ਐੱਮ. ਐੱਸ. ਐੱਮ. ਈ. ਖੇਤਰ ਨੂੰ ਵਿੱਤੀ ਕਰਜ਼ਾ ਸਹੂਲਤਾਂ ਸੰਬੰਧੀ ਭਾਰਤੀ ਰਿਜ਼ਰਵ ਬੈਂਕ ਵੱਲੋਂ 'ਨੈਮਕੈਬਸ' ਵਰਕਸ਼ਾਪ ਦਾ ਆਯੋਜਨ

ਬੈਂਕਾਂ ਐੱਮ. ਐੱਸ. ਐੱਮ. ਈ. ਖੇਤਰ ਨੂੰ ਵਿੱਤੀ ਕਰਜ਼ਾ ਸਹੂਲਤਾਂ ਦੇਣ ਲਈ ਦਿਲਚਸਪੀ ਦਿਖਾਉਣ- ਖੇਤਰੀ ਡਾਇਰੈਕਟਰ ਜੇ. ਕੇ. ਪਾਂਡੇ

ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਐੱਮ. ਐੱਸ. ਐੱਮ. ਈ. ਖੇਤਰ ਨੂੰ ਵਿੱਤੀ ਕਰਜ਼ਾ ਸਹੂਲਤਾਂ ਦੇਣ ਲਈ ਭਾਰਤੀ ਰਿਜ਼ਰਵ ਬੈਂਕ ਵੱਲੋਂ ਸ਼ੁਰੂ ਕੀਤੇ ਗਏ 'ਨੈਮਕੈਬਸ' (ਨੈਸ਼ਨਲ ਮਿਸ਼ਨ ਫਾਰ ਕਪੈਸਟੀ ਬਿਲਡਿੰਗ ਆਫ਼ ਬੈਂਕਰਜ਼) ਦੇ ਦੂਜੇ ਗੇੜ ਦੀ ਸ਼ੁਰੂਆਤ ਹੋ ਚੁੱਕੀ ਹੈ। ਜਿਸ ਤਹਿਤ ਇਸ ਖੇਤਰ ਨੂੰ ਕਰਜ਼ਾ ਦੇਣ ਲਈ ਕੌਸ਼ਲ ਵਿਕਸਤ ਕਰਨ ਅਤੇ ਵਪਾਰਕ ਬੈਂਕਾਂ ਦੀਆਂ ਐੱਮ. ਐੱਸ. ਐੱਮ. ਈ. ਸ਼ਾਖਾਵਾਂ ਦੇ ਮੈਦਾਨੀ ਕਰਮਚਾਰੀਆਂ ਦੀ ਉੱਦਮਸ਼ੀਲਤਾ ਦੀ ਸੰਵੇਦਨਸ਼ੀਲਤਾ ਨੂੰ ਵਧਾਉਣ ਲਈ ਥਾਂ-ਥਾਂ ਵਰਕਸ਼ਾਪਾਂ ਲਗਾਈਆਂ ਜਾ ਰਹੀਆਂ ਹਨ। ਜਿਸ ਤਹਿਤ ਦੋ ਰੋਜ਼ਾ ਵਰਕਸ਼ਾਪ ਦੀ ਸ਼ੁਰੂਆਤ ਅੱਜ ਸਥਾਨਕ ਹੋਟਲ ਪਾਰਕ ਪਲਾਜ਼ਾ ਵਿਖੇ ਹੋਈ। ਇਸ ਵਰਕਸ਼ਾਪ ਦੇ ਮੁੱਖ ਮਹਿਮਾਨ ਭਾਰਤੀ ਰਿਜ਼ਰਵ ਬੈਂਕ ਦੇ ਖੇਤਰੀ ਡਾਇਰੈਕਟਰ ਸ੍ਰੀ ਜੇ. ਕੇ. ਪਾਂਡੇ ਸਨ, ਜਿਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇ ਚੰਡੀਗੜ੍ਹ ਦਫ਼ਤਰ ਵੱਲੋਂ ਹੁਣ ਤੱਕ ਗੁੜਗਾਂਓ, ਚੰਡੀਗੜ੍ਹ, ਅੰਮ੍ਰਿਤਸਰ, ਹਿਸਾਰ, ਜਲੰਧਰ, ਪਠਾਨਕੋਟ, ਕਰਨਾਲ, ਫਰੀਦਾਬਾਦ, ਬਠਿੰਡਾ, ਰੋਹਤਕ, ਫਿਰੋਜ਼ਪੁਰ, ਪਾਨੀਪਤ ਅਤੇ ਪਟਿਆਲਾ ਵਿੱਚ ਅਜਿਹੀਆਂ ਵਰਕਸ਼ਾਪਾਂ ਕਰਵਾਈਆਂ ਜਾ ਚੁੱਕੀਆਂ ਹਨ, ਹੁਣ ਇਹ ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ, ਜਿਸ ਵਿੱਚ ਲੁਧਿਆਣਾ, ਬਰਨਾਲਾ, ਰੂਪਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਅੰਦਰ ਪੈਂਦੀਆਂ ਬੈਂਕਾਂ ਦੇ ਕਰਮਚਾਰੀ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ 45 ਜ਼ਿਲ੍ਹਿਆਂ ਦੀਆਂ 