ਸਲੇਮਪੁਰੀ ਦੀ ਚੂੰਢੀ - ਸਤਿਯੁੱਗ ਬਨਾਮ ਕਲਯੁੱਗ! 

ਸਤਿਯੁੱਗ ਬਨਾਮ ਕਲਯੁੱਗ! 

ਜਦੋਂ ਵੀ ਸਮਾਜ ਵਿੱਚ ਕੋਈ ਮਾੜਾ /ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਸ਼ਰਾਰਤੀ ਅਤੇ ਸ਼ੈਤਾਨ ਲੋਕ ਇਨ੍ਹਾਂ  ਘਟਨਾਵਾਂ ਨੂੰ ਕੁਦਰਤੀ ਘਟਨਾਵਾਂ ਦਾ ਨਾਂ ਦੇ ਕੇ ਆਖਣ ਲੱਗ ਜਾਂਦੇ ਹਨ ਕਿ ਇਹ ਇਸ ਕਰਕੇ ਮਾੜਾ ਵਾਪਰ ਰਿਹਾ ਹੈ ਕਿਉਂਕਿ 'ਕਲਯੁੱਗ ' ਹੈ। ਜਦੋਂ ਕਿ ਸਮਾਜ ਵਿੱਚ ਵਾਪਰੀ ਰਹੀ ਜਾਂ ਵਾਪਰੀ ਘਟਨਾ /ਦੁਰਘਟਨਾ ਦੀ ਨਿਖੇਧੀ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੁ ਭਵਿੱਖ ਵਿੱਚ ਵਾਪਰਨ ਵਾਲੀਆਂ ਸੰਭਾਵੀ ਮੰਦ-ਭਾਗੀਆਂ ਘਟਨਾਵਾਂ ਤੋਂ ਬਚਾਅ ਲਈ ਸਮਾਜ ਨੂੰ ਜਾਗਰੂਕ ਕੀਤਾ ਜਾ ਸਕੇ। 

      ਚੱਲ ਰਹੇ ਅਜੋਕੇ ਯੁੱਗ ਨੂੰ ਸ਼ੈਤਾਨ ਲੋਕ 'ਕਲਯੁੱਗ ' ਦਾ ਨਾਂ ਦੇ ਕੇ ਭੰਡਦੇ ਰਹਿੰਦੇ ਹਨ, ਹਾਲਾਂ ਕਿ ਅਜੋਕਾ ਯੁੱਗ ' ਵਿਗਿਆਨ ਅਤੇ ਤਕਨਾਲੌਜੀ ' ਦਾ ਯੁੱਗ ' ਹੋਣ ਕਰਕੇ 'ਸਤਿਯੁੱਗ ' ਹੈ। ਜਦੋਂ ਕਿ ਭਾਰਤ ਦੇ ਲੋਕਾਂ  ਖਾਸ ਕਰਕੇ ਦਲਿਤਾਂ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਜਾਤੀਆਂ ਅਤੇ ਅੌਰਤਾਂ ਲਈ ਸਤਿਯੁੱਗ ਹੈ,ਕਿਉਂਕਿ ਦੇਸ਼ ਵਿੱਚ ਇੱਕ ਸਮਾਂ ਉਹ ਵੀ ਸੀ, ਜਦੋਂ ਉੱਕਤ ਦਰਸਾਏ ਵਰਗ ਗੁਲਾਮੀ ਅਤੇ ਨਰਕ ਭਰਿਆ ਜੀਵਨ ਜਿਉਣ ਲਈ ਮਜਬੂਰ ਸਨ,ਦਲਿਤਾਂ ਦਾ ਜੀਵਨ ਪਸ਼ੂਆਂ ਵਰਗਾ ਹੁੰਦਾ ਸੀ।        

