You are here

ਸ੍ਰੀ ਚਮਕੌਰ ਸਾਹਿਬ ਦੇ ਤਿੰਨ ਦਿਨਾਂ ਸ਼ਹੀਦੀ ਜੋੜ ਮੇਲੇ ਮੌਕੇ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ

ਸ੍ਰੀ ਚਮਕੌਰ ਸਾਹਿਬ, ਦਸੰਬਰ  2019- ( ਇਕਬਾਲ ਸਿੰਘ ਰਸੂਲਪੁਰ ਮਨਜਿੰਦਰ ਗਿੱਲ )- ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ ਗੜ੍ਹੀ ਚਮਕੌਰ ਦੀ ਜੰਗ ਦੇ ਸ਼ਹੀਦਾਂ ਦੀ ਯਾਦ 'ਚ ਅੱਜ ਤਿੰਨ ਦਿਨਾਂ ਸ਼ਹੀਦੀ ਜੋੜ ਮੇਲਾ ਇੱਥੋਂ ਦੇ ਸਮੂਹ ਗੁਰਦੁਆਰਾ ਸਾਹਿਬਾਨ 'ਚ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਨਾਲ ਸ਼ੁਰੂ ਹੋ ਗਿਆ। ਅੱਜ ਪਹਿਲੇ ਦਿਨ ਵੱਡੀ ਗਿਣਤੀ 'ਚ ਸੰਗਤਾਂ ਨੇ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਗੁਰਦੁਆਰਾ ਸ੍ਰੀ ਤਾੜੀ ਸਾਹਿਬ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ੍ਰੀ ਰਣਜੀਤਗੜ੍ਹ ਸਾਹਿਬ, ਗੁਰਦੁਆਰਾ ਸ਼ਹੀਦੀ ਬੁਰਜ ਭਾਈ ਜੈਤਾ ਜੀ, ਗੁਰਦੁਆਰਾ ਸ੍ਰੀ ਅਮਰਗੜ੍ਹ ਸਾਹਿਬ, ਗੁਰਦੁਆਰਾ ਸ਼ਹੀਦੀ ਅਸਥਾਨ ਪਿਆਰੇ ਭਾਈ ਸਾਹਿਬ ਸਿੰਘ ਜੀ ਵਿਖੇ ਨਤਮਸਤਕ ਹੁੰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਦੌਰਾਨ ਗੁਰਦੁਆਰਾ ਸਾਹਿਬਾਨ ਵਿਖੇ ਰਾਗੀ ਜਥਿਆਂ ਵਲੋਂ ਕੀਰਤਨ ਕੀਤਾ ਜਾ ਰਿਹਾ ਸੀ। ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।