You are here

ਨਾਬਾਰਡ ਦੇ ਖੇਤਰੀ ਦਫ਼ਤਰ ਪੰਜਾਬ ਵੱਲੋਂ ਈ-ਸ਼ਕਤੀ ਦੇ ਚੌਥੇ ਗੇੜ ਦੀ ਸ਼ੁਰੂਆਤ

ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਧਿਰਾਂ ਨਾਲ ਮੀਟਿੰਗ
ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਨਾਬਾਰਡ ਦੇ ਖੇਤਰੀ ਦਫ਼ਤਰ ਪੰਜਾਬ ਵੱਲੋਂ ਅੱਜ ਈ-ਸ਼ਕਤੀ ਦੇ ਚੌਥੇ ਗੇੜ ਦੀ ਸ਼ੁਰੂਆਤ ਕੀਤੀ ਗਈ। ਇਹ ਸ਼ੁਰੂਆਤ ਅੱਜ ਬੱਚਤ ਭਵਨ, ਲੁਧਿਆਣਾ ਵਿਖੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਦੀਪ ਰੋਸ਼ਨ ਕਰਕੇ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਅਨਿਲ ਕੁਮਾਰ, ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਦਾ ਲੁਧਿਆਣਾ ਸਟਾਫ ਅਤੇ ਵੱਖ-ਵੱਖ ਬੈਂਕਾਂ ਦੇ ਨੁਮਾਂਇੰਦੇ ਹਾਜ਼ਰ ਸਨ। ਨਾਬਾਰਡ ਦੇ ਜ਼ਿਲ੍ਹਾ ਅਧਿਕਾਰੀ ਪ੍ਰਵੀਨ ਭਾਟੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੰਚ ਕੰਮ ਕਰਦੇ ਸੈਲਫ ਹੈਲਫ ਗਰੁੱਪਾਂ ਦੀ ਡੀਜੀਟਾਈਜ਼ੇਸ਼ਨ ਨੂੰ ਹੀ ਈ-ਸ਼ਕਤੀ ਦਾ ਨਾਮ ਦਿੱਤਾ ਗਿਆ ਹੈ ਜੋ ਕਿ ਨਾਬਾਰਡ ਦੇ ਮਾਈਕਰੋ ਕ੍ਰੈਡਿਟ ਐਂਡ ਇਨੋਵੇਸ਼ਨ ਵਿਭਾਗ ਦਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਡੀਜੀਟਲ ਇੰਡੀਆ ਦੇ ਸੱਦੇ ਅਧੀਨ ਸ਼ੁਰੂ ਕੀਤਾ ਗਿਆ ਹੈ। ਭਾਰਤ ਸਰਕਾਰ ਵੱਲੋਂ ਦੇਸ਼ ਨੂੰ ਡੀਜ਼ੀਟਲ ਕਰਨ ਲਈ 1.13 ਲੱਖ ਕਰੋੜ ਰੁਪਏ ਖਰਚੇ ਜਾ ਰਹੇ ਹਨ। ਡੀਜੀਟਲ ਇੰਡੀਆ ਦਾ ਸੁਪਨਾ ਸਾਕਾਰ ਹੋਣ ਨਾਲ ਦੇਸ਼ ਦਾ ਲੋਕਾਂ ਨੂੰ ਪਾਰਦਰਸ਼ੀ ਅਤੇ ਸੋਖੇ ਤਰੀਕੇ ਨਾਲ ਸੇਵਾਂਵਾਂ ਦੇਣ ਵੱਲ ਵੱਡਾ ਕਦਮ ਹੋਵੇਗਾ। ਇਸੇ ਦਿਸ਼ਾ ਵਿੱਚ ਨਾਬਾਰਡ ਵੱਲੋਂ ਦੇਸ਼ ਦੇ ਸੈਲਫ ਹੈਲਪ ਗਰੁੱਪਾਂ ਨੂੰ ਵੀ ਡੀਜੀਟਲ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਫਿਲਹਾਲ ਇਸ ਪ੍ਰੋਜੈਕਟ ਨੂੰ ਦੇਸ਼ ਦੇ 250 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਅਗਰਵਾਲ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਸੈਲਫ ਹੈਲਪ ਗਰੁੱਪਾਂ ਨੂੰ ਵੀ ਡੀਜੀਟਲ ਇੰਡੀਆ ਦੇ ਸੰਕਲਪ ਨਾਲ ਜੋੜਿਆ ਜਾਵੇ। ਇਨ੍ਹਾਂ ਗਰੁੱਪਾਂ ਨੂੰ ਡੀਜੀਟਲ ਕਰਨ ਦੀ ਲੋੜ ਇਸ ਕਰਕੇ ਮਹਿਸੂਸ ਹੋਈ ਕਿਉਂਕਿ ਇਨ੍ਹਾਂ ਗਰੁੱਪਾਂ ਨਾਲ ਸਬੰਧਤ ਰਿਕਾਰਡ ਨੂੰ ਮੇਨਟੇਨ ਕਰਨ ਵਿੱਚ ਸਮੱਸਿਆ ਦਰਪੇਸ਼ ਆਉਂਦੀ ਸੀ। ਸਾਰੇ ਸੈਲਫ ਹੈਲਪ ਗਰੁੱਪਾਂ ਦੇ ਡੀਜੀਟਲ ਹੋਣ ਨਾਲ ਇਨ੍ਹਾਂ ਦੀ ਪ੍ਰਫੁੱਲਤਾ ਵਿੱਚ ਸਹਿਯੋਗ ਮਿਲੇਗਾ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਧਿਰਾਂ ਨਾਲ ਮੀਟਿੰਗ ਕਰਦਿੰਆਂ ਸੈਲਫ ਹੈਲਪ ਗਰੁੱਪਾਂ ਨੂੰ ਡੀਜੀਟਲ ਕਰਨ ਬਾਰੇ ਹਰ ਸੰਭਵ ਸਹਿਯੋਗ ਕਰਨ ਲਈ ਕਿਹਾ ਗਿਆ।