ਸਾਉਣ ਮਹੀਨਾ ✍️  ਸੁਖਦੇਵ ਸਲੇਮਪੁਰੀ

- ਸਾਉਣ ਦਾ ਮਹੀਨਾ ਮਾਹੀਆ,
ਸਾਉਣ ਦਾ ਮਹੀਨਾ ਵੇ!
ਮੁੰਦਰੀ 'ਚ ਹੁੰਦਾ ਜਿਵੇਂ,
ਜੜਿਆ ਨਗੀਨਾ ਵੇ!
ਮੋਰ ਪੈਲਾਂ ਪਾਉਂਦਾ ਮਾਹੀਆ,
ਕਿੰਨਾ ਸੋਹਣਾ ਫੱਬਦਾ!
ਤੇਰੇ ਤੋਂ ਵਗੈਰ ਸਾਉਣ
ਸੁੰਞਾ ਸੁੰਞਾ ਲੱਗਦਾ!
ਠੰਢੀ ਠੰਢੀ 'ਵਾ ਵਗੇ
 ਛੁੱਟਿਆ ਪਸੀਨਾ ਵੇ!
ਸਾਉਣ ਦਾ ਮਹੀਨਾ ਮਾਹੀਆ
ਸਾਉਣ ਦਾ ਮਹੀਨਾ ਵੇ!
ਕਣੀਆਂ ਦੀ ਪੈਂਦੀ ਮਾਹੀਆ,
ਨਿੱਕੀ ਨਿੱਕੀ ਭੂਰ ਵੇ!
ਅੱਖੀਆਂ ਦੇ ਨੇੜੇ ਰਹਿੰਨੈ
ਕਦਮਾਂ ਤੋਂ ਦੂਰ ਵੇ!
ਤੈਨੂੰ ਤੱਕਿਆਂ ਵਗੈਰ,
 ਔਖਾ ਹੋਇਆ ਜੀਨਾ (ਜੀਣਾ) ਵੇ।
ਸਾਉਣ ਦਾ ਮਹੀਨਾ ਮਾਹੀਆ
ਸਾਉਣ ਦਾ ਮਹੀਨਾ ਵੇ!
ਝੂਮਦੀਆਂ ਮੱਕੀਆਂ,
ਕਪਾਹੀੰ ਪੈ ਗਏ ਫੁੱਲ ਵੇ!
ਗੋਰਾ ਗੋਰਾ ਰੰਗ ਮਾਹੀਆ
ਪੈਂਦਾ ਡੁੱਲ ਡੁੱਲ ਵੇ!
ਤੱਪਦੀ ਤੰਦੂਰ ਵਾਂਗੂੰ
 ਪਤਲੋ ਹੁਸੀਨਾ ਵੇ!
ਸਾਉਣ ਦਾ ਮਹੀਨਾ ਮਾਹੀਆ,
ਸਾਉਣ ਦਾ ਮਹੀਨਾ ਵੇ!
ਬੱਦਲਾਂ ਦੇ ਵਿੱਚ
ਤੇਰੀ ਦਿਸੇ ਤਸਵੀਰ ਵੇ!
ਕੰਧ ਉਤੇ ਮਾਰਾਂ ਮੈਂ
 ਲਕੀਰ 'ਤੇ ਲਕੀਰ ਵੇ!
ਛੁੱਟੀ ਲੈ ਕੇ ਆ ਜਾ ਮਾਹੀਏ,
ਮੌਸਮ ਰੰਗੀਨਾ ਵੇ।
ਸਾਉਣ ਦਾ ਮਹੀਨਾ ਮਾਹੀਆ
ਸਾਉਣ ਦਾ ਮਹੀਨਾ ਵੇ!
-ਸੁਖਦੇਵ ਸਲੇਮਪੁਰੀ
09780620233
24 ਜੁਲਾਈ, 2022.