      ਸਾਡੇ ਦੇਸ਼ ਵਿੱਚ ਸ਼ਰਾਰਤੀ ਲੋਕਾਂ ਨੇ ਸਮੇਂ ਨੂੰ ਚਾਰ ਯੁੱਗਾਂ ਵਿਚ ਵੰਡਿਆ ਹੋਇਆ ਹੈ ਜਦੋਂ ਕਿ ਸੰਸਾਰ ਦੇ ਹੋਰ ਦੇਸ਼ਾਂ ਵਿਚ ਸ਼ਾਇਦ ਅਜਿਹਾ ਕੁਝ ਵੀ ਨਹੀਂ ਹੈ। ਸ਼ਰਾਰਤੀ ਲੋਕਾਂ ਦਾ ਕਹਿਣਾ ਹੈ ਇਸ ਵੇਲੇ ਕਲਯੁੱਗ ਦਾ ਪਹਿਰਾ ਹੈ, ਇਸ ਤੋਂ ਪਹਿਲਾਂ ਇਥੇ ਸਤਿਯੁੱਗ, ਦੁਆਪਰ ਯੁੱਗ, ਅਤੇ ਤਰੇਤਾ ਯੁੱਗ ਦਾ ਪਹਿਰਾ ਰਿਹਾ ਹੈ। ਸ਼ਰਾਰਤੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ 'ਕਲਯੁੱਗ ਦੀ ਉਮਰ ਵੀ ਬਹੁਤ ਲੰਮੀ ਹੈ! 

ਜਿਹੜੇ ਲੋਕ ਇਸ ਯੁੱਗ ਨੂੰ ਕਲਯੁੱਗ ਦਾ ਨਾਂ ਦਿੰਦੇ ਹਨ ਅਸਲ ਵਿੱਚ ਉਨ੍ਹਾਂ ਲਈ ਉਹ ਸਮਾਂ ਸਤਿਯੁੱਗ ਸੀ, ਜਦੋਂ ਕੇਵਲ ਬ੍ਰਾਹਮਣ ਹੀ ਪੜ੍ਹ ਲਿਖ ਸਕਦਾ ਸੀ,ਕਿਉਂਕ  ਬ੍ਰਾਹਮਣ ਜੋ ਬੋਲਦਾ ਸੀ, ਜੋ ਲਿਖਦਾ ਸੀ, ਉਸ ਨੂੰ ਸੱਚ ਮੰਨ ਕੇ ਸਤਿ ਵਚਨ ਕਿਹਾ ਜਾਂਦਾ ਸੀ, ਉਸ ਦੀ ਹਰ ਗੱਲ ਰੱਬੀ ਹੁਕਮ ਹੁੰਦਾ ਸੀ। ਇਸ ਕਰਕੇ ਉਸ ਸਮੇਂ ਨੂੰ ਸਤਿਯੁੱਗ ਕਿਹਾ ਜਾਂਦਾ ਸੀ। ਇਸ ਪਿਛੋਂ ਦੇਸ਼ ਵਿੱਚ ਦੁਆਪਰ ਯੁੱਗ ਸ਼ੁਰੂ ਹੋਇਆ ਜਦੋਂ ਬ੍ਰਾਹਮਣ ਦੇ ਨਾਲ ਨਾਲ ਚੋਰੀ ਚੋਰੀ ਖੱਤਰੀਆਂ ਨੇ ਵੀ ਪੜ੍ਹਣਾ, ਲਿਖਣਾ ਸ਼ੁਰੂ ਕਰ ਦਿੱਤਾ।  ਜਦੋਂ ਬ੍ਰਾਹਮਣ ਅਤੇ ਖੱਤਰੀ ਦੋਵੇਂ ਪੜ੍ਹਨ ਲਿਖਣ ਲੱਗ ਪਏ ਤਾਂ ਉਸ ਸਮੇਂ ਨੂੰ ' ਦੁਆਪਰ ਯੁੱਗ ' ਦਾ ਨਾਂ ਦਿੱਤਾ ਗਿਆ। ਇਸ ਪਿਛੋਂ ਤੀਜਾ ਯੁੱਗ ਸ਼ੁਰੂ ਹੋਇਆ, ਜਿਸ ਨੂੰ ' ਤਰੇਤਾ ਯੁੱਗ ' ਦਾ ਨਾਂ ਦਿੱਤਾ ਗਿਆ। ਜਦੋ ਬ੍ਰਾਹਮਣ ਅਤੇ ਖੱਤਰੀ ਦੇ ਨਾਲ ਨਾਲ ਵੈਸ਼  ਵਰਗ ਨੇ ਪੜ੍ਹਣਾ,ਲਿਖਣਾ ਸ਼ੁਰੂ ਕਰ ਦਿੱਤਾ ਤਾਂ ਸ਼ਰਾਰਤੀਆਂ ਨੇ ਉਸ ਸਮੇਂ ਨੂੰ 'ਤਰੇਤਾ ਯੁੱਗ ' ਦਾ ਨਾਂ ਦੇ ਦਿੱਤਾ,ਭਾਵ ਬ੍ਰਾਹਮਣ, ਖੱਤਰੀ ਅਤੇ ਵੈਸ਼ ਤਿੰਨਾਂ ਦੀ ਪੜਾਈ ਲਿਖਾਈ ਇੱਕਠੀ ਹੋਣ 'ਤੇ ਉਹ ਸਮਾਂ 'ਤਰੇਤਾ ਯੁੱਗ ' ਬਣ ਗਿਆ। 

