁਲਕ ’ਚ ਦਾਖ਼ਲ ਹੋਣ ਤੋਂ ਰੋਕਿਆ

ਲੰਡਨ/ ਨਵੀਂ ਦਿੱਲੀ,ਫ਼ਰਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਇਕਬਾਲ ਸਿੰਘ ਰਸੂਲਪੁਰ)- ਬਰਤਾਨੀਆ ਦੀ ਸੰਸਦ ਮੈਂਬਰ, ਜੋ ਕਿ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲੈਣ ਦੇ ਭਾਰਤ ਦੇ ਫ਼ੈਸਲੇ ਦੀ ਆਲੋਚਕ ਹੈ, ਨੇ ਸੋਮਵਾਰ ਨੂੰ ਕਿਹਾ ਕਿ ਯੋਗ ਵੀਜ਼ਾ ਹੋਣ ਦੇ ਬਾਵਜੂਦ ਉਸ ਨੂੰ ਦਿੱਲੀ ਦੇ ਹਵਾਈ ਅੱਡੇ 'ਤੇ ਪੁੱਜਣ ਦੇ ਬਾਅਦ ਭਾਰਤ 'ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਅਤੇ ਉਸ ਨੂੰ ਦੁਬਈ, ਜਿਥੋਂ ਉਹ ਭਾਰਤ ਦੀ ਰਾਜਧਾਨੀ ਲਈ ਚੱਲੀ ਸੀ, ਵਾਪਸ ਭੇਜ ਦਿੱਤਾ ਗਿਆ। ਕਸ਼ਮੀਰ 'ਤੇ ਇਕ ਸੰਸਦੀ ਗਰੁੱਪ ਦੀ ਅਗਵਾਈ ਕਰਨ ਵਾਲੀ ਬਰਤਾਨੀਆ ਦੀ ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਉਸ ਕੋਲ ਯੋਗ ਵੀਜ਼ਾ ਹੋਣ ਦੇ ਬਾਵਜੂਦ ਉਸ ਨੂੰ ਭਾਰਤ 'ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਜਦੋਂ ਕਿ ਸਰਕਾਰ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਤੇ ਕਿਹਾ ਕਿ ਸੰਸਦ ਮੈਂਬਰ ਨੂੰ ਦੱਸ ਦਿੱਤਾ ਗਿਆ ਸੀ ਕਿ ਉਸ ਦਾ ਈ-ਵੀਜ਼ਾ ਰੱਦ ਕਰ ਦਿੱਤਾ ਗਿਆ। ਦੇਬੀ ਅਬਰਾਹਮਸ, ਜੋ ਕਿ ਲੇਬਰ ਪਾਰਟੀ ਦੀ ਮੈਂਬਰ ਹੈ ਅਤੇ ਕਸ਼ਮੀਰ ਲਈ ਬਣਾਏ ਸਰਬ ਪਾਰਟੀ ਸੰਸਦੀ ਗਰੁੱਪ (ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਕਸ਼ਮੀਰ) ਦੀ ਮੁਖੀ ਹੈ, ਨੇ ਇਕ ਬਿਆਨ 'ਚ ਕਿਹਾ ਕਿ ਉਹ ਸੋਮਵਾਰ ਸਵੇਰੇ ਦਿੱਲੀ ਪੁੱਜੀ ਤੇ ਉਸ ਨੂੰ ਦੱਸਿਆ ਗਿਆ ਕਿ ਉਸ ਦਾ ਵੀਜ਼ਾ, ਜੋ ਕਿ ਅਕਤੂਬਰ 2020 ਤੱਕ ਦਾ ਸੀ, ਰੱਦ ਕਰ ਦਿੱਤਾ ਗਿਆ ਹੈ। ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਬਰਤਾਨਵੀ ਸੰਸਦ ਮੈਂਬਰ ਨੂੰ ਦੱਸ ਦਿੱਤਾ ਗਿਆ ਸੀ ਕਿ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਅਤੇ ਇਹ ਜਾਨਣ ਦੇ ਬਾਵਜੂਦ ਉਹ ਭਾਰਤ ਪੁੱਜ ਗਈ।