ਪੰਜਾਬ ਯੂਥ ਵਿਕਾਸ ਬੋਰਡ ਵੱਲੋਂ ਭਾਰਤੀ ਸਟੇਟ ਬੈਂਕ ਦੇ ਸਹਿਯੋਗ ਨਾਲ ਮੈਰਾਥਨ ਦਾ ਆਯੋਜਨ 2 ਫਰਵਰੀ ਨੂੰ

ਨੌਜਵਾਨਾਂ ਨੂੰ ਨਸ਼ੇ ਨਾਲੋਂ ਨਿਖੇੜ ਕੇ ਸੂਬੇ ਦੇ ਵਿਕਾਸ ਵੱਲ ਲਗਾਉਣ ਦਾ ਟੀਚਾ-ਚੇਅਰਮੈਨ ਬਿੰਦਰਾ
ਲੁਧਿਆਣਾ, ਜਨਵਰੀ 2020-( /ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਨਾਲੋਂ ਨਿਖੇੜ ਕੇ ਸੂਬੇ ਦੇ ਵਿਕਾਸ ਵੱਲ ਲਗਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਪੰਜਾਬ ਯੂਥ ਵਿਕਾਸ ਬੋਰਡ ਵੱਲੋਂ ਭਾਰਤੀ ਸਟੇਟ ਬੈਂਕ ਦੇ ਸਹਿਯੋਗ ਨਾਲ ਮਿਤੀ 2 ਫਰਵਰੀ ਨੂੰ ਲੁਧਿਆਣਾ ਵਿਖੇ ਮੈਰਾਥਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਅੱਜ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਭਾਰਤੀ ਸਟੇਟ ਬੈਂਕ ਦੇ ਸਥਾਨਕ ਜ਼ੋਨਲ ਦਫ਼ਤਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ। ਉਨਾਂ ਦੱਸਿਆ ਕਿ ਪੰਜ ਕਿਲੋਮੀਟਰ ਦੀ ਇਹ ਮੈਰਾਥਨ ਸਵੇਰੇ ਛੇ ਵਜੇ ਸਥਾਨਕ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋਵੇਗੀ। ਇਹ ਮੈਰਾਥਨ ਭਾਰਤ ਨਗਰ, ਭਾਈ ਬਾਲਾ ਚੌਕ, ਆਰਤੀ ਚੌਕ, ਘੁਮਾਰ ਮੰਡੀ, ਫੁਹਾਰਾ ਚੌਕ ਹੁੰਦੀ ਹੋਈ ਸਟੇਡੀਅਮ ਵਿਖੇ ਸਮਾਪਤ ਹੋਵੇਗੀ।ਮੈਰਾਥਨ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਬਿਲਕੁਲ ਮੁਫਤ ਹੈ।ਹਿੱਸਾ ਲੈਣ ਲਈ 9888847287, 9914921755 ਸੰਪਰਕ ਨੰਬਰ 'ਤੇ ਰਜਿਸਟ੍ਰੇਸ਼ਨ ਕਾਰਵਾਈ ਜਾ ਸਕਦੀ ਹੈ।