ਇਸ ਪਿਛੋਂ ਕਲਯੁੱਗ ਦੀ ਵਾਰੀ ਆਈ, ਜੋ ਇਸ ਵੇਲੇ ਚੱਲ ਰਿਹਾ ਹੈ। ਇਸ ਯੁੱਗ ਵਿੱਚ ਬ੍ਰਾਹਮਣ, ਖੱਤਰੀ, ਅਤੇ ਵੈਸ਼ ਦੇ ਨਾਲ ਨਾਲ ਸ਼ੂਦਰਾਂ ਜਿੰਨ੍ਹਾਂ ਵਿੱਚ ਪੱਛੜੀਆਂ ਜਾਤੀਆਂ ਵੀ ਸ਼ਾਮਿਲ ਹਨ, ਨੇ ਪੜ੍ਹਣਾ ਲਿਖਣਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਸ਼ਰਾਰਤੀ ਲੋਕਾਂ ਨੇ ਇਸ ਨੂੰ 'ਕਲਯੁੱਗ ' ਦਾ ਨਾਂ ਦੇ ਕੇ ਭੰਡਣਾ ਸ਼ੁਰੂ ਕਰ ਦਿੱਤਾ ਹੈ,ਕਿਉਂਕਿ ਉਪਰਲੇ ਤਿੰਨਾਂ ਯੁੱਗਾਂ ਵਿਚ ਦਲਿਤ /ਸ਼ੂਦਰਾਂ ਦੇ ਪੜ੍ਹਨ -ਲਿਖਣ ਉਪਰ ਮੁਕੰਮਲ ਰੋਕ ਲਗਾਈ ਹੋਈ ਸੀ। 

