ਆਪਣੀ ਗੱਡੀ ਆਪਣਾ ਰੋਜ਼ਗਾਰ ਯੋਜਨਾ' ਤਹਿਤ ਅਰਜੀਆਂ ਦੇਣ ਦੀ ਆਖ਼ਰੀ ਮਿਤੀ ਹੁਣ 19 ਫਰਵਰੀ

ਕਾਰ ਅਤੇ ਆਟੋ ਰਿਕਸ਼ਾ ਖਰੀਦਣ 'ਤੇ ਮੁਹੱਈਆ ਕਰਵਾਈ ਜਾਵੇਗੀ ਸਬਸਿਡੀ-ਡਿਪਟੀ ਕਮਿਸ਼ਨਰ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ 'ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ' ਤਹਿਤ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਥੇ ਹੀ ਉਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਵੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਜ਼ਿਲਾ ਪ੍ਰਸਾਸ਼ਨ ਲੁਧਿਆਣਾ ਨੇ ਇਸੇ ਮਿਸ਼ਨ ਤਹਿਤ ਸ਼ੁਰੂ ਕੀਤੀ ਗਈ 'ਆਪਣੀ ਗੱਡੀ ਆਪਣਾ ਰੋਜ਼ਗਾਰ ਯੋਜਨਾ' ਤਹਿਤ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਨੌਜਵਾਨਾਂ ਨੂੰ ਕਾਰ ਅਤੇ ਆਟੋ ਰਿਕਸ਼ਾ ਚਲਾਉਣ (ਖਰੀਦਣ) ਲਈ ਸਬਸਿਡੀ ਮੁਹੱਈਆ ਕਰਾਉਣ ਲਈ ਅਰਜੀਆਂ ਦੀ ਮੰਗ ਕੀਤੀ ਹੈ। ਇਸ ਯੋਜਨਾ ਦਾ ਲਾਭ ਵੱਧ ਤੋਂ ਵੱਧ ਨੌਜਵਾਨਾਂ ਨੂੰ ਦਿਵਾਉਣ ਦੇ ਮਕਸਦ ਨਾਲ ਇਸ ਲਈ ਅਪਲਾਈ ਕਰਨ ਦੀ ਮਿਤੀ ਵਿੱਚ 19 ਫਰਵਰੀ, 2020 ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਨੌਜਵਾਨਾਂ ਨੂੰ ਕਾਰ ਖਰੀਦਣ ਲਈ ਕੁੱਲ ਕੀਮਤ ਦਾ 75000 ਰੁਪਏ ਜਾਂ 15 ਫੀਸਦੀ (ਜੋ ਵੀ ਘੱਟ ਹੋਵੇਗਾ) ਅਤੇ ਆਟੋ ਰਿਕਸ਼ਾ ਖਰੀਦਣ ਲਈ 50000 ਰੁਪਏ ਜਾਂ 15 ਫੀਸਦੀ (ਜੋ ਵੀ ਘੱਟ ਹੋਵੇਗਾ) ਸਬਸਿਡੀ ਦਿੱਤੀ ਜਾਵੇਗੀ। ਉਮੀਦਵਾਰ ਜ਼ਿਲਾ ਲੁਧਿਆਣਾ ਦਾ ਵਾਸੀ ਹੋਣਾ ਚਾਹੀਦਾ ਹੈ ਅਤੇ ਉਸਦੀ ਉਮਰ 1 ਨਵੰਬਰ, 2019 ਨੂੰ 21 ਸਾਲ ਤੋਂ 45 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਵਿਦਿਅਕ ਯੋਗਤਾ ਵਿੱਚ 8ਵੀਂ ਜਮਾਤ ਪਾਸ ਅਤੇ ਉਸ ਕੋਲ ਨੀਲਾ ਕਾਰਡ/ਸਮਾਰਟ ਕਾਰਡ ਅਤੇ ਵੈਧ ਡਰਾਈਵਿੰਗ ਲਾਇਸੰਸ ਹੋਣਾ ਚਾਹੀਦਾ ਹੈ। ਅਗਰਵਾਲ ਨੇ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਨੌਜਵਾਨਾਂ ਨੂੰ ਵੈੱਬਸਾਈਟ www.pbemployment.gov.in ਤੋਂ ਪ੍ਰਫਾਰਮਾ ਡਾਊਨਲੋਡ ਕਰਕੇ ਭਰਨ ਉਪਰੰਤ ਲੁਧਿਆਣਾ ਸਥਿਤ ਪ੍ਰਤਾਪ ਚੌਕ, ਨੇੜੇ ਸੰਗੀਤ ਸਿਨੇਮਾ ਦੇ ਸਾਹਮਣੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਵਿਖੇ ਮਿਤੀ 19 ਫਰਵਰੀ, 2020 ਦੇ ਸ਼ਾਮ 5 ਵਜੇ ਤੋਂ ਪਹਿਲਾਂ-ਪਹਿਲਾਂ ਜਮਾਂ ਕਰਵਾ ਸਕਦੇ ਹਨ। ਇਸ ਵੈੱਬਸਾਈਟ ਤੋਂ ਹੋਰ ਵਧੇਰੇ ਜਾਣਕਾਰੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।