ਖਾਦਾਂ ਅਤੇ ਦਵਾਈਆਂ ਦੀ ਸੰਤੁਲਿਤ ਅਤੇ ਸੁਚੱਜੀ ਵਰਤੋਂ ਲਈ ਕਿਸਾਨਾਂ ਨੂੰ ਕੀਤਾ ਜਾਵੇ ਜਾਗਰੂਕ-ਦੀਪਤੀ ਉੱਪਲ ਡੀਸੀ ਕਪੂਰਥਲਾ

ਫ਼ਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਸਾਉਣੀ ਮੱਕੀ ਦੇ ਟੀਚਿਆਂ ਦੀ ਹੋਈ ਸ਼ਤ-ਪ੍ਰਤੀਸ਼ਤ ਪ੍ਰਗਤੀ

ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਅਤੇ ਸਬੰਧਤ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ

ਕਪੂਰਥਲਾ, ਜਨਵਰੀ 2020- (ਹਰਜੀਤ ਸਿੰਘ ਵਿਰਕ) -

ਖਾਦਾਂ ਅਤੇ ਦਵਾਈਆਂ ਦੀ ਸੰਤੁਲਿਤ ਅਤੇ ਸੁਚੱਜੀ ਵਰਤੋਂ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਤਾਂ ਜੋ ਇਨਾਂ ਦੀ ਬੇਲੋੜੀ ਵਰਤੋਂ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਾਅ ਹੋ ਸਕੇ। ਇਹ ਹਦਾਇਤ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਜ਼ਿਲਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀ। ਉਨਾਂ ਕਿਹਾ ਕਿ ਆਮ ਤੌਰ ’ਤੇ ਕਿਸਾਨ ਜਾਗਰੂਕਤਾ ਦੀ ਘਾਟ ਕਾਰਨ ਜਾਂ ਵੇਖਾ-ਵੇਖੀ ਖਾਦਾਂ ਅਤੇ ਦਵਾਈਆਂ ਦੀ ਬੇਲੋੜੀ ਵਰਤੋਂ ਰਕਦੇ ਹਨ, ਜਿਸ ਨਾਲ ਜ਼ਮੀਨ ਦੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ ਅਤੇ ਲਾਗਤ ਖ਼ਰਚਾ ਵੀ ਵੱਧ ਜਾਂਦਾ ਹੈ, ਜਿਸ ਕਰਕੇ ਉਨਾਂ ਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਉਠਾਉਣਾ ਪੈਂਦਾ ਹੈ। ਉਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਫ਼ਸਲੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਵਾਹੁਣ ਨਾਲ ਜ਼ਮੀਨ ਦਾ ਜੈਵਿਕ ਮਾਦਾ ਵਧਿਆ ਹੈ, ਇਸ ਲਈ ਖਾਦਾਂ ਦੀ ਘੱਟ ਵਰਤੋਂ ਨਾਲ ਵੀ ਫ਼ਸਲ ਤੋਂ ਪੂਰਾ ਝਾੜ ਲਿਆ ਜਾ ਸਕਦਾ ਹੈ। ਇਸ ਲਈ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੈ। ਉਨਾਂ ਦੱਸਿਆ ਕਿ ਜ਼ਿਲੇ ਵਿਚ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਵਧੀਆ ਕੰਮ ਹੋ ਰਿਹਾ ਹੈ, ਜਿਸ ਤਹਿਤ ਸਾਉਣੀ ਮੱਕੀ ਦੇ ਟੀਚਿਆਂ ਦੀ ਸ਼ਤ-ਪ੍ਰਤੀਸ਼ਤ ਪ੍ਰਗਤੀ ਕਰਦਿਆਂ ਮੱਕੀ ਦੀਆਂ 30 ਕਲੱਸਟਰ ਪ੍ਰਦਰਸ਼ਨੀਆਂ (10 ਹੈਕਟੇਅਰ ਹਰੇਕ) ਲਗਵਾ ਕੇ ਲਾਭਪਾਤਰੀਆਂ ਦੇ ਖਾਤਿਆਂ ਵਿਚ ਸਬਸਿਡੀ ਦੀ ਰਕਮ ਟ੍ਰਾਂਸਫਰ ਕੀਤੀ ਗਈ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਸਕੀਮ ਐਨ. ਐਫ. ਏ. ਸੀ. ਸੀ ਅਧੀਨ ਬਲਾਕ ਢਿਲਵਾਂ ਵਿਚ ਝੋਨੇ ਹੇਠ ਰਕਬੇ ਨੂੰ ਘਟਾ ਕੇ ਮੱਕੀ ਹੇਠ ਲਿਆਂਦਾ ਗਿਆ ਹੈ। ਉਨਾਂ ਦੱਸਿਆ ਕਿ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਅਧੀਨ ਝੋਨੇ ਹੋਠੋਂ ਰਕਬਾ ਘਟਾ ਕੇ 8310 ਹੈਕਟੇਅਰ ਰਕਬਾ ਬਾਸਮਤੀ ਅਧੀਨ ਅਤੇ 2500 ਹੈਕਟੇਅਰ ਰਕਬਾ ਮੱਕੀ ਅਧੀਨ ਲਿਆਂਦਾ ਗਿਆ ਹੈ। ਇਸ ਮੌਕੇ ਉਨਾਂ ਖੇਤੀਬਾੜੀ ਅਤੇ ਹੋਰਨਾਂ ਸਬੰਧਤ ਵਿਭਾਗਾਂ ਜਿਵੇਂ ਕਿ ਮੱਛੀ ਪਾਲਣ, ਪਸ਼ੂ ਪਾਲਣ, ਡੇਅਰੀ ਵਿਕਾਸ, ਬਾਗਬਾਨੀ, ਭੂਮੀ ਸੰਭਾਲ, ਸਹਿਕਾਰਤਾ, ਵਣ, ਜਲ ਨਿਕਾਸ ਆਦਿ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਤੋਂ ਇਲਾਵਾ ਫ਼ਸਲੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਲਈ ਸਬਸਿਡੀ ’ਤੇ ਦਿੱਤੀ ਜਾਣ ਵਾਲੀ ਮਸ਼ੀਨਰੀ ਸਬੰਧੀ ਪ੍ਰਗਤੀ ਦਾ ਮੁਲਾਂਕਣ ਵੀ ਕੀਤਾ। 

ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਸ. ਕੰਵਲਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਖਾਦਾਂ ਅਤੇ ਦਵਾਈਆਂ ਦੀ ਸੰਤੁਲਿਤ ਤੇ ਸੁਚੱਜੀ ਵਰਤੋਂ ਲਈ ਮੀਡੀਆ ਅਤੇ ਸਿਖਲਾਈ ਕੈਂਪਾਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਬੀਤੇ ਸਾਲ ਇਕ ਜ਼ਿਲਾ ਪੱਧਰੀ, 13 ਬਲਾਕ ਪੱਧਰੀ ਅਤੇ 226 ਪਿੰਡ ਪੱਧਰੀ ਸਿਖਲਾਈ ਕੈਂਪ ਲਗਾਏ ਗਏ ਹਨ। ਉਨਾਂ ਦੱਸਿਆ ਕਿ ਖਾਦਾਂ ਦੀ ਸੰਤੁਲਿਤ ਵਰਤੋਂ ਲਈ ਮਿੱਟੀ ਦੀ ਸਿਹਤ ਜਾਨਣੀ ਬਹੁਤ ਜ਼ਰੂਰੀ ਹੈ। ਉਨਾਂ ਦੱਸਿਆ ਕਿ ਇਸ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਸਾਇਲ ਹੈਲਥ ਕਾਰਡ ਸਕੀਮ ਤਹਿਤ ਗਿ੍ਰਡ ਸਿਸਟਮ ਰਾਹੀਂ ਮਿੱਟੀ ਦੇ 12100 ਸੈਂਪਲ ਇਕੱਤਰ ਕੀਤੇ ਗਏ ਹਨ, ਜਿਨਾਂ ਵਿਚੋਂ ਟੈਸਟ ਤੋਂ ਬਾਅਦ 6050 ਸੈਂਪਲਾਂ ਦੇ ਸਾਇਲ ਹੈਲਥ ਕਾਰਡ ਕਿਸਾਨਾਂ ਨੂੰ ਵੰਡੇ ਜਾ ਚੁੱਕੇ ਹਨ ਅਤੇ ਬਕਾਇਆ 6050 ਸੈਂਪਲਾਂ ਸਬੰਧੀ ਕਾਰਵਾਈ ਜਾਰੀ ਹੈ।  

ਇਸ ਮੌਕੇਡਿਪਟੀ ਡਾਇਰੈਕਟਰ ਬਾਗਬਾਨੀ ਸ. ਨਰਿੰਦਰ ਸਿੰਘ ਮੱਲੀ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਪਰਦੀਪ ਕੁਮਾਰ ਗੋਇਲ ਤੇ ਸਹਾਇਕ ਡਾਇਰੈਕਟਰ ਡਾ. ਦਵਿੰਦਰ ਆਨੰਦ, ਉੱਪ ਮੰਡਲ ਭੂਮੀ ਰੱਖਿਆ ਅਫ਼ਸਰ ਸ. ਮਨਪ੍ਰੀਤ ਸਿੰਘ, ਵਣ ਰੇਂਜ ਅਫ਼ਸਰ ਸ. ਦਵਿੰਦਰਪਾਲ ਸਿੰਘ, ਖੇਤੀਬਾੜੀ ਅਫ਼ਸਰ ਸ੍ਰੀ ਅਸ਼ਵਨੀ ਕੁਮਾਰ ਤੇ ਸ. ਐਚ. ਪੀ. ਐਸ ਭਰੋਤ, ਇੰਜ: ਜਗਦੀਸ਼ ਸਿੰਘ, ਡੇਅਰੀ ਵਿਭਾਗ ਤੋਂ ਸ੍ਰੀ ਕਪਲਮੀਤ ਸਿੰਘ ਸੰਧੂ, ਮੱਛੀ ਪਸਾਰ ਅਫ਼ਸਰ ਸ. ਐਚ. ਐਸ ਬਾਵਾ, ਖੇਤੀ ਵਿਕਾਸ ਅਫ਼ਸਰ ਡਾ. ਜਸਪਾਲ ਸਿੰਘ ਧੰਜੂ, ਸਹਾਇਕ ਖੇਤੀਬਾੜੀ ਅਫ਼ਸਰ ਸ੍ਰੀ ਪਰਮਿੰਦਰ ਕੁਮਾਰ, ਸ. ਬਲਰਾਜ ਸਿੰਘ, ਸ਼ ਗੁਰਜੀਤ ਸਿੰਘ, ਸ. ਮਨਮੀਤ ਸਿੰਘ ਤੇ ਹੋਰ ਹਾਜ਼ਰ ਸਨ।