ਭਾਰਤ ਵਿੱਚ ਅਜੋਕਾ ਯੁੱਗ 'ਭਾਰਤੀ ਸੰਵਿਧਾਨ ਦਾ ਯੁੱਗ ' ਹੋਣ ਕਰਕੇ 'ਸਤਿਯੁੱਗ' ਹੈ ! ਜਦੋਂ ਕਿ ਸ਼ਰਾਰਤੀ ਅਤੇ ਚਲਾਕ ਦੇਸ਼ ਵਿਚ ਮੁੜ 'ਮਨੂ -ਸਿਮਰਤੀ ' ਦਾ ਸੰਵਿਧਾਨ ਲਾਗੂ ਕਰਨ ਲਈ ਛੜਯੰਤਰ ਘੜ ਰਹੇ ਹਨ। ਭਾਰਤੀ ਸੰਵਿਧਾਨ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਦਿੰਦਾ ਹੈ, ਸਾਰੀਆਂ ਅਖੌਤੀ ਜਾਤਾਂ -ਕੁਜਾਤਾਂ ਅਤੇ ਧਰਮਾਂ ਨੂੰ ਬਰਾਬਰ ਸਮਝਕੇ ਸਤਿਕਾਰ ਦਿੰਦਾ ਹੈ ਜਦੋਂ ਕਿ ਮਨੂੰ ਸਿਮਰਤੀ ਦਾ ਸੰਵਿਧਾਨ ਸਮਾਜ ਵਿੱਚ ਜਾਤੀਵਾਦ ਪੈਦਾ ਕਰਨ ਨੂੰ ਆਖਦਾ ਹੈ, ਅੌਰਤਾਂ ਨੂੰ ਅਜਾਦੀ ਦੇਣ ਤੋਂ ਰੋਕਦਾ ਹੈ। ਮਨੂੰ ਸਿਮਰਤੀ ਦਾ ਸੰਵਿਧਾਨ ਸਮਾਜ ਵਿੱਚ ਧਰਮ ਦੇ ਨਾਂ 'ਤੇ ਲੜਾਉਣ, ਦਲਿਤਾਂ ਦੇ ਕੰਨਾਂ ਵਿੱਚ ਸਿੱਕੇ ਢਾਲ ਕੇ ਪਾਉਣ ਲਈ ਸੰਦੇਸ਼ ਦਿੰਦਾ ਹੈ। ਸ਼ਰਾਰਤੀ ਲੋਕਾਂ ਨੂੰ 'ਭਾਰਤੀ ਸੰਵਿਧਾਨ 'ਹਜ਼ਮ ਨਹੀਂ ਹੈ, ਇਸ ਕਰਕੇ ਉਹ ਇਸ ਦੀ ਹੋਂਦ ਨੂੰ ਖਤਮ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਹੁਣ ਦੇਸ਼ ਦੇ 80 ਫੀਸਦੀ ਲੋਕਾਂ ਨੇ ਵੇਖਣਾ ਹੈ ਕਿ ਉਨ੍ਹਾਂ ਨੇ 20 ਫੀਸਦੀ ਲੋਕਾਂ ਦੀ ਗੱਲ ਮੰਨ ਕੇ ਦੇਸ਼ ਵਿੱਚ ਮੁੜ ਕਲਯੁੱਗ ਲਿਆਉਣਾ ਹੈ ਜਾਂ ਮੌਜੂਦਾ 'ਸਤਿਯੁੱਗ' ਨੂੰ ਜਿਉਂਦਾ ਰੱਖਣਾ ਹੈ। ਮੌਜੂਦਾ ਯੁੱਗ ਕਲਮਾਂ ਦਾ ਯੁੱਗ ਹੋਣ ਕਰਕੇ ਸਤਿਯੁੱਗ ਹੈ ,ਕਿਉਂਕਿ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ ,ਜਦੋਂ ਕਿ ਸ਼ਰਾਰਤੀ ਲੋਕ ਦੇਸ਼ ਵਿੱਚ ਸਿੱਖਿਆ ਮਹਿੰਗੀ ਕਰਕੇ ਆਮ ਲੋਕਾਂ ਨੂੰ ਸਿੱਖਿਆ ਤੋਂ ਦੂਰ ਕਰਕੇ ਕਲਮਾਂ ਤੋਂ ਵੰਚਿਤ ਕਰਨਾ ਚਾਹੁੰਦੇ ਹਨ। ਸਿੱਖਿਆ ਨਾਲ ਮਨੁੱਖ ਨੂੰ ਸੋਝੀ ਆਉਂਦੀ ਹੈ।

ਸੁਖਦੇਵ ਸਲੇਮਪੁਰੀ 

09780620233