ਪੰਜਾਬ ਪੁਲਸ ਵੱਲੋਂ ਉੱਘੇ ਰਾਜਸੀ ਆਗੂਆਂ ਨੂੰ ਮਾਰਨ ਦੀ ਸਾਜਿਸ਼ ਦੇ ਝੂਠੇ ਕੇਸ ਵਿੱਚ ਗ੍ਰਿਫਤਾਰ ਯੂਪੀ ਦੇ ਜਰਮਨ ਸਿੰਘ ਦੇ ਪਰਿਵਾਰ ਦੀ ਸਿੱਖ ਰਿਲੀਫ ਵੱਲੋਂ ਮੱਦਦ

ਅਜ਼ੀਜਪੁਰ/ਯੂਪੀ- ਦਸੰਬਰ 2019-(ਜਨ ਸਕਤੀ ਬਿਓਰੋ)-

ਪੰਜਾਬ ਪੁਲਸ ਵੱਲੋਂ ਪੰਜਾਬ ਦੇ ਉੱਘੇ ਰਾਜਸੀ ਆਗੂਆਂ ਨੂੰ ਮਾਰਨ ਦੀ ਸਾਜਿਸ਼ ਦੇ ਝੂਠੇ ਕੇਸ ਵਿੱਚ ਗ੍ਰਿਫਤਾਰ ਕੀਤੇ ਜਰਮਨ ਸਿੰਘ ਪੁੱਤਰ ਸ. ਕੁਲਵੰਤ ਸਿੰਘ ਵਾਸੀ ਅਜੀਜਪੁਰ, ਨੇੜੇ ਸ਼ਾਮਲੀ ਯੁਪੀ ਦੇ ਪਰਿਵਾਰ ਦੀ ਸਿੱਖ ਰਿਲੀਫ ਵੱਲੋਂ ਮੱਦਦ ਕੀਤੀ ਗਈ ਹੈ । 22  ਸਾਲਾਂ ਜਰਮਨ ਸਿੰਘ ਬਾਰਵੀਂ ਪਾਸ ਹੈ ਅਤੇ ਸੇਵਾ ਵਾਲੇ ਬਾਬਿਆਂ ਦੀ ਗੱਡੀ ਚਲਾਉਂਦਾ ਸੀ ਅਤੇ ਪੰਜਾਬ ਦੀ ਸਿਆਸਤ ਅਤੇ ਘਟਨਾ ਕਰਮ ਬਾਰੇ ਉਸਦੀ ਜਾਣਕਾਰੀ ਬਹੁਤ ਘੱਟ ਹੈ। ਜਿਸ ਬੰਦੇ ਨੂੰ ਪੰਜਾਬ ਦੀ ਸਿਆਸਤ ਅਤੇ ਆਗੂਆਂ ਬਾਰੇ ਕੋਈ ਜਾਣਕਾਰੀ ਹੀ ਨਹੀਂ, ਅਜਿਹੇ ਬੰਦੇ ਨੂੰ ਪੰਜਾਬ ਪੁਲਸ ਵੱਲੋਂ ਉੱਘੇ ਰਾਜਸੀ ਆਗੂ ਨੂੰ ਮਾਰਨ ਦੀ ਸਾਜਿਸ਼ ਦੇ ਕੇਸ ਵਿੱਚ ਗ੍ਰਿਫਤਾਰ ਕਰਨਾ, ਆਪਣੇ ਆਪ ਵਿੱਚ ਪੁਲਸ ਦੀ ਕਾਰਵਾਈ ਨੂੰ ਝੂਠਾ ਸਾਬਤ ਕਰਦਾ ਹੈ। ਪੰਜਾਬ ਪੁਲਸ ਵੱਲੋਂ ਜਰਮਨ ਸਿੰਘ ‘ਤੇ ਪਟਿਆਲਾ ਅਤੇ ਸਮਾਨਾ ਵਿੱਚ ਸਾਜਿਸ਼ ਰਚਣ ਅਤੇ ਅਸਲੇ ਦੇ ਝੂਠੇ ਕੇਸ ਦਰਜ ਕਰਨ ਤੋਂ ਬਾਅਦ ਯੂਪੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਯੂ ਪੀ ਪੁਲਸ ਨੇ ਪੰਜਾਬ ਪੁਲਸ ਤੋਂ ਅੱਗੇ ਜਾਂਦਿਆਂ ਪੁਲਸ ਉੱਤੇ ਹਮਲਾ ਕਰਨ ਦਾ ਮਾਮਲਾ ਦਰਜ ਕਰ ਦਿੱਤਾ, ਜਿਸ ਵਿੱਚ ਉਨ੍ਹਾਂ ਨੂੰ 7 ਸਾਲ ਦੀ ਸਜ਼ਾ ਹੋ ਗਈ। ਪੰਜਾਬ ਪੁਲਸ ਦੀਆਂ ਇਨ੍ਹਾਂ ਕਹਾਣੀਆਂ ਤੋਂ ਹਰ ਕੋਈ ਵਾਕਿਫ ਹੈ ਕਿ ਕਿਸ ਤਰ੍ਹਾਂ ਪੰਜਾਬ ਪੁਲਸ ਰਾਜਸੀ ਆਗੂਆਂ, ਡੇਰੇਦਾਰ ਬਾਬਿਆਂ ਅਤੇ ਹਿੱਦੂ ਆਗੂਆਂ ਨੂੰ ਮਾਰਨ ਦੀ ਸਾਜਿਸ਼ ਦੇ ਝੂਠੇ ਕੇਸਾਂ ਵਿੱਚ ਕਿੰਨੀ ਸਿੱਖ ਨੌਜਵਾਨੀ ਨੂੰ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਡੱਕ ਚੁੱਕੀ ਹੈ।