ਸਥਾਨਕ ਗਿੱਲ ਰੋਡ 'ਤੇ ਲੁਧਿਆਣਾ 'ਚ 12 ਕਰੋੜ ਦੇ ਗਹਿਣੇ ਲੁੱਟੇ

ਸੀ.ਆਈ.ਏ. ਸਟਾਫ਼ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਦਿੱਤਾ ਘਟਨਾ ਨੂੰ ਅੰਜਾਮ 

ਕਾਰ 'ਚ ਆਏ ਲੁਟੇਰੇ 12 ਕਰੋੜ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਤੇ 3 ਲੱਖ ਦੀ ਨਕਦੀ ਵੀ ਲੈ ਗਏ 

ਮੈਨੇਜਰ ਤੇ ਹੋਰ ਮੁਲਾਜ਼ਮਾਂ ਨੂੰ ਬਣਾਇਆ ਬੰਦੀ

ਲੁਧਿਆਣਾ,ਫ਼ਰਵਰੀ 2020-(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸਥਾਨਕ ਗਿੱਲ ਰੋਡ 'ਤੇ ਅੱਜ ਦਿਨ ਦਿਹਾੜੇ 5 ਹਥਿਆਰਬੰਦ ਲੁਟੇਰੇ ਗੋਲਡ ਲੋਨ ਕੰਪਨੀ ਦੇ ਮੁਲਾਜ਼ਮਾਂ ਨੂੰ ਬੰਦੀ ਬਣਾਉਣ ਉਪਰੰਤ 12 ਕਰੋੜ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਤੇ 3 ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਘਟਨਾ ਅੱਜ 10 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਪੰਜ ਹਥਿਆਰਬੰਦ ਕਾਰ ਸਵਾਰ ਲੁਟੇਰੇ ਗਿੱਲ ਰੋਡ ਸਥਿਤ ਆਈ. ਐਫ਼. ਐਫ਼. ਐਲ. ਗੋਲਡ ਲੋਨ ਕੰਪਨੀ ਦੇ ਦਫ਼ਤਰ ਬਾਹਰ ਆਏ। ਦਫ਼ਤਰ ਨੂੰ ਖੁੱਲ੍ਹਿਆਂ ਅਜੇ ਕੁਝ ਹੀ ਮਿੰਟ ਹੋਏ ਸਨ। ਕੁਝ ਸਮਾਂ ਇਹ ਲੁਟੇਰੇ ਕਾਰ 'ਚ ਹੀ ਬੈਠੇ ਰਹੇ, ਜਦਕਿ ਕੁਝ ਮਿੰਟ ਬਾਅਦ ਹੀ ਇਨ੍ਹਾਂ 'ਚੋਂ ਚਾਰ ਲੁਟੇਰੇ ਕੰਪਨੀ ਦੇ ਦਫ਼ਤਰ ਅੰਦਰ ਆ ਗਏ। ਜਦਕਿ ਇਕ ਲੁਟੇਰਾ ਕਾਰ ਵਿਚ ਹੀ ਬੈਠਾ ਰਿਹਾ। ਦਫ਼ਤਰ ਵਿਚ ਉਸ ਸਮੇਂ ਕੰਪਨੀ ਦੇ ਮੈਨੇਜਰ ਹਰਪ੍ਰੀਤ ਸਿੰਘ, ਸਹਾਇਕ ਮੈਨੇਜਰ ਅਮਿਤ ਕੁਮਾਰ, ਮੁਲਾਜ਼ਮ ਗੁਰਪ੍ਰੀਤ ਕੌਰ, ਮੁਹੰਮਦ ਅਜ਼ਹਰ ਅਤੇ ਸਫ਼ਾਈ ਸੇਵਕ ਵਰਸ਼ਾ ਮੌਜੂਦ ਸਨ। ਉਸ ਵਕਤ ਮੁਲਾਜ਼ਮਾਂ ਤੋਂ ਇਲਾਵਾ ਕੋਈ ਗਾਹਕ ਦਫ਼ਤਰ ਅੰਦਰ ਨਹੀਂ ਸੀ। ਦਫ਼ਤਰ ਅੰਦਰ ਦਾਖਲ ਹੁੰਦਿਆਂ ਹੀ ਇਨ੍ਹਾਂ ਲੁਟੇਰਿਆਂ ਨੇ ਉਥੇ ਮੌਜੂਦ ਮੈਨੇਜਰ ਹਰਪ੍ਰੀਤ ਸਿੰਘ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਨੂੰ ਚੁੱਪ ਰਹਿਣ ਲਈ ਕਿਹਾ। ਇਨ੍ਹਾਂ ਲੁਟੇਰਿਆਂ ਨੇ ਉਪਰੋਕਤ ਸਟਾਫ਼ ਮੈਂਬਰਾਂ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ ਅਤੇ ਦਫ਼ਤਰ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਭੰਨ ਤੋੜ ਵੀ ਕੀਤੀ। ਇਨ੍ਹਾਂ ਲੁਟੇਰਿਆਂ ਨੇ ਬੰਦੀ ਬਣਾਏ ਹਰਪ੍ਰੀਤ ਸਿੰਘ ਪਾਸੋਂ ਤਿਜ਼ੋਰੀ ਦੀ ਚਾਬੀ ਦੀ ਮੰਗ ਕੀਤੀ, ਜਦੋਂ ਹਰਪ੍ਰੀਤ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ 'ਚੋਂ ਇਕ ਨੇ ਆਪਣੇ ਕੋਲ ਰੱਖੀ ਪਿਸਤੌਲ ਕੱਢ ਲਈ ਅਤੇ ਹਰਪ੍ਰੀਤ ਸਿੰਘ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਲੁਟੇਰਿਆਂ ਵਲੋਂ ਹਰਪ੍ਰੀਤ ਸਿੰਘ ਨੂੰ ਜਬਰੀ ਤਿਜ਼ੋਰੀ ਵਾਲੇ ਕਮਰੇ ਵਿਚ ਲਿਜਾਇਆ ਗਿਆ ਜਿਥੇ ਉਸ ਪਾਸੋਂ ਤਿਜ਼ੋਰੀ ਦੀ ਚਾਬੀ ਲੈ ਕੇ ਤਿਜ਼ੋਰੀ ਖੋਲ੍ਹੀ ਅਤੇ ਉੱਥੇ ਪਏ 30 ਕਿੱਲੋ ਸੋਨੇ ਦੇ ਗਹਿਣੇ ਲੁੱਟ ਲਏ। ਇਨ੍ਹਾਂ ਦੀ ਕੀਮਤ 12 ਕਰੋੜ ਰੁਪਏ ਦੱਸੀ ਜਾਂਦੀ ਹੈ। ਲੁਟੇਰਿਆਂ ਨੇ ਦਫ਼ਤਰ ਵਿਚ ਮੌਜੂਦ ਮੁਲਾਜ਼ਮਾਂ ਨੂੰ ਚੁੱਪ ਰਹਿਣ ਲਈ ਕਿਹਾ। ਇਨ੍ਹਾਂ ਲੁਟੇਰਿਆਂ 'ਚੋਂ ਦੋ ਨੇ ਆਪਣੇ ਮੂੰਹ ਢਕੇ ਹੋਏ ਸਨ। ਇਨ੍ਹਾਂ ਲੁਟੇਰਿਆਂ ਪਾਸ ਦਾਤ, ਕਿਰਚ ਅਤੇ ਚਾਕੂ ਸਨ। ਦਫ਼ਤਰ 'ਚੋਂ ਫ਼ਰਾਰ ਹੋਣ ਤੋਂ ਪਹਿਲਾਂ ਇਨ੍ਹਾਂ ਲੁਟੇਰਿਆਂ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਨਾਲ ਲੱਗਿਆ ਡੀ.ਵੀ.ਆਰ. ਵੀ ਚੁੱਕ ਲਿਆ। ਲੁਟੇਰਿਆਂ ਨੇ ਇਹ ਗਹਿਣੇ ਚਾਰ ਵੱਡੇ ਲਿਫ਼ਾਫ਼ਿਆਂ ਵਿਚ ਪਾ ਲਏ ਜੋ ਕਿ ਇਹ ਆਪਣੇ ਨਾਲ ਲੈ ਕੇ ਆਏ ਹੋਏ ਸਨ। ਲੁੱਟ ਤੋਂ ਬਾਅਦ ਤਿੰਨ ਲੁਟੇਰੇ ਪਹਿਲਾਂ ਦਫ਼ਤਰ 'ਚੋਂ ਨਿਕਲ ਪਏ ਜਦਕਿ ਚੌਥੇ ਲੁਟੇਰੇ ਨੇ ਦਫ਼ਤਰ ਦੇ ਮੁੱਖ ਗੇਟ ਨੂੰ ਤਾਲਾ ਲਗਾ ਦਿੱਤਾ। ਲੁੱਟ ਕਰਨ ਉਪਰੰਤ ਇਹ ਲੁਟੇਰੇ ਸਿਆਜ਼ ਕਾਰ ਵਿਚ ਫ਼ਰਾਰ ਹੋ ਗਏ। ਮੈਨੇਜਰ ਵਲੋਂ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ 'ਤੇ ਦਿੱਤੀ ਗਈ। ਸੂਚਨਾ ਮਿਲਦਿਆਂ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ, ਏ.ਡੀ.ਸੀ.ਪੀ. ਜਸਕਿਰਨਜੀਤ ਸਿੰਘ ਤੇਜਾ, ਏ.ਸੀ.