You are here

ਸਰਕਾਰੀ ਵਿਕਾਸ ਕਾਰਜਾਂ ਲਈ ਇੱਟਾਂ ਦੇ ਭਾਅ ਨਿਰਧਾਰਤ

ਕਪੂਰਥਲਾ, ਫਰਵਰੀ 2020 -(ਹਰਜੀਤ ਸਿੰਘ ਵਿਰਕ)-

ਜ਼ਿਲਾ ਕਪੂਰਥਲਾ ਵਿਚ ਸਰਕਾਰੀ ਵਿਕਾਸ ਕਾਰਜਾਂ ਲਈ ਇੱਟਾਂ ਦੇ ਭਾਅ ਨਿਰਧਾਰਤ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਭੱਠਾ ਮਾਲਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੀ ਭਾਗ ਲਿਆ। ਇਸ ਦੌਰਾਨ ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਕਿ ਕਪੂਰਥਲਾ ਜ਼ਿਲੇ ਵਿਚ 2014 ਵਿਚ ਸਰਕਾਰੀ ਕੰਮਾਂ ਲਈ ਇੱਟਾਂ ਦੇ ਰੇਟ 4500 ਰੁਪਏ (ਪ੍ਰਤੀ 1000) ਨਿਰਧਾਰਤ ਕੀਤੇ ਗਏ ਸਨ। ਉਨਾਂ ਕਿਹਾ ਕਿ ਉਦੋਂ ਤੋਂ ਹੁਣ ਤੱਕ ਮਿੱਟੀ, ਮਜ਼ਦੂਰੀ ਅਤੇ ਕੋਲੇ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਾਰਨ ਇੱਟਾਂ ਦੀ ਉਤਪਾਦਨ ਲਾਗਤ ਵਿਚ ਵਾਧਾ ਹੋਇਆ ਹੈ, ਇਸ ਕਰਕੇ ਸਰਕਾਰੀ ਕੰਮਾਂ ਲਈ ਵਰਤੀਆਂ ਜਾਣ ਵਾਲੀਆਂ ਇੱਟਾਂ ਦੀਆਂ ਕੀਮਤਾਂ ਰੀਵਾਈਜ਼ ਕਰਨੀਆਂ ਬੇਹੱਦ ਜ਼ਰੂਰੀ ਹਨ। ਡਿਪਟੀ ਕਮਿਸ਼ਨਰ ਵੱਲੋਂ ਭੱਠਾ ਐਸੋਸੀਏਸ਼ਨ ਤੇ ਹਾਜ਼ਰ ਅਧਿਕਾਰੀਆਂ ਨਾਲ ਵਿਸਥਾਰ ’ਚ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਸਰਕਾਰੀ ਵਿਕਾਸ ਕੰਮਾਂ ਲਈ ਪਹਿਲੇ ਦਰਜੇ ਦੀਆਂ ਇੱਟਾਂ ਦੀ ਕੀਮਤ 5350 ਰੁਪਏ ਨਿਰਧਾਰਤ ਕਰਨ ਦਾ ਫ਼ੈਸਲਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਮੀਟਿੰਗ ’ਚ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇੱਟਾਂ ਦੀ ਖ਼ਰੀਦ ਲੋਕਲ ਪੱਧਰ ਉੱਤੇ ਅਤੇ ਕੰਮ ਵਾਲੇ ਸਥਾਨ ਤੋਂ ਨਜ਼ਦੀਕ ਪੈਂਦੇ ਭੱਠਿਆਂ ਤੋਂ ਹੀ ਕਰਨ ਨੂੰ ਤਰਜੀਹ ਦਿੱਤੀ ਜਾਵੇ। ਉਨਾਂ ਭੱਠਾ ਐਸੋਸੀਏਸ਼ਨ ਨੂੰ ਵੀ ਹਦਾਇਤ ਕੀਤੀ ਕਿ ਸਰਕਾਰੀ ਵਿਭਾਗਾਂ ਦੇ ਵਿਕਾਸ ਕੰਮਾਂ ਲਈ ਪਹਿਲੇ ਦਰਜੇ ਦੀਆਂ ਵਧੀਆ ਇੱਟਾਂ ਦੀ ਸਪਲਾਈ ਯਕੀਨੀ ਬਣਾਈ ਜਾਵੇ। ਉਨਾਂ ਭੱਠਾ ਮਾਲਕਾਂ ਨੂੰ ਆਪਣੀ ਬਣਦੀ ਰਾਇਲਟੀ ਜਮਾਂ ਕਰਵਾਉਣ ਦੀ ਵੀ ਹਦਾਇਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਡੀ. ਐਫ. ਐਸ. ਸੀ ਸ. ਸਰਤਾਜ ਸਿੰਘ ਚੀਮਾ, ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ, ਐਕਸੀਅਨ ਪੀ. ਡਬਲਿੳੂ. ਡੀ ਸ੍ਰੀ ਸਰਬਰਾਜ ਕੁਮਾਰ, ਐਕਸੀਅਨ ਪੰਚਾਇਤੀ ਰਾਜ ਸ੍ਰੀ ਸੰਦੀਪ ਸ੍ਰੀਧਰ, ਐਕਸੀਅਨ ਡਰੇਨੇਜ ਸ. ਅਜੀਤ ਸਿੰਘ, ਐਸ. ਡੀ. ਡੀ ਸ. ਬਲਬੀਰ ਸਿੰਘ ਤੋਂ ਇਲਾਵਾ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਸ਼ਾਲ ਸੋਨੀ ਅਤੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ। 

ਕੈਪਸ਼ਨ :-ਇੱਟਾਂ ਦੇ ਭਾਅ ਨਿਰਧਾਰਤ ਕਰਨ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਡੀ. ਐਫ. ਐਸ. ਸੀ ਸ. ਸਰਤਾਜ ਸਿੰਘ ਚੀਮਾ ਤੇ ਹੋਰ