ਲੋਕ ਇਨਸਾਫ ਪਾਰਟੀ ਦੇ ਵਫ਼ਦ ਵਲੋਂ ਓਡੀਸ਼ਾ ਦੇ ਰਾਜਪਾਲ ਨਾਲ ਮੁਲਾਕਾਤ

ਲੋਕ ਇਨਸਾਫ਼ ਪਾਰਟੀ ਵਲੋਂ ਚੌਕ ਸਟੇਸ਼ਨ ਸਕੇਅਰ ਭੁਵਨੇਸ਼ਵਰ ਵਿਖੇ ਰੋਸ ਧਰਨਾ ਵੀ ਦਿੱਤਾ ਗਿਆ

ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਪਾਵਨ ਅਸਥਾਨ ਮੰਗੂ ਮੱਠ ਢਾਹੇ ਜਾਣ ਸਬੰਧੀ ਅੱਜ ਲੋਕ ਇਨਸਾਫ਼ ਪਾਰਟੀ ਦਾ ਵਫ਼ਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਓਡੀਸ਼ਾ ਦੇ ਰਾਜਪਾਲ ਪ੍ਰੋਫੈਸਰ ਗਣੇਸ਼ੀ ਲਾਲ ਮਾਥੁਰ ਨੂੰ ਮਿਲਿਆ | ਇਸ ਸਬੰਧੀ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਮੰਗੂ ਮੱਠ ਢਾਹੇ ਜਾਣ ਤੋਂ ਇਲਾਵਾ ਨਾਨਕ ਮੱਠ ਅਤੇ ਬਾਉਲੀ ਮੱਠ ਨੂੰ ਢਾਹੁਣ ਦੀ ਕੀਤੀ ਜਾ ਰਹੀ ਤਿਆਰੀ ਬਾਬਤ ਰਾਜਪਾਲ ਮਾਥੁਰ ਕੋਲੋਂ ਮੰਗ ਕੀਤੀ ਗਈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਇਨ੍ਹਾਂ ਪਾਵਨ ਅਸਥਾਨਾਂ ਨਾਲ ਖ਼ਾਸ ਕਰਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਜਿਸ ਕਾਰਨ ਮੰਗੂ ਮੱਠ ਦੀ ਮੁੜ ਉਸਾਰੀ ਕਰਵਾਉਣ ਤੋਂ ਇਲਾਵਾ ਨਾਨਕ ਮੱਠ 'ਚ ਤਾਇਨਾਤ ਕੀਤੀ ਗਈ ਸੀ. ਆਰ. ਪੀ. ਐੱਫ. ਨੂੰ ਬਾਹਰ ਕੀਤਾ ਜਾਵੇ ਅਤੇ ਬਾਉਲੀ ਮੱਠ ਨੂੰ ਸੁੰਦਰੀਕਰਨ ਦੀ ਆੜ ਹੇਠ ਤੋੜਨ ਦੀ ਪ੍ਰਕਿਰਿਆ ਨੂੰ ਤੁਰੰਤ ਰੋਕਿਆ ਜਾਵੇ | ਉਨ੍ਹਾਂ ਮੰਗ ਕੀਤੀ ਕਿ ਧਾਰਮਿਕ ਅਸਥਾਨਾਂ ਦੀ ਸਾਂਭ ਸੰਭਾਲ ਅਤੇ ਪ੍ਰਬੰਧ ਸ਼ੋ੍ਰਮਣੀ ਕਮੇਟੀ ਨੂੰ ਦਿੱਤਾ ਜਾਵੇ | ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਰਾਜਪਾਲ ਨੇ ਉਕਤ ਮੰਗਾਂ ਨੂੰ ਗੰਭੀਰਤਾ ਨਾਲ ਸੁਣਦੇ ਹੋਏ ਭਰੋਸਾ ਦੁਆਇਆ ਹੈ ਕਿ ਉਹ ਹਰ ਸੰਭਵ ਯਤਨ ਕਰਨਗੇ ਕਿ ਗੁਰੂ ਸਾਹਿਬ ਨਾਲ ਸਬੰਧਿਤ ਅਸਥਾਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ | ਇਸ ਦੌਰਾਨ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਅਦਾਲਤ 'ਚ ਵਿਚਾਰ ਅਧੀਨ ਉਕਤ ਮਾਮਲੇ ਵਿਚ ਪ੍ਰਭਾਵੀ ਤੌਰ 'ਤੇ ਪੱਖ ਰੱਖਣ ਲਈ ਲੋਕ ਇਨਸਾਫ਼ ਪਾਰਟੀ ਵਲੋਂ ਵੀ ਚਾਰਾਜੋਈ ਕੀਤੀ ਜਾਵੇਗੀ | ਇਸ ਤੋਂ ਪਹਿਲਾਂ ਲੋਕ ਇਨਸਾਫ਼ ਪਾਰਟੀ ਵਲੋਂ ਚੌਕ ਸਟੇਸ਼ਨ ਸਕੇਅਰ ਭੁਵਨੇਸ਼ਵਰ ਵਿਖੇ ਰੋਸ ਧਰਨਾ ਵੀ ਦਿੱਤਾ ਗਿਆ, ਜਿਸ ਵਿਚ ਸਥਾਨਕ ਲੋਕ ਵੀ ਸ਼ਾਮਿਲ ਹੋਏ | ਇਸ ਮੌਕੇ ਜਗਜੋਤ ਸਿੰਘ ਖ਼ਾਲਸਾ, ਜਸਵੰਤ ਸਿੰਘ, ਰਣਧੀਰ ਸਿੰਘ, ਜਸਵਿੰਦਰ ਸਿੰਘ ਖ਼ਾਲਸਾ, ਮੋਹਨ ਸਿੰਘ, ਐਡਵੋਕੇਟ ਸੁਖਵਿੰਦਰ ਕੌਰ, ਪ੍ਰੋਫੈਸਰ ਜਗਮੋਹਨ ਸਿੰਘ ਆਦਿ ਹਾਜ਼ਰ ਸਨ |