ਪੀ. ਸੰਦੀਪ ਵਡੇਰਾ, ਏ.ਸੀ.ਪੀ. ਸੁਰਿੰਦਰ ਮੋਹਨ ਅਤੇ ਹੋਰ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ। ਦਫ਼ਤਰ ਵਿਚ ਦਾਖਲ ਹੋਣ ਅਤੇ ਫ਼ਰਾਰ ਹੋਣ ਸਮੇਂ ਲੁਟੇਰੇ ਗੁਆਂਢੀਆਂ ਦੇ ਕੈਮਰਿਆਂ ਵਿਚ ਕੈਦ ਹੋ ਗਏ, ਜਿਸ ਆਧਾਰ 'ਤੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਲੁਟੇਰਿਆਂ ਨੇ ਟੋਪੀ ਵਾਲੀਆਂ ਜੈਕਟਾਂ ਪਾਈਆਂ ਹੋਈਆਂ ਸਨ। ਪੁਲਿਸ ਵਲੋਂ ਲੁਟੇਰਿਆਂ ਦੇ ਸਕੈੱਚ ਵੀ ਬਣਾਏ ਜਾ ਰਹੇ ਹਨ। ਲੁਟੇਰੇ 25 ਮਿੰਟ ਦੇ ਕਰੀਬ ਸਮਾਂ ਦਫ਼ਤਰ ਵਿਚ ਰਹੇ ਅਤੇ ਸਾਰੇ ਸੋਨੇ ਦੇ ਗਹਿਣੇ ਇਕੱਠੇ ਕਰਦੇ ਰਹੇ। ਦਫ਼ਤਰ ਵਿਚ ਕੋਈ ਵੀ ਸੁਰੱਖਿਆ ਮੁਲਾਜ਼ਮ ਨਹੀਂ ਸੀ। ਕੰਪਨੀ ਵਲੋਂ ਕਿਸੇ ਵੀ ਸੁਰੱਖਿਆ ਮੁਲਾਜ਼ਮ ਨੂੰ ਦਫ਼ਤਰ ਵਿਚ ਤਾਇਨਾਤ ਨਹੀਂ ਕੀਤਾ ਗਿਆ ਹੈ। ਉਕਤ ਕੰਪਨੀ ਲੋਕਾਂ ਦੇ ਗਹਿਣੇ ਗਿਰਵੀ ਰੱਖ ਕੇ ਉਨ੍ਹਾਂ ਨੂੰ ਕਰਜ਼ਾ ਦਿੰਦੀ ਹੈ। ਕੰਪਨੀ 30 ਕਿੱਲੋ ਸੋਨੇ ਦੇ ਬਦਲੇ ਲੋਕਾਂ ਨੂੰ ਕਰੋੜਾਂ ਰੁਪਏ ਦਾ ਕਰਜ਼ਾ ਦੇ ਚੁੱਕੀ ਹੈ। ਪੁਲਿਸ ਵਲੋਂ ਮੌਕੇ 'ਤੇ ਮੌਜੂਦ ਮੁਲਾਜ਼ਮਾਂ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਪਰ ਦੇਰ ਸ਼ਾਮ ਤੱਕ ਲੁਟੇਰਿਆਂ ਦਾ ਕਿਧਰੇ ਪਤਾ ਨਹੀਂ ਲੱਗਾ। ਜ਼ਿਕਰਯੋਗ ਹੈ ਕਿ ਜਿਸ ਥਾਂ 'ਤੇ ਲੁਟੇਰਿਆਂ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਹ ਸ਼ਹਿਰ ਦੀ ਸੰਘਣੀ ਆਬਾਦੀ ਵਾਲਾ ਇਲਾਕਾ ਹੈ ਅਤੇ ਮੁੱਖ ਸੜਕ ਹੈ ਜਿੱਥੇ ਕਿ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ। ਦਫ਼ਤਰ ਦੇ ਬਿਲਕੁਲ ਸਾਹਮਣੇ ਸੀ.ਆਈ.ਏ. ਸਟਾਫ਼ 3 ਦਾ ਦਫ਼ਤਰ ਵੀ ਹੈ ਜਿਥੇ ਕਿ ਹਰ ਸਮੇਂ ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਪਰ ਫਿਰ ਵੀ ਲੁਟੇਰੇ ਏਨੀ ਵੱਡੀ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਉਪਰੰਤ ਉੱਥੋਂ ਫ਼ਰਾਰ ਹੋ ਗਏ। ਪੁਲਿਸ ਵਲੋਂ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ ਗਿਆ ਹੈ।