ਨਿਊਯਾਰਕ ਤੋਂ ਲੰਡਨ ਬਿ੍ਟਿਸ਼ ਏਅਰਵੇਜ਼ ਨੇ ਸਿਰਫ 4 ਘੰਟੇ 56 ਮਿੰਟ 'ਚ 3500 ਮੀਲ ਦਾ ਸਫਰ ਤੈਅ ਨਵਾਂ ਰਿਕਾਰਡ ਬਣਾਇਆ

ਲੰਡਨ,ਫ਼ਰਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)- 

ਯੂ.ਕੇ. 'ਚ ਤੇਜ਼ ਹਵਾਵਾਂ ਨੇ ਜਿਥੇ ਜਨਜੀਵਨ ਨੂੰ ਬੁਰੀ ਤਰ੍ਹਾਂ ਦੋ ਦਿਨ ਪ੍ਰਭਾਵਿਤ ਕਰਨ ਤੋਂ ਬਾਅਦ ਮੁੜ ਜਨਜੀਵਨ ਲੀਹ 'ਤੇ ਆਉਣਾ ਸ਼ੁਰੂ ਹੋ ਗਿਆ ਹੈ, ਹਵਾਈ ਉਡਾਣਾ, ਰੇਲ ਆਵਾਜਾਈ ਸ਼ੁਰੂ ਹੋ ਗਈ ਹੈ | ਉੱਥੇ ਇਸ ਹਨੇਰੀ ਦੌਰਾਨ ਬਿ੍ਟਿਸ਼ ਏਅਰਵੇਜ਼ ਦੀ ਇਕ ਉਡਾਣ ਨੇ ਨਵਾਂ ਰਿਕਾਰਡ ਬਣਾਇਆ ਹੈ | ਨਿਊਯਾਰਕ ਤੋਂ ਲੰਡਨ ਆ ਰਹੀ ਇਸ ਉਡਾਣ ਨੇ ਸਿਰਫ 4 ਘੰਟੇ 56 ਮਿੰਟ 'ਚ 3500 ਮੀਲ ਦਾ ਸਫਰ ਤੈਅ ਕੀਤਾ | ਖ਼ਬਰ ਅਨੁਸਾਰ ਨਿਊਯਾਰਕ ਦੇ ਜਾਨ ਐਫ ਕੈਨੇਡੀ ਹਵਾਈ ਅੱਡੇ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਤੱਕ ਦੇ 1290 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਆਉਣ ਵਾਲੀ ਇਸ ਉਡਾਣ ਨੂੰ ਸਿਆਰਾ ਤੂਫਾਨ ਨੇ 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਗਤੀ ਲਈ ਮਦਦ ਕੀਤੀ | ਜਦਕਿ ਇਸ ਸਮੇਂ ਇਕ ਹੋਰ ਵਰਜ਼ਿਨ ਅਟਲਾਂਟਿਕ ਦੀ ਏ 350 ਹਵਾਈ ਜਹਾਜ਼ ਨੇ 1 ਮਿੰਟ ਜ਼ਿਆਦਾ ਸਮਾਂ ਲਿਆ, ਵਰਜ਼ਿਨ ਦੀ ਇਕ ਹੋਰ ਫਲਾਈਟ 3 ਮਿੰਟ ਦੇਰੀ ਨਾਲ ਪਹੁੰਚੀ | ਨਾਰਵਿਅਰਨ ਏਅਰਲਾਈਨਜ਼ ਦਾ ਰਿਕਾਰਡ ਤੋੜਨ ਵਾਲੀਆਂ ਇਨ੍ਹਾਂ ਤਿੰਨਾਂ ਉਡਾਣਾ 'ਚੋਂ ਬਿ੍ਟਿਸ਼ ਏਅਰਵੇਜ਼ ਦਾ ਬੋਇੰਗ 747 ਸਭ ਤੋਂ ਅੱਗੇ ਰਿਹਾ | ਜ਼ਿਕਰਯੋਗ ਹੈ ਕਿ ਨਿਊਯਾਰਕ ਤੋਂ ਲੰਡਨ ਉਡਾਣ ਸਫਰ 5 ਘੰਟੇ 13 ਮਿੰਟ ਦੇ ਲਗਭਗ ਹੈ | ਬਿ੍ਟਿਸ਼ ਏਅਰਵੇਜ਼ ਦੇ ਬੋਇੰਗ 747 'ਚ ਸਵਾਰ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਡਾਣ ਦੌਰਾਨ ਚੰਗੀ ਤਰ੍ਹਾਂ ਸੌਣ ਦਾ ਸਮਾਂ ਵੀ ਨਹੀਂ ਮਿਲਿਆ |