You are here

ਯੂ.ਪੀ. 'ਚ ਨਗਰ ਕੀਰਤਨ ਕੱਢਣ 'ਤੇ 55 ਸਿੱਖਾਂ 'ਤੇ ਕੇਸ ਦਰਜ

ਲਖਨਊ/ਯੂ.ਪੀ, ਦਸੰਬਰ 2019-(ਜਨ ਸ਼ਕਤੀ ਨਿਊਜ) ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸਬੰਧੀ ਪੀਲੀਭੀਤ ਦੇ ਪਿੰਡ ਨੌਬਰਾਮਾਦ ਵਿਖੇ ਇਕ ਗੁਰਦੁਆਰੇ ਤੋਂ ਨਗਰ ਕੀਰਤਨ ਕੱਢਣ 'ਤੇ ਉੱਤਰ ਪ੍ਰਦੇਸ਼ ਪੁਲਿਸ ਵਲੋਂ 55 ਸਿੱਖਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਹੀ ਨਹੀਂ ਪੁਲਿਸ ਵਲੋਂ ਨਗਰ ਕੀਰਤਨ 'ਚ ਸ਼ਾਮਿਲ ਨਿਸ਼ਾਨ ਸਾਹਿਬ ਲੱਗੇ ਹੋਏ ਇਕ ਵਾਹਨ ਨੂੰ ਵੀ ਕਬਜ਼ੇ 'ਚ ਲਿਆ ਗਿਆ ਹੈ, ਜਿਹੜਾ ਕਿ ਨਗਰ ਕੀਰਤਨ 'ਚ ਸ਼ਾਮਿਲ ਸੀ। ਐਸ.ਐਚ.ਓ. ਸੰਜੀਵ ਕੁਮਾਰ ਉਪਾਧਿਆਏ ਅਨੁਸਾਰ ਨਗਰ ਕੀਰਤਨ ਵਿਚ ਸ਼ਾਮਿਲ ਲੋਕਾਂ 'ਤੇ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਦਕਿ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਲੀਨਗਰ ਸਰਕਲ ਦੇ ਐਸ.ਡੀ.ਐਮ. ਹਰੀ ਓਮ ਸ਼ਰਮਾ ਤੋਂ ਨਗਰ ਕੀਰਤਨ ਲਈ ਪ੍ਰਵਾਨਗੀ ਮੰਗੀ ਸੀ ਪਰ ਉਨ੍ਹਾਂ ਵਲੋਂ ਨਗਰ ਕੀਰਤਨ ਲਈ ਪ੍ਰਵਾਨਗੀ ਨਹੀਂ ਦਿੱਤੀ ਗਈ। ਦੱਸ ਦੇਈਏ ਕਿ ਸਿੱਖ ਸੰਗਤ 'ਤੇ ਦਰਜ ਕੀਤੀ ਗਈ ਐੱਫ.ਆਈ.ਆਰ. 'ਚ ਪੰਜ ਜਾਣਿਆਂ ਦਾ ਨਾਂਅ ਦਰਜ ਕੀਤਾ ਗਿਆ ਹੈ ਜਦੋਂ ਕਿ 50 ਅਣਪਛਾਤਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਯੂ.ਪੀ. ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਸਿੱਖਾਂ ਦੀ ਧਾਰਮਿਕ ਆਜ਼ਾਦੀ 'ਤੇ ਸਿੱਧਾ ਹਮਲਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਤੋਂ ਬਿਨਾਂ ਉਨ੍ਹਾਂ ਵਲੋਂ ਪੁਲਿਸ ਵਲੋਂ ਕੀਤੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਅਤੇ ਇਸ ਸਬੰਧੀ ਯੂ. ਪੀ. ਸਰਕਾਰ ਕੋਲੋਂ ਦੋਸ਼ੀ ਪੁਲਿਸ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।