1971 ਤੋਂ ‘ਫਲਾਇਟ ਲੈਫਟੀਨੈਂਟ ਗੁਰਦੇਵ ਸਿੰਘ ਰਾਏ’ ਦੀ ਉਡੀਕ ਕਰ ਰਿਹੈ ਪਿੰਡ ਚੱਕ ਸਰਵਨ ਨਾਥ

ਲੁਧਿਆਣਾ--ਸੰਨ 1971 ਦੀ ਜੰਗ ਵਿਚ ਲਾਪਤਾ ਹੋਏ ਚੰਡੀਗੜ੍ਹ ਰੋਡ ਸਥਿਤ ਪਿੰਡ ਚੱਕ ਸਵਰਨ ਨਾਥ ਦੇ ਫਲਾਇਟ ਲੈਫਟੀਨੈਂਟ ਗੁਰਦੇਵ ਸਿੰਘ ਰਾਏ ਦਾ ਪਰਿਵਾਰ ਹਾਲੇ ਵੀ ਆਪਣੇ ‘ਅਭਿਨੰਦਨ’ ਦੀ ਉਡੀਕ ਕਰ ਰਿਹਾ ਹੈ। ਦੋ ਦਿਨ ਪਹਿਲਾਂ ਪਾਕਿਸਤਾਨ ਦੇ ਲੜਾਕੂ ਜਹਾਜ਼ ਨੂੰ ਖਦੇੜਦੇ ਹੋਏ ਪਾਕਿਸਤਾਨੀ ਸੈਨਾ ਦੀ ਹਿਰਾਸਤ ’ਚ ਪੁੱਜੇ ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਤੋਂ ਬਾਅਦ ਇਸ ਪਰਿਵਾਰ ਦੀ ਵੀ ਆਸ ਜੱਗੀ ਹੈ ਕਿ ਸ਼ਾਇਦ ਸਰਕਾਰ ਉਨ੍ਹਾਂ ਦੇ ਪਰਿਵਾਰ ਦੀ ਸਾਰ ਲਵੇ। ਦਰਅਸਲ, ਪਿੰਡ ਚੱਕ ਸਵਰਨ ਨਾਥ ਦੇ ਫਲਾਈਟ ਲੈਫਟੀਨੈਂਟ, ਗੁਰਦੇਵ ਸਿੰਘ ਰਾਏ 1971 ਦੀ ਜੰਗ ’ਚ ਉਨ੍ਹਾਂ ਦੇ 54 ਕੈਦੀਆਂ ’ਚ ਸ਼ਾਮਲ ਹੈ, ਜਿਨ੍ਹਾਂ ਬਾਰੇ ’ਚ ਪਾਕਿਸਤਾਨ ਨੇ ਕਦੇ ਮੰਨਿਆ ਹੀ ਨਹੀਂ ਕਿ ਉਹ ਜੰਗਬੰਦੀ ਉਨ੍ਹਾਂ ਕੋਲ ਹੈ।
ਲਾਪਤਾ ਭਾਰਤੀ ਹਵਾਈ ਸੈਨਾ ਦੇ ਜਵਾਨ ਗੁਰਦੇਵ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਗੁਰਦੇਵ ਸਿੰਘ 1965 ’ਚ ਏਅਰਫੋਰਸ ’ਚ ਭਰਤੀ ਹੋਇਆ ਸੀ। 1971 ਦੀ ਜੰਗ ’ਚ ਉਸ ਨੂੰ ਪਹਿਲਾਂ 3 ਤੇ ਫਿਰ 5 ਪੰਜ ਦਸੰਬਰ ਨੂੰ ਦੁਸ਼ਮਣ ਦੇ ਟਿਕਾਣੇ ਖਤਮ ਕਰਨ ਦਾ ਨਿਸ਼ਾਨਾ ਦਿੱਤਾ ਗਿਆ। ਪੰਜ ਦਸੰਬਰ ਨੂੰ ਉਸ ਨੇ ਰਾਡਾਰ ਤਾਂ ਨਸ਼ਟ ਕਰ ਦਿੱਤੇ, ਪਰ ਬਾਅਦ ’ਚ ਉਸ ਦਾ ਹੈਡਕੁਆਰਟਰ ਨਾਲ ਸੰਪਰਕ ਟੁੱਟ ਗਿਆ। ਪਹਿਲਾਂ ਉਸ ਨੂੰ ਲਾਪਤਾ ਮੰਨਿਆ ਗਿਆ, ਫਿਰ 25 ਜਨਵਰੀ 1974 ਨੂੰ ਏਅਰ ਚੀਫ਼ ਮਾਰਸ਼ਲ ਓ.