ਸਿੱਧੂ ਮੂਸੇਵਾਲਾ ਨੇ ਆਪਣੀ ਦਾਦੀ ਦੀ ਯਾਦ ਵਿੱਚ ਕੈਂਸਰ ਜਾਂਚ ਕੈਂਪ ਲਗਵਾਇਆ

ਕੈਂਪ ਦੌਰਾਨ ਵਰਲਡ ਕੈਂਸਰ ਕੇਅਰ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 613 ਵਿਅਕਤੀਆਂ ਦੀ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ

ਮਾਨਸਾ,ਦਸੰਬਰ 2019-(ਮਨਜਿੰਦਰ ਗਿੱਲ)-

ਚਰਚਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਆਪਣੀ ਦਾਦੀ ਜਸਵੰਤ ਕੌਰ ਸਿੱਧੂ ਜੀ ਦੀ ਯਾਦ ਆਪਣੇ ਪਿੰਡ ਮੂਸੇ ਵਿਖੇ ਦੂਸਰਾ ਮੁਫਤ ਕੈਂਸਰ ਜਾਂਚ ਕੈਂਪ ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਕੁਲਵੰਤ ਧਾਲੀਵਾਲ ਜੀ ਦੇ ਸਹਿਯੋਗ ਨਾਲ ਲਗਵਾਇਆ ਗਿਆ। ਕੈਂਸਰ ਕੈਂਪ ਦਾ ਉਦਘਾਟਨ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਸਰਪੰਚ ਅਤੇ ਪਿਤਾ ਬਲਕੌਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਨੌਜਵਾਨਾਂ ਨੂੰ ਮਾਲਵਾ ਪੱਟੀ ਵਿੱਚ ਅਜਿਹੇ ਕੈਂਸਰ ਕੈਂਪ ਲਗਵਾ ਕੇ ਆਪਣੇ ਆਪਣੇ ਪਿੰਡਾਂ ਦੇ ਲੋਕਾਂ ਦੇ ਚੈੱਕ ਅੱਪ ਕਰਵਾਉਣੇ ਚਾਹੀਦੇ ਹਨ ਅਤੇ ਹਮੇਸ਼ਾਂ ਲੋੜਵੰਦਾਂ ਦੀ ਮੱਦਦ ਕਰਨੀ ਚਾਹੀਦੀ ਹੈ। ਵਰਲਡ ਕੈਂਸਰ ਕੇਅਰ ਦੇ ਐਮ.ਡੀ. ਡਾਕਟਰ ਧਰਮਿੰਦਰ ਢਿੱਲੋਂ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਪੰਜਾਬ ਦੇ ਪਿੰਡ ਪਿੰਡ ਜਾ ਕੇ ਸੱਤ ਪ੍ਰਕਾਰ ਦੇ ਕੈਂਸਰ ਦੇ ਟੈਸਟ ਬਿਲਕੁੱਲ ਫਰੀ ਕੀਤੇ ਜਾਂਦੇ ਹਨ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ। ਮਾਲਵਾ ਇੰਚਾਰਜ ਸੁਖਪਾਲ ਸਿੰਘ ਸਿੱਧੂ ਨੇ ਸਿੱਧੂ ਮੂਸੇਵਾਲਾ ਦੀ ਸਲਾਘਾ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਜਿੱਥੇ ਪੂਰੀ ਦੁਨੀਆਂ ਵਿੱਚ ਆਪਣੇ ਮਾਪਿਆਂ ਅਤੇ ਪੰਜਾਬ ਦਾ ਨਾਂ ਚਮਕਾਇਆ ਹੈ ਉੱਥੇ ਹੀ ਵਿਦੇਸ਼ੀਆਂ ਨੂੰ ਵੀ ਆਪਣੇ ਗੀਤਾਂ ਤੇ ਨੱਚਣ ਲਈ ਮਜਬੂਰ ਕੀਤਾ ਹੈ। ਇਸ ਕੈਂਸਰ ਜਾਂਚ ਕੈਂਪ ਦੌਰਾਨ ਵਰਲਡ ਕੈਂਸਰ ਕੇਅਰ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 613 ਵਿਅਕਤੀਆਂ ਦੀ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਡਾ ਨਵਨੀਤ ਸੈਣੀ, ਡਾ ਜਤਿਨ, ਡਾ ਪੁਨੀਤ, ਡਾ ਮੱਲੀ ਸੰਧੂ, ਅਮਨਦੀਪ ਸਿੱਧੂ, ਰਾਜਿੰਦਰ ਸਿੱਧੂ, ਜਗਦੀਸ਼ ਸਿੱਧੂ ਆਦਿ ਹਾਜ਼ਰ ਸਨ। ਅਖੀਰ ਵਿੱਚ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਹ ਅੱਗੇ ਤੋਂ ਵੀ ਲੋੜਵੰਦਾਂ ਦੀ ਮੱਦਦ ਲਈ ਅਜਿਹੇ ਕੈਂਸਰ ਕੈਂਪ ਲਗਵਾਉਂਦੇ ਰਹਿਣਗੇ ਅਤੇ ਹਮੇਸ਼ਾਂ ਲੋੜਵੰਦਾਂ ਦੀ ਮੱਦਦ ਕਰਦੇ ਰਹਿਣਗੇ।