ਪਾਕਿ ’ਚ ਵਿਸ਼ਵ ਕਬੱਡੀ ਕੱਪ ਖੇਡ ਕੇ ਵਤਨ ਪਰਤੀ ਭਾਰਤੀ ਟੀਮ

ਰਿਜਿਜੂ ਵਲੋਂ ਕੌਮੀ ਕਬੱਡੀ ਖੇਡ ਫੈਡਰੇਸ਼ਨ ਨੂੰ ਜਾਂਚ ਦੇ ਆਦੇਸ਼

ਅਟਾਰੀ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )- 

 ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ, ਜੋ ਪਾਕਿਸਤਾਨ ਵਿੱਚ ਕਰਵਾਇਆ ਗਿਆ, ਵਿੱਚ ਭਾਗ ਲੈਣ ਉਪਰੰਤ ਅੱਜ ਭਾਰਤੀ ਕਬੱਡੀ ਟੀਮ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤੀ। ਭਾਰਤ ਤੋਂ 35 ਮੈਂਬਰੀ ਕਬੱਡੀ ਟੀਮ ਕੋਚ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ 15 ਦਿਨਾਂ ਦੇ ਵੀਜ਼ੇ ’ਤੇ ਲਾਹੌਰ ਦੇ ਗੱਦਾਫ਼ੀ ਸਟੇਡੀਅਮ ਵਿਚ 9 ਤੋਂ 17 ਫਰਵਰੀ ਤੱਕ ਚੱਲੇ ਵਿਸ਼ਵ ਕਬੱਡੀ ਕੱਪ ਵਿੱਚ ਭਾਗ ਲੈਣ ਲਈ ਪਾਕਿਸਤਾਨ ਗਈ ਸੀ।
ਵਤਨ ਵਾਪਸੀ ਮੌਕੇ ਅਟਾਰੀ ਸਰਹੱਦ ’ਤੇ ਗੱਲਬਾਤ ਕਰਦਿਆਂ ਕਬੱਡੀ ਟੀਮ ਦੇ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਭਾਰਤ ਦੀ ਕਬੱਡੀ ਟੀਮ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ, ਜੋ ਲਾਹੌਰ ਵਿੱਚ ਕਰਵਾਇਆ ਗਿਆ, ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਗਏ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜਾਣ ਲਈ ਕਬੱਡੀ ਟੀਮ ਵੀਜ਼ਾ ਲੈ ਕੇ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਅਜੇ ਤੱਕ ਕਿਸੇ ਵੀ ਭਾਰਤੀ ਅਥਾਰਿਟੀ ਨੇ ਸੰਪਰਕ ਨਹੀਂ ਕੀਤਾ ਹੈ ਅਤੇ ਜੇਕਰ ਕਿਸੇ ਵਲੋਂ ਸੰਪਰਕ ਕੀਤਾ ਜਾਵੇਗਾ ਤਾਂ ਉਹ ਉਸ ਨੂੰ ਜਵਾਬ ਦੇਣਗੇ। ਦੱਸਣਯੋਗ ਹੈ ਕਿ ਭਾਰਤੀ ਟੀਮ ਦੇ ਪਾਕਿਸਤਾਨ ਜਾ ਕੇ ਖੇਡਣ ਅਤੇ ਭਾਰਤ ਦੀ ਨੁਮਾਇੰਦਗੀ ਕਰਨ ਸਬੰਧੀ ਭਾਰਤ ਸਰਕਾਰ ਵੱਲੋਂ ਇਤਰਾਜ਼ ਪ੍ਰਗਟ ਕੀਤਾ ਗਿਆ ਸੀ।

ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਕੌਮੀ ਕਬੱਡੀ ਫੈਡਰੇਸ਼ਨ ਨੂੰ ‘ਅਣਅਧਿਕਾਰਤ’ ਭਾਰਤੀ ਟੀਮ ਦੇ ਪਾਕਿਸਤਾਨ ਵਿੱਚ ਸਰਕਲ ਸਟਾਈਲ ਵਿਸ਼ਵ ਕੱਪ ਵਿੱਚ ਸ਼ਮੂਲੀਅਤ ਕਰਨ ਦੇ ਮਾਮਲੇ ਦੀ ਜਾਂਚ ਦਾ ਆਦੇਸ਼ ਦਿੱਤਾ ਹੈ। ਦੱਸਣਯੋਗ ਹੈ ਕਿ ਕੌਮਾਂਤਰੀ ਕਬੱਡੀ ਫੈਡਰੇਸ਼ਨ ਵਲੋਂ ‘ਅਯੋਗ’ ਕਰਾਰ ਦਿੱਤੇ ਗਏ ਇਸ ਟੂਰਨਾਮੈਂਂਟ ਦੇ ਫਾਈਨਲ ਵਿੱਚ ਲਾਹੌਰ ਤੋਂ ਹਾਰ ਕੇ ਪਰਤੀ ਭਾਰਤੀ ਟੀਮ ਦੀ ਸ਼ਮੂਲੀਅਤ ਕਰਨ ਦਾ ਮਾਮਲਾ ਭਖਿਆ ਹੋਇਆ ਹੈ। ਖੇਡ ਮੰਤਰੀ ਵਲੋਂ ਐਮੇਚਿਓਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਨੂੰ ਮਾਮਲੇ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਰਿਜਿਜੂ ਨੇ ਕਿਹਾ, ‘‘ਸਾਡੀ ਅਧਿਕਾਰਤ ਟੀਮ ਪਾਕਿਸਤਾਨ ਨਹੀਂ ਗਈ। ਸਾਨੂੰ ਨਹੀਂ ਪਤਾ ਉੱਥੇ ਕੌਣ ਗਿਆ ਹੈ। ਕਿਸੇ ਵੀ ਅਣਅਧਿਕਾਰਤ ਟੀਮ ਵਲੋਂ ਕਿਤੇ ਵੀ ਜਾ ਕੇ ਭਾਰਤ ਦੇ ਨਾਂ ਹੇਠ ਖੇਡਣਾ ਸਹੀ ਨਹੀਂ ਹੈ। ਅਸੀਂ ਕੋਈ ਅਧਿਕਾਰਤ ਟੀਮ ਨਹੀਂ ਭੇਜੀ ਹੈ। ਅਸੀਂ ਕਬੱਡੀ ਫੈਡਰੇਸ਼ਨ ਨੂੰ ਜਾਂਚ ਕਰਨ ਅਤੇ ਉਨ੍ਹਾਂ ਲੋਕਾਂ ਦੀ ਸ਼ਨਾਖ਼ਤ ਕਰਨ ਲਈ ਆਖਿਆ ਹੈ, ਜੋ ਉੱਥੇ ਗਏ ਅਤੇ ਬਿਨਾਂ ਇਜਾਜ਼ਤ ਤੋਂ ਭਾਰਤ ਦੇ ਨਾਂ ਦੀ ਵਰਤੋਂ ਕੀਤੀ। ਕਿਸੇ ਵੀ ਅਧਿਕਾਰਤ ਟੂਰਨਾਮੈਂਟ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਸਬੰਧਤ ਖੇਡ ਬਾਰੇ ਕੌਮੀ ਫੈਡਰੇਸ਼ਨ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਹੁੰਦੀ ਹੈ।’’ ਪਰ ਨਾਲ ਹੀ ਉਨ੍ਹਾਂ ਕਿਹਾ, ‘‘ਜੇਕਰ ਕੋਈ ਕਿਸੇ ਨਿੱਜੀ ਟੂਰਨਾਮੈਂਟ ਲਈ ਜਾਂਦਾ ਹੈ ਤਾਂ ਅਸੀਂ ਕੁਝ ਨਹੀਂ ਕਰ ਸਕਦੇ।’’
ਅੰਮ੍ਰਿਤਸਰ: ਕਬੱਡੀ ਟੀਮ ਦੇ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਨੇ ਕਿਹਾ, ‘‘ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਸਾਨੂੰ ਕਿਸੇ ਵੀ ਅਥਾਰਿਟੀ ਤੋਂ ਆਗਿਆ ਲੈਣ ਦੀ ਲੋੜ ਨਹੀਂ ਸੀ ਕਿਉਂਕਿ ਅਸੀਂ ਸਾਰੇ ਨਿੱਜੀ ਸਮਰੱਥਾ ਵਿੱਚ ਉੱਥੇ ਗਏ ਸੀ। ਸਾਡੀਆਂ ਆਪਣੀਆਂ ਪੰਜ ਵੱਖ-ਵੱਖ ਆਜ਼ਾਦ ਫੈਡਰੇਸ਼ਨਾਂ ਹਨ, ਜੋ ਆਪਣੇ ਤੌਰ ’ਤੇ ਪਾਕਿਸਤਾਨ ਵਿਚਲੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਗਈਆਂ ਸਨ। ਇਸ ਕਰਕੇ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਟੀਮ ਜਾਇਜ਼ ਵੀਜ਼ੇ ’ਤੇ ਪਾਕਿਸਤਾਨ ਗਈ ਸੀ ਅਤੇ ਇਹ ਕੋਈ ਅਧਿਕਾਰਤ ਟੂਰਨਾਮੈਂਟ ਨਹੀਂ ਸੀ, ਜਿਸ ਦੇ ਲਈ ਕਿਸੇ ਵਿਭਾਗ ਤੋਂ ਆਗਿਆ ਲੈਣ ਦੀ ਲੋੜ ਪਵੇ।