ਪੀ. ਮਹਿਰਾ ਦੇ ਦਫ਼ਤਰ ਤੋਂ ਗੁਰਦੇਵ ਦੇ ਪਿਤਾ ਨੂੰ ਸੂਚਨਾ ਦਿੱਤੀ ਗਈ ਕਿ ਉਨ੍ਹਾਂ ਦੇ ਲੜਕੇ ਨੂੰ ਸ਼ਹੀਦੀ ਮਗਰੋਂ ਰਾਸ਼ਟਰਪਤੀ ਵੱਲੋਂ ਵੀਰ ਚੱਕਰ ਦਿੱਤਾ ਗਿਆ ਹੈ, ਪਰ ਪਰਿਵਾਰ ਨੇ ਕਦੇ ਉਸ ਨੂੰ ਮ੍ਰਿਤਕ ਮੰਨਿਆ ਹੀ ਨਹੀਂ।
ਉਨ੍ਹਾਂ ਦੇ ਭਤੀਜੇ ਸੁਖਕੁੰਵਰ ਸਿੰਘ ਨੇ ਦੱਸਿਆ 1982 ’ਚ ਦਿੱਲੀ ਤੋਂ ਇੱਕ ਅਖਬਾਰ ’ਚ ਖਬਰ ਪ੍ਰਕਾਸ਼ਿਤ ਹੋਈ, ਜਿਸ ’ਚ ਪਾਕਿ ਜੇਲ੍ਹ ’ਚ ਹੋਰ ਕੈਦੀਆਂ ਸਮੇਤ ਗੁਰਦੇਵ ਦੇ ਵੀ ਬੰਦ ਹੋਣ ਦਾ ਜ਼ਿਕਰ ਸੀ। 1988 ’ਚ ਕੋਟ ਲਖਪੱਤ ਰਾਏ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਕੈਦੀ ਮੁਖਤਿਆਰ ਸਿੰਘ ਨੇ ਉੱਥੇ ਗੁਰਦੇਵ ਸਿੰਘ ਦੇ ਹੋਣ ਦੀ ਗ਼ੱਲ ਕਹੀ। ਗੁਰਦੇਵ ਦੀ ਭੈਣ ਨੇ ਲੰਦਨ ਦੇ ਇੱਕ ਟੀਵੀ ਚੈਨਲ ’ਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ਦੀ ਇੱਕ ਡਾਕੂਮੈਂਟਰੀ ਦੇਖੀ, ਜਿਸ ’ਚ ਉਸ ਦਾ ਭਰਾ ਗੁਰਦੇਵ ਸਿੰਘ ਵੀ ਸੀ। ਉਸ ਦੇ ਬਾਅਦ ਉਨ੍ਹਾਂ ਨੇ ਉਦੋਂ ਦੇ ਵਿਦੇਸ਼ ਮੰਤਰੀ ਨਟਵਰ ਲਾਲ ਰਾਹੀਂ ਦਬਾਅ ਬਣਾ ਕੇ ਅੰਤਰ ਰਾਸ਼ਟਰੀ ਮਨੁੱਖ ਅਧਿਕਾਰ ਸੰਸਥਾ ਤੋਂ ਜੇਲ੍ਹ ’ਚ ਚੈਕਿੰਗ ਕਰਾਈ ਪਰ ਉੱਥੇ ਗੁਰਦੇਵ ਨਹੀਂ ਮਿਲਿਆ।
ਪਰਿਵਾਰ ਦੇ ਅਨੁਸਾਰ ਕੈਦੀਆਂ ਦੇ ਆਪਣੀਆਂ ਜੇਲ੍ਹਾਂ ’ਚ ਨਾ ਹੋਣ ਦਾ ਦਾਅਵਾ ਕਰਨ ਵਾਲੀ ਪਾਕਿ ਸਰਕਾਰ ਨੂੰ ਪੋਲ ਖੁੱਲ੍ਹ ਜਾਣ ਦਾ ਸ਼ੱਕ ਸੀ, ਇਸ ਲਈ ਉਸ ਨੇ ਭਿਣਕ ਲੱਗਣ ’ਤੇ ਚੈਕਿੰਗ ਤੋਂ ਪਹਿਲਾਂ ਗੁਰਦੇਵ ਨੂੰ ਇੱਧਰ ਉਧਰ ਕਰ ਦਿੱਤਾ ਸੀ। ਪਾਕਿਸਤਾਨ ਦੀ ਕੋਟ ਲਖਪਤ ਰਾਏ ਜੇਲ੍ਹ ’ਚੋਂ ਰਿਹਾਅ ਹੋਏ ਕੈਦੀ ਵੀ ਗੁਰਦੇਵ ਦੇ ਉੱਥੋਂ ਹੋਣ ਦੀ ਹਾਮੀ ਭਰ ਚੁੱਕੇ ਹਨ। ਪਰਿਵਾਰ ਨੂੰ ਆਪਣੇ ਦਾਅਵਿਆਂ ’ਤੇ ਇੰਨਾ ਯਕੀਨ ਹੈ ਕਿ ਜਦੋਂ ਲੁਧਿਆਣਾ ’ਚ ਗੁਰਦੇਵ ਦੀ ਯਾਦ ’ਚ ਬੁੱਤ ਲਗਾਉਣ ਦੀ ਗ਼ੱਲ ਉਠੀ ਤਾਂ ਉਸ ਦੀ ਮਾਂ ਰਣਜੀਤ ਕੌਰ ਨੇ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਸੀ ਕਿ ਉਹ ਆਪਣੇ ਜਿੰਦਾ ਲੜਕੇ ਦਾ ਬੁੱਤ ਨਹੀਂ ਲਵਾਏਗੀ।
ਪਿੰਡ ਹੀਰਾ ਦੇ ਹਾਈ ਸਕੂਲ ਦੇ ਨਾਮ ’ਚ ਵੀ ਫਲਾਈਟ ਲੈਫਟੀਨੈਂਟ ਜੀ.ਐਸ ਰਾਏ ਦੇ ਨਾਲ ਮੈਮੋਰੀਅਲ ਸ਼ਬਦ ਨਹੀਂ ਲਿਖਿਆ ਹੋਇਆ। ਲੜਕੇ ਨੂੰ ਵਾਪਸ ਲਿਆ ਗ਼ਲੇ ਲਾਉਣ ਦੀ ਆਸ ’ਚ ਗੁਰਦੇਵ ਸਿੰਘ ਦੇ ਪਿਤਾ ਕਿਰਪਾਲ ਸਿੰਘ ਤੇ ਮਾਂ ਰਣਜੀਤ ਕੌਰ ਦੁਨੀਆਂ ਤੋਂ ਰੁਖਸਤ ਵਿਦਾ ਹੋ ਗਏ। ਭਰਾ ਸੁਖਦੇਵ ਸਿੰਘ ਵੀ ਆਪਣੇ ਭਰਾ ਦੇ ਲਈ ਸਰਕਾਰਾਂ ਦੇ ਅੱਗੇ ਗ਼ੁਹਾਰ ਲਾਉਂਦਾ ਲਾਉਂਦਾ ਦੁਨੀਆਂ ਤੋਂ ਚਲਾ ਗਿਆ। ਭਤੀਜੇ ਸੁਖਕੁੰਵਰ ਸਿੰਘ ਨੇ ਲੰਬੀ ਲੜਾਈ ਦੇ ਬਾਅਦ ਆਸ ਗਵਾ ਦਿੱਤੀ ਹੈ ਕਿ ਕਦੇ ਉਹ ਆਪਣੇ ਚਾਚੇ ਨੂੰ ਦੇਖ ਪਾਵੇਗਾ, ਪਰ ਸੁਖਕੁੰਵਰ ਅੱਜ ਵੀ ਉਨ੍ਹਾਂ ਨੂੰ ਮ੍ਰਿਤਕ ਮੰਨਣ ਨੂੰ ਰਾਜ਼ੀ ਨਹੀਂ ਹੈ। ਉਹ ਕਹਿੰਦੇ ਹਨ ਕਿ ਬੇਸ਼ੱਕ ਕਾਫ਼ੀ ਸਮਾਂ ਬੀਤ ਚੁੱਕਿਆ ਹੈ, ਪਰ ਦਿਲ ਅੱਜ ਵੀ ਉਨ੍ਹਾਂ ਨੂੰ ਮ੍ਰਿਤਕ ਮੰਨਣ ਨੂੰ ਰਾਜ਼ੀ ਨਹੀਂ ਹੈ। ਇੱਥੇ ਇਹ ਵੀ ਲੱਗਦਾ ਹੈ ਕਿ ਅੱਜ ਵੀ ਉਹ ਪਾਕਿਸਤਾਨ ਦੀ ਕਿਸੇ ਜੇਲ੍ਹ ’ਚ ਬੰਦ ਹੋਣਗੇ।