1303 ਬੈਂਕਾਂ ਦੇ ਕਰਮਚਾਰੀਆਂ ਨੂੰ ਇਹ ਸਿਖ਼ਲਾਈ ਦਿੱਤੀ ਜਾ ਚੁੱਕੀ ਹੈ। ਲੁਧਿਆਣਾ ਸਥਿਤ ਵਰਕਸ਼ਾਪ ਵਿੱਚ 16 ਬੈਂਕਾਂ ਦੇ 60 ਕਰਮਚਾਰੀ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ੍ਹ ਹੈ ਕਿ ਬੈਂਕਾਂ ਐੱਮ. ਐੱਸ. ਐੱਮ. ਈ. ਖੇਤਰ ਨੂੰ ਵਿੱਤੀ ਕਰਜ਼ਾ ਸਹੂਲਤਾਂ ਦੇਣ ਲਈ ਦਿਲਚਸਪੀ ਦਿਖਾਉਣ। ਉਨ੍ਹਾਂ ਉਦਾਹਰਨ ਸਹਿਤ ਦੱਸਿਆ ਕਿ ਸਾਲ 2008-09 ਵਿੱਚ ਆਈ ਵਿੱਤੀ ਮੰਦੀ ਦੇ ਦੌਰ ਵਿੱਚ ਜਰਮਨੀ ਵਰਗੇ ਦੇਸ਼ ਇਸ ਕਰਕੇ ਬਚਣ ਵਿੱਚ ਸਫ਼ਲ ਰਹੇ ਕਿਉਂਕਿ ਉਥੋਂ ਦੇ ਐੱਮ. ਐੱਸ. ਐੱਮ. ਈ. ਖੇਤਰ ਨੂੰ ਭੂਤਕਾਲ ਵਿੱਚ ਵਿੱਤੀ ਕਰਜ਼ਾ ਸਹੂਲਤਾਂ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਸੀ। ਅੱਜ ਦੀ ਵਰਕਸ਼ਾਪ ਦੌਰਾਨ ਭਾਰਤੀ ਰਿਜ਼ਰਵ ਬੈਂਕ ਤੋਂ ਜਨਰਲ ਮੈਨੇਜਰ ਸ੍ਰੀ ਅਨਿਲ ਕੁਮਾਰ ਯਾਦਵ, ਭਾਰਤੀ ਸਟੇਟ ਬੈਂਕ ਤੋਂ ਜਨਰਲ ਮੈਨੇਜਰ ਸ੍ਰੀ ਰਾਜੀਵ ਅਰੋੜਾ, ਪੰਜਾਬ ਨੈਸ਼ਨਲ ਬੈਂਕ ਤੋਂ ਕਨਵੀਨਰ ਸ੍ਰੀ ਬਿਸਵਜੀਤ ਸਤਪਤੀ, ਕੈਪੀਟਲ ਸਮਾਲ ਫਾਈਨਾਂਸ ਬੈਂਕ ਤੋਂ ਮੈਨੇਜਿੰਗ ਡਾਇਰੈਕਟਰ ਸ੍ਰੀ ਸਰਵਜੀਤ ਸਿੰਘ ਸਮਰਾ, ਪੰਜਾਬ ਐਂਡ ਸਿੰਧ ਬੈਂਕ ਤੋਂ ਡੀ. ਜੀ. ਐੱਮ. ਸ੍ਰੀਮਤੀ ਰਸ਼ਿਮਤਾ ਕਵਾਤਰਾ, ਪੰਜਾਬ ਗਰਾਮੀਣ ਬੈਂਕ ਦੇ ਚੇਅਰਮੈਨ ਸ੍ਰੀ ਐੱਸ. ਕੇ. ਦੂਬੇ, ਲੀਡ ਬੈਂਕ ਮੈਨੇਜਰ ਸ੍ਰੀ ਅਨਿਲ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਬੈਂਕ ਕਰਮਚਾਰੀ ਹਾਜ਼ਰ ਸਨ। ਇਸ ਵਰਕਸ਼ਾਪ ਦੌਰਾਨ ਐੱਮ. ਐੱਸ. ਐੱਮ. ਈ. ਖੇਤਰ ਨੂੰ ਵਿੱਤੀ ਕਰਜ਼ਾ ਸਹੂਲਤਾਂ ਦੇਣ ਲਈ ਭਾਰਤੀ ਰਿਜ਼ਰਵ ਬੈਂਕ ਵੱਲੋਂ ਕੀਤੇ ਗਏ ਕਾਰਜਾਂ ਅਤੇ ਇਸ ਨੂੰ ਲਾਗੂ ਕਰਨ ਬਾਰੇ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਬੜੀ ਬਰੀਕੀ ਨਾਲ ਜਾਣਕਾਰੀ ਦਿੱਤੀ ਗਈ। ਵਰਕਸ਼ਾਪ ਦੌਰਾਨ ਪ੍ਰਤੀਭਾਗੀਆਂ ਨੂੰ ਉਤਸ਼ਾਹਿਤ ਕਰਨ ਲਈ ਸਵਾਲ ਜਵਾਬ ਦਾ ਸੈਸ਼ਨ ਵੀ ਰੱਖਿਆ ਗਿਆ, ਜਿਨ੍ਹਾਂ ਦੇ ਜੇਤੂਆਂ ਨੂੰ ਉਤਸ਼ਾਹੀ ਇਨਾਮਾਂ ਨਾਲ ਨਿਵਾਜ਼ਿਆ ਗਿਆ।