ਹਵਾਈ ਫ਼ੌਜ ਦੀ ਸਰਹੱਦ ਪਾਰ ਵੱਡੀ ਕਾਰਵਾਈ

ਨਵੀਂ ਦਿੱਲੀ, 26 ਫਰਵਰੀ ਪੁਲਵਾਮਾ ਦਹਿਸ਼ਤੀ ਹਮਲੇ ਦੇ 12 ਦਿਨਾਂ ਮਗਰੋਂ ਭਾਰਤ ਨੇ ਅੱਜ ਵੱਡੇ ਤੜਕੇ ਕੰਟਰੋਲ ਰੇਖਾ ਉਲੰਘ ਕੇ ਕੀਤੇ ਵੱਡੇ ਹਵਾਈ ਹਮਲਿਆਂ ਵਿੱਚ ਪਾਕਿਸਤਾਨ ਵਿਚਲੇ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤਇਬਾ ਦੇ ਤਿੰਨ ਦਹਿਸ਼ਤੀ ਕੈਂਪਾਂ ਨੂੰ ਤਬਾਹ ਕਰ ਦਿੱਤਾ। ਇਨ੍ਹਾਂ ਵਿੱਚੋਂ ਦੋ ਕੈਂਪ ਮਕਬੂਜ਼ਾ ਕਸ਼ਮੀਰ ਤੇ ਤੀਜਾ ਕੈਂਪ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬਾਲਾਕੋਟ ਵਿੱਚ ਸੀ। ਹਮਲੇ ਵਿੱਚ ਜੈਸ਼ ਮੁਖੀ ਮਸੂਦ ਅਜ਼ਹਰ ਦਾ ਨੇੜਲਾ ਰਿਸ਼ਤੇਦਾਰ ਮੌਲਾਨਾ ਯੁਸੂਫ਼ ਅਜ਼ਹਰ ਤੇ ਭਰਾ ਇਬਰਾਹੀਮ ਅਜ਼ਹਰ ਸਮੇਤ 350 ਦੇ ਕਰੀਬ ਜੈਸ਼ ਦਹਿਸ਼ਤਗਰਦ ਤੇ ਸਿਖਲਾਈਯਾਫ਼ਤਾ ਫ਼ਿਦਾਈਨ ਮਾਰੇ ਗਏ। 1971 ਦੀ ਭਾਰਤ-ਪਾਕਿ ਜੰਗ ਮਗਰੋਂ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਹਵਾਈ ਤਾਕਤ ਦੀ ਵਰਤੋਂ ਕੀਤੀ ਹੈ। 1999 ਦੀ ਕਾਰਗਿਲ ਜੰਗ ਦੌਰਾਨ ਸਰਕਾਰ ਨੇ ਭਾਰਤੀ ਹਵਾਈ ਸੈਨਾ ਨੂੰ ਕੰਟਰੋਲ ਰੇਖਾ ਉਲੰਘ ਕੇ ਹਮਲੇ ਕਰਨ ਤੋਂ ਵਰਜ ਦਿੱਤਾ ਸੀ। ਭਾਰਤ ਨੇ ਹਵਾਈ ਹਮਲਿਆਂ ਨੂੰ ਸਵੈ-ਰੱਖਿਆ ਵਿੱਚ ਕੀਤੀ ਕਾਰਵਾਈ ਕਰਾਰ ਦਿੰਦਿਆਂ ਦਾਅਵਾ ਕੀਤਾ ਹੈ ਉਸ ਕੋਲ ਜੈਸ਼ ਵੱਲੋਂ ਭਾਰਤ ਵਿੱਚ ਫ਼ਿਦਾਈਨ ਹਮਲੇ ਕੀਤੇ ਜਾਣ ਬਾਰੇ ਪੁਖਤਾ ਜਾਣਕਾਰੀ ਸੀ। ਭਾਰਤ ਨੇ ਕਿਹਾ ਕਿ ਇਹ ਹਮਲੇ ਗੌਰ-ਫ਼ੌਜੀ ਸਨ, ਕਿਉਂਕਿ ਇਨ੍ਹਾਂ ਦਾ ਨਿਸ਼ਾਨਾ ਪਾਕਿਸਤਾਨੀ ਫ਼ੌਜ ਜਾਂ ਆਮ ਨਾਗਰਿਕ ਨਹੀਂ ਬਲਕਿ ਜੈਸ਼ ਦਹਿਸ਼ਤਗਰਦ ਸਨ।
ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ‘ਇੰਟੈਲੀਜੈਂਸ ਦੀ ਅਗਵਾਈ ਵਾਲੇ ਅਪਰੇਸ਼ਨ’ ਦੀ ਤਫ਼ਸੀਲ ਦਿੰਦਿਆਂ ਕਿਹਾ ਕਿ ਉਨ੍ਹਾਂ ਕੋਲ ਪੁਖ਼ਤਾ ਜਾਣਕਾਰੀ ਸੀ ਕਿ ਜੈਸ਼-ਏ-ਮੁਹੰਮਦ ਵੱਲੋਂ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਫਿਦਾਈਨ ਹਮਲੇ ਕੀਤੇ ਜਾਣ ਦੀਆਂ ਵਿਉਂਤਾਂ ਘੜੀਆਂ ਜਾ ਰਹੀਆਂ ਹਨ। ਫਿਦਾਈਨ ਜਹਾਦੀਆਂ ਨੂੰ ਇਸ ਕੰਮ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਸੀ। ਲਿਹਾਜ਼ਾ ਇਸ ਅਟੱਲ ਖ਼ਤਰੇ ਦੇ ਚਲਦਿਆਂ ਜੈਸ਼ ਟਿਕਾਣਿਆਂ ’ਤੇ ਹਮਲੇ ਦੀ ਪੇਸ਼ਬੰਦੀ ਜ਼ਰੂਰੀ ਹੋ ਗਈ ਸੀ। ਗੋਖਲੇ ਨੇ ਕਿਹਾ ਕਿ ਅੱਜ ਵੱਡੇ ਤੜਕੇ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਭਾਰਤ ਨੇ ਬਾਲਾਕੋਟ ਵਿੱਚ ਜੈਸ਼ ਦੇ ਸਿਖਲਾਈ ਕੈਂਪ ’ਤੇ ਹਵਾਈ ਹਮਲੇ ਕੀਤੇ। ਉਨ੍ਹਾਂ ਕਿਹਾ, ‘ਹਵਾਈ ਹਮਲਿਆਂ ਵਿੱਚ ਜੈਸ਼-ਏ-ਮੁਹੰਮਦ ਦੇ ਵੱਡੀ ਗਿਣਤੀ ਦਹਿਸ਼ਤਗਰਦਾਂ, ਸਿਖਲਾਈਯਾਫ਼ਤਾ, ਸੀਨੀਅਰ ਕਮਾਂਡਰਾਂ ਤੇ ਜਹਾਦੀ ਗਰੁੱਪਾਂ ਜਿਨ੍ਹਾਂ ਨੂੰ ਫਿਦਾਈਨ ਹਮਲਿਆਂ ਦੀ ਸਿਖਾਈ ਦਿੱਤੀ ਜਾ ਰਹੀ ਸੀ, ਨੂੰ ਮਾਰ ਮੁਕਾਇਆ।’
ਉਧਰ ਭਾਰਤ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਦੇ ਮਿਰਾਜ 2000 ਲੜਾਕੂ ਜਹਾਜ਼ਾਂ ਨੇ ਕੰਟਰੋਲ ਰੇਖਾ ਦੇ ਨਾਲ ਪਾਕਿਸਤਾਨ ਵਾਲੇ ਪਾਸੇ ਕਈ ਥਾਈਂ ਦਹਿਸ਼ਤੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ। ਭਾਰਤ ਹਵਾਈ ਸੈਨਾ ਨੇ ਪਹਿਲਾ ਹਮਲਾ ਸਵੇਰੇ 3:45 ਦੇ ਕਰੀਬ ਮੁਜ਼ੱਫਰਾਬਾਦ ਤੋਂ ਉੱਤਰ-ਪੱਛਮ ਵੱਲ 24 ਕਿਲੋਮੀਟਰ ਦੂਰ ਬਾਲਾਕੋਟ ਵਿੱਚ ਕੀਤਾ। ਤਿੰਨ ਮਿੰਟ ਬਾਅਦ 3:48 ਵਜੇ ਦੂਜਾ ਨਿਸ਼ਾਨਾ ਮੁਜ਼ੱਫਰਾਬਾਦ ਨੂੰ ਬਣਾਇਆ ਜਦੋਂਕਿ ਤੀਜਾ ਹਮਲਾ 3:58 ਵਜੇ ਚਕੋਟੀ ਵਿੱਚ ਕੀਤਾ ਗਿਆ। ਭਾਰਤੀ ਹਵਾਈ ਫੌਜਾ ਦਾ ਪੂਰਾ ਮਿਸ਼ਨ ਸਵੇਰੇ 3 ਵਜੇ ਦੇ ਕਰੀਬ ਸ਼ੁਰੂ ਹੋਇਆ ਸੀ। ਹਮਲੇ ਲਈ 1000 ਕਿਲੋ ਵਜ਼ਨੀ ਤੇ ਨਿਸ਼ਾਨਾ ਨਾ ਖੁੰਝਣ ਵਾਲੇ ਬੰਬ ਵਰਤੇ ਗਏ। ਸੂਤਰਾਂ ਮੁਤਾਬਕ ਮਿਰਾਜ ਜੈੱਟਾਂ ਨੇ ਬਾਲਾਕੋਟ, ਮੁਜ਼ੱਫਰਾਬਾਦ ਤੇ ਚਕੋਟੀ ਵਿੱਚ ਦਹਿਸ਼ਤੀ ਟਿਕਾਣਿਆਂ ਨੂੰ ਤਬਾਹ ਕੀਤਾ। ਸ੍ਰੀ ਗੋਖਲੇ ਨੇ ਇਕ ਬਿਆਨ ਪੜ੍ਹਦਿਆਂ ਕਿਹਾ ਕਿ ਬਾਲਾਕੋਟ, ਪਹਾੜ ਦੀ ਚੋਟੀ ’ਤੇ ਸੰਘਣੇ ਜੰਗਲਾਂ ਨਾਲ ਘਿਰਿਆ ਇਲਾਕਾ ਹੈ, ਜਿਸ ਦੇ ਨੇੜੇ ਤੇੜੇ ਕੋਈ ਸਿਵਲੀਅਨ ਨਹੀਂ ਰਹਿੰਦਾ। ਬਾਲਾਕੋਟ ਸਥਿਤ ਜੈਸ਼ ਦੇ ਕੈਂਪ ਦੀ ਅਗਵਾਈ ਜੈਸ਼ ਮੁਖੀ ਮਸੂਦ ਅਜ਼ਹਰ ਦੇ ਨੇੜਲੇ ਰਿਸ਼ਤੇਦਾਰ ਮੌਲਾਨਾ ਯੁਸੂਫ਼ ਅਜ਼ਹਰ ਉਰਫ਼ ਉਸਤਾਦ ਘੌਰੀ ਦੇ ਹੱਥ ਸੀ। ਉਂਜ ਬਿਆਨ ਵਿੱਚ ਇਸ ਗੱਲ ਦਾ ਕਿਤੇ ਜ਼ਿਕਰ ਨਹੀਂ ਸੀ ਕਿ ਯੁਸੂਫ਼ ਅਜ਼ਹਰ ਹਵਾਈ ਹਮਲਿਆਂ ਦੌਰਾਨ ਮਾਰਿਆ ਗਿਆ।

ਸੂੂਤਰਾਂ ਮੁਤਾਬਕ ਅੱਜ ਵੱਡੇ ਤੜਕੇ ਪੱਛਮੀ ਤੇ ਕੇਂਦਰੀ ਕਮਾਂਡ ਵਾਲੇ ਫੌਜੀ ਹਵਾਈ ਅੱਡਿਆਂ ਤੋਂ ਇਕੋ ਵੇਲੇ ਉੱਡੇ ਲੜਾਕੂ ਤੇ ਹੋਰਨਾਂ ਜਹਾਜ਼ਾਂ ਨੇ ਪਾਕਿਸਤਾਨ ਦੇ ਰੱਖਿਆ ਅਧਿਕਾਰੀਆਂ ਨੂੰ ਇਕ ਵਾਰ ਤਾਂ ਉਲਝਾਅ ਕੇ ਰੱਖ ਦਿੱਤਾ। ਇਨ੍ਹਾਂ ਵਿੱਚੋਂ 12 ਦੇ ਕਰੀਬ ਮਿਰਾਜ ਜੈੱਟਾਂ ਦਾ ਇਕ ਦਲ ਬਾਲਾਕੋਟ ਵੱਲ ਨੂੰ ਹੋ ਗਿਆ, ਜਿੱਥੇ ਉਨ੍ਹਾਂ ਸੁੱਤੇ ਪਏ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਇਸ ਪੂਰੇ ਅਪਰੇਸ਼ਨ ਨੂੰ 21 ਮਿੰਟ ਦਾ ਸਮਾਂ ਲੱਗਿਆ। ਅਪਰੇਸ਼ਨ ਵੱਡੇ ਤੜਕੇ 3:45 ਵਜੇ ਸ਼ੁਰੂ ਹੋਇਆ ਤੇ ਚਾਰ ਵੱਜ ਕੇ ਪੰਜ ਮਿੰਟ ’ਤੇ ਮੁਕੰਮਲ ਹੋ ਗਿਆ। ਸੂਤਰਾਂ ਨੇ ਇਸ ਖਬਰ ਏਜੰਸੀ ਨੂੰ ਦੱਸਿਆ ਕਿ ਹਮਲੇ ਮੌਕੇ ਜੈਸ਼ ਦੇ ਕੈਂਪਾਂ ਵਿੱਚ 325 ਦੇ ਕਰੀਬ ਦਹਿਸ਼ਤਗਰਦ ਤੇ 25 ਤੋਂ 27 ਸਿਖਲਾਈਯਾਫ਼ਤਾ ਫਿਦਾਈਨ ਮੌਜੂਦ ਸਨ। ਸੂਤਰਾਂ ਨੇ ਇਹ ਵੀ ਦੱਸਿਆ ਕਿ ਜੈਸ਼ ਦੇ ਇਨ੍ਹਾਂ ਕੈਂਪਾਂ ਵਿੱਚ ਦਹਿਸ਼ਤਗਰਦਾਂ ਨੂੰ ‘ਦੌਰਾ-ਏ-ਖਾਸ’ ਆਧੁਨਿਕ ਸਿਖਲਾਈ ਤਹਿਤ ਹਥਿਆਰਾਂ, ਧਮਾਕਾਖੇਜ਼ ਸਮੱਗਰੀ, ਸੁਰੱਖਿਆ ਬਲਾਂ ਦੇ ਕਾਫ਼ਲਿਆਂ ’ਤੇ ਹਮਲਾ, ਆਈਈਡੀ’ਜ਼ ਬਣਾਉਣ, ਫਿਦਾਈਨ ਹਮਲੇ ਲਈ ਵਾਹਨਾਂ ਨੂੰ ਤਿਆਰ ਕਰਨ ਆਦਿ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ। ਸੂਤਰਾਂ ਨੇ ਕਿਹਾ ਕਿ ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਜੈਸ਼ ਨੇ ਸੰਭਾਵੀ ਭਾਰਤੀ ਹਮਲੇ ਦੇ ਮੱਦੇਨਜ਼ਰ ਆਪਣੇ ਵੱਡੀ ਗਿਣਤੀ ਲੜਾਕਿਆਂ ਤੇ ਹੋਰ ਨਫ਼ਰੀ ਨੂੰ ਮਕਬੂਜ਼ਾ ਕਸ਼ਮੀਰ ਤੋਂ ਬਾਲਾਕੋਟ ਵਿਚਲੇ ਕੈਂਪਾਂ ਵਿੱਚ ਤਬਦੀਲ ਕਰ ਦਿੱਤਾ ਸੀ, ਜਿਸ ਕਰਕੇ ਅੱਜ ਕੀਤੇ ਹਵਾਈ ਹਮਲਿਆਂ ਵਿੱਚ ਜੈਸ਼ ਦੇ ਵੱਡੀ ਗਿਣਤੀ ਦਹਿਸ਼ਤਗਰਦ ਮਾਰੇ ਗਏ ਹਨ।