ਮਾਨਸਿਕ ਤਸ਼ੱਦਦ ਝੱਲਣਾ ਪਿਆ- ਅਭਿਨੰਦਨ

ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ, ਜਿਨ੍ਹਾਂ ਨੂੰ ਸ਼ੁੱਕਰਵਾਰ ਰਾਤ ਪਾਕਿਸਤਾਨ ਵੱਲੋਂ ਵਾਹਗਾ ਸਰਹੱਦ ਰਾਹੀਂ ਭਾਰਤ ਨੂੰ ਸੌਂਪਿਆ ਗਿਆ ਸੀ, ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਪਾਕਿ ਵਿਚ ‘ਮਾਨਸਿਕ ਤਸ਼ੱਦਦ’ ਦਾ ਸ਼ਿਕਾਰ ਹੋਣਾ ਪਿਆ ਹੈ। ਉਨ੍ਹਾਂ ਗੁਆਂਢੀ ਮੁਲਕ ਵਿਚ 60 ਘੰਟਿਆਂ ਦੀ ਠਾਹਰ ਦੌਰਾਨ ਪਾਕਿ ਅਥਾਰਿਟੀ ਵੱਲੋਂ ਕਿਸੇ ਵੀ ਤਰ੍ਹਾਂ ਦੇ ਸਰੀਰਕ ਤਸ਼ੱਦਦ ਤੋਂ ਇਨਕਾਰ ਕੀਤਾ। ਜ਼ਿਕਰਯੋਗ ਹੈ ਕਿ ਜਿਹੜੀ ਫੁਟੇਜ ਸਾਹਮਣੇ ਆਈ ਸੀ, ਉਸ ਵਿਚ ਪਾਇਲਟ ਦੀਆਂ ਅੱਖਾਂ ’ਤੇ ਪੱਟੀ ਬੰਨ੍ਹੀ ਹੋਈ ਸੀ ਤੇ ਹੱਥ ਵੀ ਬੰਨ੍ਹੇ ਹੋਏ ਸਨ। ਉਹ ਜ਼ਖ਼ਮੀ ਵੀ ਸਨ। ਇਸ ਤੋਂ ਬਾਅਦ ਦੀ ਇਕ ਵੀਡੀਓ ਵਿਚ ਉਹ ਚਾਹ ਪੀਂਦੇ ਹੋਏ ਨਜ਼ਰ ਆਏ ਸਨ ਤੇ ਠੀਕ-ਠਾਕ ਲੱਗ ਰਹੇ ਸਨ। ਉਨ੍ਹਾਂ ਦੀ ਅੱਜ ਦਿੱਲੀ ਦੇ ਫ਼ੌਜੀ ਹਸਪਤਾਲ ਵਿਚ ਡਾਕਟਰੀ ਜਾਂਚ ਕੀਤੀ ਗਈ। ਇਹ ਪ੍ਰਕਿਰਿਆ (ਕੂਲਿੰਗ ਡਾਊਨ) ਉਨ੍ਹਾਂ ਨੂੰ ਸਹਿਜਤਾ ਵੱਲ ਪਰਤਾਉਣ ਦਾ ਹਿੱਸਾ ਹੈ। ਹਵਾਈ ਫ਼ੌਜ ਇਸ ਤਹਿਤ ਅਭਿਨੰਦਨ ਦੀ ਕਾਊਂਸਲਿੰਗ ਵਗੈਰਾ ਕਰਕੇ ਉਨ੍ਹਾਂ ਲਈ ਸਾਵਾਂ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰੇਗੀ। ਜ਼ਿਕਰਯੋਗ ਹੈ ਕਿ ਪਾਕਿ ਹਵਾਈ ਫ਼ੌਜ ਨਾਲ ਮੁਕਾਬਲੇ ਦੌਰਾਨ ਪਾਕਿ ਵਿਚ ਦਾਖ਼ਲ ਹੋਏ ਪਾਇਲਟ ਅਭਿਨੰਦਨ ਅੰਮ੍ਰਿਤਸਰ ਤੋਂ ਸ਼ੁੱਕਰਵਾਰ ਰਾਤ 11.45 ਦੇ ਕਰੀਬ ਦਿੱਲੀ ਪੁੱਜੇ। ਇਸ ਤੋਂ ਬਾਅਦ ਉਨ੍ਹਾਂ ਨੂੰ ਰਾਤ ਨੂੰ ਹੀ ਏਅਰ ਫੋਰਸ ਸੈਂਟਰਲ ਐਸਟੈਬਲਿਸ਼ਮੈਂਟ (ਏਐੱਫਸੀਐਮਈ) ਵਿਚ ਲਿਆ ਕੇ ਜਾਂਚ ਸ਼ੁਰੂ ਕੀਤੀ ਗਈ ਤੇ ਕਈ ਟੈਸਟ ਕੀਤੇ ਗਏ। ਸਿਹਤ ਜਾਂਚ ਤੋਂ ਬਾਅਦ ਭਾਰਤੀ ਪਾਇਲਟ ਨਾਲ ਇਕ ਸੈਸ਼ਨ ਕਰ ਕੇ ਮਿਸ਼ਨ ਨਾਲ ਸਬੰਧਤ ਸਵਾਲ-ਜਵਾਬ ਹੋਣਗੇ। ਸ਼ਨਿਚਰਵਾਰ ਸਵੇਰੇ ਸੁਵੱਖਤੇ ਵਰਤਮਾਨ ਨੇ ਆਪਣੇ ਪਰਿਵਾਰਕ ਮੈਂਬਰਾਂ ਤੇ ਹਵਾਈ ਫ਼ੌਜ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਵੀ ਅੱਜ ਅਭਿਨੰਦਨ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਸੁਨੇਹਾ ਦਿੱਤਾ ਕਿ ਸਾਰੇ ਦੇਸ਼ ਨੂੰ ਉਨ੍ਹਾਂ ’ਤੇ ਮਾਣ ਹੈ। ਵੇਰਵਿਆਂ ਮੁਤਾਬਕ ਵਿੰਗ ਕਮਾਂਡਰ ਨਾਲ ਗੁਆਂਢੀ ਮੁਲਕ ਵਿਚ ਵਾਪਰੇ ਘਟਨਾਕ੍ਰਮ ਬਾਰੇ ਉੱਚ ਅਧਿਕਾਰੀ ਬਾਅਦ ਵਿਚ ਜਾਣਕਾਰੀ ਦੇਣਗੇ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੇ ਪਾਇਲਟ ਨੂੰ ਭਾਰਤ ਨੂੰ ਸੌਂਪੇ ਜਾਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦੋਵਾਂ ਮੁਲਕਾਂ ਨੂੰ ਸਬੰਧ ਸੁਧਾਰਨ ਤੇ ਉਸਾਰੂ ਮਾਹੌਲ ਸਿਰਜ ਕੇ ਗੱਲਬਾਤ ਦਾ ਸੱਦਾ ਦਿੱਤਾ ਹੈ।