ਇਸ ਮੌਕੇ ਉਨਾਂ ਨੇ ਪੰਜਾਬ ਸਰਕਾਰ ਵੱਲੋਂ ਸਮਾਜ ਭਲਾਈ ਅਤੇ ਨੌਜਵਾਨਾਂ ਦੇ ਉਥਾਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਦੱਸਿਆ। ਬਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਤੋੜ ਕੇ ਉਸਾਰੂ ਗਤੀਵਿਧੀਆਂ ਵੱਲ ਲਗਾਉਣ ਲਈ ਪੰਜਾਬ ਯੂਥ ਵਿਕਾਸ ਬੋਰਡ ਨੂੰ ਮੁੜ ਤੋਂ ਗਤੀਸ਼ੀਲ ਕੀਤਾ ਗਿਆ ਹੈ। ਬੋਰਡ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨੌਜਵਾਨਾਂ ਨਾਲ ਸੰਬੰਧਤ ਸਾਰੇ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਸੁਲਝਾ ਕੇ ਨੌਜਵਾਨਾਂ ਦਾ ਸਹਿਯੋਗ ਸੂਬੇ ਦੇ ਵਿਕਾਸ ਲਈ ਲਿਆ ਜਾਵੇ। ਬਿੰਦਰਾ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਮੁਸ਼ਕਿਲਾਂ ਪੰਜਾਬ ਸਰਕਾਰ ਤੱਕ ਪਹੁੰਚਾਉਣ ਅਤੇ ਉਨਾਂ ਦਾ ਉਚਿਤ ਹੱਲ ਕਢਵਾਉਣ ਲਈ ਪੰਜਾਬ ਯੂਥ ਵਿਕਾਸ ਬੋਰਡ ਦਾ ਸਹਿਯੋਗ ਲੈਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਲਈ ਹਰ ਕਦਮ ਉਠਾਉਣ ਲਈ ਦ੍ਰਿੜ ਸੰਕਲਪ ਹੈ। ਜੋ ਨੌਜਵਾਨ ਇਸ ਦਿਸ਼ਾ ਵਿੱਚ ਪੰਜਾਬ ਸਰਕਾਰ ਦਾ ਸਹਿਯੋਗ ਕਰਨਗੇ, ਉਨਾਂ ਨੂੰ ਪ੍ਰਸ਼ੰਸਾ ਪੱਤਰਾਂ ਨਾਲ ਨਿਵਾਜ਼ਿਆ ਜਾਵੇਗਾ। ਇਸ ਮੌਕੇ ਹਾਜ਼ਰ ਭਾਰਤੀ ਸਟੇਟ ਬੈਂਕ ਦੇ ਡਵੀਸ਼ਨਲ ਜਨਰਲ ਮੈਨੇਜਰ ਪ੍ਰਣਏ ਰੰਜਨ ਦਿਵੇਦੀ ਨੇ ਦੱਸਿਆ ਕਿ ਭਾਰਤੀ ਸਟੇਟ ਬੈਂਕ ਵੱਲੋਂ ਇਹ ਮੈਰਾਥਨ ਸੀ. ਐੱਸ. ਆਰ. ਗਤੀਵਿਧੀ ਅਧੀਨ ਕਾਰਵਾਈ ਜਾ ਰਹੀ ਹੈ।ਜਿਸ ਵਿਚ ਵੱਡੀ ਗਿਣਤੀ ਵਿੱਚ ਬੈਂਕ ਮੁਲਾਜ਼ਮ ਅਤੇ ਅਧਿਕਾਰੀ ਭਾਗ ਲੈਣਗੇ।ਓਹਨਾ ਸ਼ਹਿਰ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੈਰਾਥਨ ਵਿਚ ਵਧ ਚੜ ਕੇ ਹਿੱਸਾ ਲੈਣ।ਓਹਨਾ ਚੇਅਰਮੈਨ ਬਿੰਦਰਾ ਨੂੰ ਭਰੋਸਾ ਦਿਵਾਇਆ ਕਿ ਓਹਨਾ ਦੀ ਬੈਂਕ ਪੰਜਾਬ ਸਰਕਾਰ ਨੂੰ ਹਰੇਕ ਸਮਾਜਿਕ ਅਤੇ ਹੋਰ ਕਾਰਜਾਂ ਵਿੱਚ ਹਰ ਸੰਭਵ ਸਹਿਯੋਗ ਕਰੇਗੀ।ਓਹਨਾ ਕਿਹਾ ਕਿ ਉਹ ਮੈਰਾਥਨ ਵਿਚ ਭਾਗ ਲੈਣ ਵਾਲੇ ਹਰੇਕ ਪ੍ਰਤੀਭਾਗੀ ਨੂੰ ਟੀ-ਸ਼ਰਟ ਨਾਲ ਸਨਮਾਨਿਤ ਕਰਨਗੇ।